Breaking News
Home / ਪੰਜਾਬ / ਪੰਜਾਬੀ ਦੇ ਉੱਘੇ ਸਾਹਿਤਕਾਰ ਡਾ. ਕਰਨਜੀਤ ਸਿੰਘ ਦਾ ਦੇਹਾਂਤ

ਪੰਜਾਬੀ ਦੇ ਉੱਘੇ ਸਾਹਿਤਕਾਰ ਡਾ. ਕਰਨਜੀਤ ਸਿੰਘ ਦਾ ਦੇਹਾਂਤ

ਲੇਖਕਾਂ ਤੇ ਬੁੱਧੀਜੀਵੀਆਂ ਨੇ ਦੁੱਖ ਪ੍ਰਗਟਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬੀ ਦੇ ਉੱਘੇ ਸਾਹਿਤਕਾਰ, ਕਵੀ ਤੇ ਅਨੁਵਾਦਕ ਡਾ. ਕਰਨਜੀਤ ਸਿੰਘ ਦਾ ਦਿੱਲੀ ਦੇ ਵਸੰਤ ਕੁੰਜ ਵਿਚਲੇ ਘਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਜਨਮ 12 ਅਪਰੈਲ, 1930 ਨੂੰ ਪੱਟੀ, ਜ਼ਿਲ੍ਹਾ ਤਰਨ ਤਾਰਨ ਵਿੱਚ ਹੋਇਆ ਸੀ।
ਉਨ੍ਹਾਂ ਦੀ ਮੌਤ ‘ਤੇ ਡਾ. ਰੇਣੂਕਾ ਸਿੰਘ, ਬਲਬੀਰ ਮਾਧੋਪੁਰੀ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਡਾ. ਰਵੇਲ ਸਿੰਘ, ਡਾ. ਸਵਰਾਜਬੀਰ ਸਿੰਘ, ਅੰਮੀਆ ਕੰਵਰ, ਡਾ. ਕੁਲਦੀਪ ਕੌਰ ਪਾਹਵਾ, ਡਾ. ਕਮਲਜੀਤ ਸਿੰਘ, ਡਾ. ਮਨਜੀਤ ਸਿੰਘ ਤੇ ਹੋਰ ਲੇਖਕਾਂ, ਬੁੱਧੀਜੀਵੀਆਂ ਨੇ ਦੁੱਖ ਪ੍ਰਗਟ ਕੀਤਾ ਹੈ। ਡਾ. ਕਰਨਜੀਤ ਸਿੰਘ ਦਾ ਸਸਕਾਰ ਪਰਿਵਾਰਕ ਮੈਂਬਰਾਂ ਤੇ ਨੇੜਲਿਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ।
ਡਾ. ਕਰਨਜੀਤ ਸਿੰਘ ਨੇ ਸਾਰਾ ਜੀਵਨ ਪੰਜਾਬੀ ਸਾਹਿਤ ਦੀ ਸੇਵਾ ਦੇ ਲੇਖੇ ਲਾਇਆ। ਉਹ 1957 ਤੋਂ ਲੈ ਕੇ 1961 ਤੱਕ ਲੋਕ ਲਿਖਾਰੀ ਸਭਾ ਅੰਮ੍ਰਿਤਸਰ ਦੇ ਜਨਰਲ ਸਕੱਤਰ ਰਹੇ ਅਤੇ ਬਾਅਦ ਵਿਚ ਪੰਜਾਬੀ ਲੇਖਕ ਸਭਾ ਦਿੱਲੀ ਦੇ ਸੰਸਥਾਪਕਾਂ ਵਿੱਚ ਵੀ ਸ਼ੁਮਾਰ ਰਹੇ। ਉਹ ਲੰਮਾ ਸਮਾਂ ਪੰਜਾਬੀ ਭਵਨ ਦਿੱਲੀ ਦੇ ਡਾਇਰੈਕਟਰ ਤੇ ਕਈ ਸਾਲ ਸਮਕਾਲੀ ਸਾਹਿਤ ਦੇ ਸੰਪਾਦਕ ਰਹੇ।
ਪੰਜਾਬੀ ਅਦਬ ਦੀ ਝੋਲੀ ਵਿੱਚ ਉਨ੍ਹਾਂ ਨੇ ਪਹਿਲਾਂ ਦੋ ਕਾਵਿ ਸੰਗ੍ਰਹਿ ‘ਰਿਸ਼ਤੇ’ ਅਤੇ ‘ਫੁੱਲ ਵੀ ਅੰਗਿਆਰ’ ਪਾਏ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਸਾਹਿਤਕ ਹਸਤੀਆਂ ਨਾਲ ਮੁਲਾਕਾਤਾਂ ਦੀਆਂ ਦੋ ਕਿਤਾਬਾਂ ‘ਕਲਮ ਦੀ ਅੱਖ’ ਅਤੇ ‘ਜਿਨ੍ਹਾ ਪਛਾਤਾ ਸੱਚ’ ਬਹੁਤ ਮਕਬੂਲ ਹੋਈਆਂ।
ਆਖਰੀ ਸਾਲਾਂ ਵਿੱਚ ਉਨ੍ਹਾਂ ਨੇ ਆਪਣੀ ਜੀਵਨ ਕਹਾਣੀ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਲਿਖਿਆ ਜਿਨ੍ਹਾਂ ਦੇ ਨਾਂ ‘ਮੈਂ ਭੋਲਾਵਾ ਪਗ ਦਾ’,’ ‘ਹਾਸ਼ੀਏ ਦੀ ਇਬਾਰਤ’ ‘ਅਤੇ ‘ਏਨੀ ਮੇਰੀ ਬਾਤ’ ਹਨ। ਇਸ ਸਮੇਂ ਉਨ੍ਹਾਂ ਦੀ ਸਾਹਿਤਕ ਸਵੈ-ਜੀਵਨੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪ੍ਰਕਾਸ਼ਨ ਅਧੀਨ ਹੈ।

Check Also

ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ’ਚ ਮੁੜ ਇਕੱਠੇ ਨਜ਼ਰ ਆਉਣਗੇ ਨਵਜੋਤ ਸਿੱਧੂ ਤੇ ਕਪਿਲ ਸ਼ਰਮਾ

ਨਵੇਂ ਸੀਜ਼ਨ ਦਾ ਪਹਿਲਾ ਸ਼ੋਅ 21 ਜੂਨ ਤੋਂ ਹੋ ਰਿਹਾ ਹੈ ਸ਼ੁਰੂ ਅੰਮਿ੍ਰਤਸਰ/ਬਿਊਰੋ ਨਿਊਜ਼ : …