Breaking News
Home / ਖੇਡਾਂ / ਧੋਨੀ ਤੇ ਰੈਨਾ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ

ਧੋਨੀ ਤੇ ਰੈਨਾ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ

ਇੰਸਟਾਗ੍ਰਾਮ ਪੋਸਟ ‘ਤੇ ਵੀਡੀਓ ਸੁਨੇਹੇ ਰਾਹੀਂ ਕੀਤਾ ਐਲਾਨ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਜ਼ਾਦੀ ਦਿਹਾੜੇ ਮੌਕੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਸ ਤੋਂ ਤੁਰੰਤ ਬਾਅਦ ਕ੍ਰਿਕਟ ਖਿਡਾਰੀ ਸੁਰੇਸ਼ ਰੈਨਾ ਨੇ ਵੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਧੋਨੀ ਨੇ ਇਕ ਵੀਡੀਓ ਸੁਨੇਹੇ ਵਿੱਚ ਆਪਣੇ ਕਰੀਅਰ ਦੇ ਵੱਖ-ਵੱਖ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਹੇਠਾਂ ਕੈਪਸ਼ਨ ਲਿਖੀ, ‘ਤੁਹਾਡੇ ਵੱਲੋਂ ਦਿੱਤੇ ਪਿਆਰ ਤੇ ਹਮਾਇਤ ਲਈ ਬਹੁਤ ਬਹੁਤ ਧੰਨਵਾਦ। ਸ਼ਨੀਵਾਰ 19:29 ਵਜੇ ਤੋਂ ਮੈਨੂੰ ਸੇਵਾ ਮੁਕਤ ਹੋਇਆ ਸਮਝ ਲੈਣਾ।’ ਦੋ ਵਾਰ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਕਪਤਾਨ ਰਹੇ ਧੋਨੀ ਨੇ ਹਾਲਾਂਕਿ ਇਸ ਗੱਲ ਦੀ ਬਹੁਤੀ ਤਫ਼ਸੀਲ ਨਹੀਂ ਦਿੱਤੀ ਕਿ ਉਹ ਕ੍ਰਿਕਟ ਨੂੰ ਪੂਰੀ ਤਰ੍ਹਾਂ ਅਲਵਿਦਾ ਆਖ ਰਿਹਾ ਹੈ ਜਾਂ ਫ਼ਿਰ ਸਿਰਫ਼ ਕੌਮਾਂਤਰੀ ਕ੍ਰਿਕਟ ਛੱਡ ਰਿਹੈ। ਧੋਨੀ ਇਸ ਵੇਲੇ ਚੇਨੱਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਚੇਨੱਈ ਸੁਪਰ ਕਿੰਗਜ਼ ਦੇ ਸਿਖਲਾਈ ਕੈਂਪ ਦਾ ਹਿੱਸਾ ਹੈ। ਉਮੀਦ ਹੈ ਕਿ ਉਹ 19 ਸਤੰਬਰ ਤੋਂ ਯੂਏਈ ਵਿੱਚ ਆਈਪੀਐੱਲ ਦੇ ਹੋਣ ਵਾਲੇ ਮੁਕਾਬਲਿਆਂ ਵਿਚ ਉਹ ਟੀਮ ਦੀ ਕਮਾਨ ਸੰਭਾਲੇਗਾ। ਧੋਨੀ ਨੇ ਆਖਰੀ ਇਕ ਰੋਜ਼ਾ ਮੁਕਾਬਲਾ ਸਾਲ 2019 ਦੇ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਸੀ। ਧੋਨੀ ਦੀ ਅਗਵਾਈ ਵਿੱਚ ਭਾਰਤੀ ਕ੍ਰਿਕਟ ਟੀਮ ਨੇ 2007 ਟੀ20 ਵਿਸ਼ਵ ਕੱਪ, 2011 ਵਿਸ਼ਵ ਕੱਪ ਤੇ 2013 ਚੈਂਪੀਅਨਜ਼ ਟਰਾਫ਼ੀ ਜਿਹੇ ਅਹਿਮ ਖਿਤਾਬ ਜਿੱਤੇ ਹਨ। ઠਧੋਨੀ ਨੇ 30 ਦਸੰਬਰ 2014 ਨੂੰ ਟੈਸਟ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ ਸੀ। ਇਸ ਦੌਰਾਨ ਕੌਮਾਂਤਰੀ ਕ੍ਰਿਕਟ ਕੌਂਸਲ ਨੇ ਸ਼ਾਨਦਾਰ ਕੌਮਾਂਤਰੀ ਕਰੀਅਰ ਲਈ ਸਾਬਕਾ ਭਾਰਤੀ ਕਪਤਾਨ ਨੂੰ ਵਧਾਈ ਦਿੱਤੀ ਹੈ। ઠਉਧਰ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਬੀਸੀਸੀਆਈ ਨੂੰ ਬੇਨਤੀ ਕੀਤੀ ਹੈ ਕਿ ਧੋਨੀ ਲਈ ਰਾਂਚੀ ਵਿੱਚ ਵਿਦਾਇਗੀ ਮੈਚ ਦਾ ਪ੍ਰਬੰਧ ਕੀਤਾ ਜਾਵੇ। ਇਸੇ ਦੌਰਾਨ ਧੋਨੀ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦੇ ਐਲਾਨ ਤੋਂ ਫੌਰੀ ਮਗਰੋਂ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਵੀ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ। ਰੈਨਾ ਨੇ ਇਕ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, ‘ਮਾਹੀ ਨਾਲ ਖੇਡਣਾ ਕਾਫ਼ੀ ਚੰਗਾ ਸੀ। ਹੁਣ ਜਦੋਂ ਮੇਰਾ ਦਿਲ ਗੌਰਵ ਨਾਲ ਭਰਿਐ, ਮੈਂ ਇਸ ਸਫ਼ਰ ਵਿੱਚ ਤੇਰੇ ਨਾਲ ਜੁੜਨ ਦੀ ਚੋਣ ਕੀਤੀ ਹੈ। ਧੰਨਵਾਦ ਭਾਰਤ। ਜੈ ਹਿੰਦ।’
ਧੋਨੀ ਹਮੇਸ਼ਾ ਮੇਰਾ ਕਪਤਾਨ ਰਹੇਗਾ : ਕੋਹਲੀ
ਨਵੀਂ ਦਿੱਲੀ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਧੋਨੀ ਵੱਲੋਂ ਕੀਤੇ ਐਲਾਨ ਦੇ ਪ੍ਰਤੀਕਰਮ ਵਿੱਚ ਕਿਹਾ, ‘ਤੁਸੀਂ ਹਮੇਸ਼ਾ ਮੇਰੇ ਕਪਤਾਨ ਰਹੋਗੇ।’ ਕੋਹਲੀ ਨੇ ਬੀਸੀਸੀਆਈ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਕ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਧੋਨੀ ਦੀ ਰਿਟਾਇਰਮੈਂਟ ਉਹਦੀ ਜ਼ਿੰਦਗੀ ਦਾ ਅਜਿਹਾ ਨਿਵੇਕਲਾ ਪਲ ਹੈ, ਜਦੋਂ ਉਸ ਕੋਲ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨ ਲਈ ਸ਼ਬਦ ਨਹੀਂ ਹਨ।
ਧੋਨੀ ਨਾਲ ਮਿਲ ਕੇ 2011 ਵਿਸ਼ਵ ਕੱਪ ਜਿੱਤਣਾ ਜ਼ਿੰਦਗੀ ਦਾ ਅਹਿਮ ਪਲ : ਸਚਿਨ
ਕੋਲਕਾਤਾ: ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨੇ ਧੋਨੀ ਨੂੰ ਕ੍ਰਿਕਟ ਤੋਂ ਰਿਟਾਇਰਮੈਂਟ ਲਈ ਵਧਾਈ ਦਿੰਦਿਆਂ ਲਿਖਿਆ, ‘ਤੁਹਾਡਾ ਭਾਰਤੀ ਕ੍ਰਿਕਟ ਲਈ ਯੋਗਦਾਨ ਅਸੀਮ ਹੈ। 2011 ਦੇ ਵਿਸ਼ਵ ਕੱਪ ਮਿਲ ਕੇ ਜਿੱਤਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਬਿਹਤਰੀਨ ਪਲ ਹੈ। ਇਸ ਦੂਜੀ ਪਾਰੀ ਲਈ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ।’ ਇਸ ਦੌਰਾਨ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਧੋਨੀ ਦੇ ਐਲਾਨ ਨੂੰ ਇਕ ਯੁੱਗ ਦਾ ਅੰਤ ਦੱਸਿਆ ਹੈ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …