Breaking News
Home / ਪੰਜਾਬ / ਕਸ਼ਮੀਰੀ ਪੰਡਤ ਹੁਣ ਸੱਦੇ ਜਾਣਗੇ ਸ੍ਰੀ ਗੁਰੂ ਤੇਗ ਬਹਾਦਰ ਪੰਥੀ

ਕਸ਼ਮੀਰੀ ਪੰਡਤ ਹੁਣ ਸੱਦੇ ਜਾਣਗੇ ਸ੍ਰੀ ਗੁਰੂ ਤੇਗ ਬਹਾਦਰ ਪੰਥੀ

ਪ੍ਰੀਤੀ ਸਪਰੂ ਤੇ ਕਸ਼ਮੀਰੀ ਪੰਡਤਾਂ ਦੇ ਆਗੂਆਂ ਨੇ ਕੀਤਾ ਐਲਾਨ
ਚੰਡੀਗੜ੍ਹ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਹਿੰਦੋਸਤਾਨ ਦੇ ਧਰਮ ਨਿਰਪੱਖ ਢਾਂਚੇ ਨੂੰ ਬਚਾਉਣ ਲਈ ਦਿੱਤੀ ਗਈ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਕਸ਼ਮੀਰੀ ਪੰਡਤ ਹੁਣ ਆਪਣੇ ਆਪ ਨੂੰ ਗੁਰੂ ਤੇਗ ਬਹਾਦਰ ਪੰਥੀ ਕਹਿ ਕੇ ਸੰਬੋਧਨ ਕਰਨਗੇ। ਇਸ ਗੱਲ ਦਾ ਐਲਾਨ ਕਸ਼ਮੀਰੀ ਪੰਡਤਾਂ ਦੀ ਆਗੂ ਤੇ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਨਮਾਨ ਯਾਤਰਾ’ ਦੀ ਮੁਖੀ ਪ੍ਰੀਤੀ ਸਪਰੂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਮੌਜੂਦਗੀ ਵਿਚ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਸ਼ਮੀਰੀ ਪੰਡਤਾਂ ਦੇ ਆਗੂਆਂ ਨੇ ਦਿੱਲੀ ਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ 6 ਜਨਵਰੀ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਸ਼ੁਰੂ ਹੋ ਕੇ 7 ਜਨਵਰੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਪੁੱਜਣ ਵਾਲੀ ਯਾਤਰਾ ਦੇ ਮਨੋਰਥ ਤੇ ਰੂਟ ਦੀ ਜਾਣਕਾਰੀ ਦਿੱਤੀ।
ਜੀਕੇ ਨੇ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖਤਾ ਦੀ ਰੱਖਿਆ ਲਈ ਸ਼ਹਾਦਤ ਦੇ ਕੇ ਹਿੰਦੁਸਤਾਨ ਵਿਚ ਧਰਮਾਂ ਦੀ ਹੋਂਦ ਨੂੰ ਬਚਾਇਆ ਸੀ। ਜੋ ਇਹ ਜ਼ੁਲਮ ਮੁਗਲਾਂ ਦੇ ਬਦਲੇ ਕਿਸੇ ਹੋਰ ਨੇ ਵੀ ਕੀਤਾ ਹੁੰਦਾ ਤਾਂ ਵੀ ਗੁਰੂ ਸਾਹਿਬ ਨੇ ਸ਼ਹਾਦਤ ਦੇਣ ਤੋਂ ਪਿੱਛੇ ਨਹੀਂ ਸੀ ਹਟਣਾ। 342 ਸਾਲ ਬਾਅਦ ਵੀ ਕਸ਼ਮੀਰੀ ਪੰਡਤਾਂ ਵਲੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਉਠਾਏ ਜਾ ਰਹੇ ਕਦਮਾਂ ਦੀ ਪ੍ਰਸੰਸਾ ਕਰਦਿਆਂ ਜੀ.ਕੇ. ਨੇ ਇਸ ਮਸਲੇ ‘ਤੇ ਕਮੇਟੀ ਵਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਪ੍ਰੀਤੀ ਸਪਰੂ ਦੇ ਨਾਲ ਹੀ ਕਰਨਲ ਤੇਜ ਟਿੱਕੂ ਤੇ ਜਨਰਲ ਐਚ ਕੇ ਰਾਜਦਾਨ ਨੇ ਕਿਹਾ ਕਿ 1675 ਵਿਚ ਜਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਨੂੰ ਧਾਰਮਿਕ ਅਸਹਿਣਸ਼ੀਲਤਾ ਦਾ ਸਾਹਮਣਾ ਔਰੰਗਜ਼ੇਬ ਦੇ ਰਾਜ ਵਿਚ ਕਰਨਾ ਪੈ ਰਿਹਾ ਸੀ, ਅੱਜ ਵੀ ਹਾਲਾਤ ਉਸੇ ਤਰ੍ਹਾਂ ਦੇ ਹਨ। ਇਸ ਲਈ 342 ਸਾਲ ਬਾਅਦ ਮੁੜ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਆਪਣੀ ਘਰ ਵਾਪਸੀ ਦੀ ਅਰਦਾਸ ਕਰਨ ਲਈ ਅਸੀਂ ਲੋਕ ਜਾ ਰਹੇ ਹਾਂ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …