Breaking News
Home / ਪੰਜਾਬ / ਅੰਮ੍ਰਿਤਸਰ ‘ਚ ਦੇਸ਼ ਦੀ ਵੰਡ ਤੋਂ ਬਾਅਦ ਕਦੇ ਨਹੀਂ ਦੇਖਿਆ ਅਜਿਹਾ ਮੰਜ਼ਰ

ਅੰਮ੍ਰਿਤਸਰ ‘ਚ ਦੇਸ਼ ਦੀ ਵੰਡ ਤੋਂ ਬਾਅਦ ਕਦੇ ਨਹੀਂ ਦੇਖਿਆ ਅਜਿਹਾ ਮੰਜ਼ਰ

ਅੰਮ੍ਰਿਤਸਰ : ਹਰ ਪਾਸੇ ਚੀਕਾਂ, ਖੂਨ ਨਾਲ ਲਿੱਬੜਿਆ ਰੇਲਵੇ ਟਰੈਕ ਅਤੇ ਇਧਰ-ਓਧਰ ਖਿੱਲਰੇ ਪਏ ਲੋਕਾਂ ਦੇ ਅੰਗ। ਲਾਸ਼ਾਂ ਦੇ ਦਰਮਿਆਨ ਆਪਣਿਆਂ ਨੂੰ ਲੱਭਣ ਵਾਲਾ ਮੰਜਰ ਜਿਸ ਨੇ ਵੀ ਵੇਖਿਆ ਉਸਦਾ ਚਿਹਰਾ ਖੌਫ ਨਾਲ ਭੈਅ ਭੀਤ ਸੀ ਅਤੇ ਦਿਲ ਅੰਦਰੋਂ ਭੁੱਬਾਂ ਮਾਰ ਰਿਹਾ ਸੀ ਅਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ ਹੋਵੇ। ਇਹ ਭਿਆਨਕ ਤਸਵੀਰ ਸੀ ਸ਼ੁੱਕਰਵਾਰ ਵਾਲੇ ਦਿਨ ਦੁਸਹਿਰੇ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਦੀ। ਹਾਦਸੇ ਤੋਂ ਬਾਅਦ ਜੋ ਵੀ ਕੋਈ ਹਾਦਸੇ ਵਾਲੀ ਥਾਂ ‘ਤੇ ਪਹੁੰਚਿਆ ਉਸ ਦੇ ਚਿਹਰੇ ਦੇ ਰੰਗ ਉਡੇ ਹੋਏ ਸਨ ਅਤੇ ਇਕ ਸਖ਼ਸ਼ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਅਜਿਹਾ ਮੰਜਰ ਤਾਂ ਭਾਰਤ-ਪਾਕਿ ਵੰਡ ਸਮੇਂ ਵੀ ਨਹੀਂ ਦੇਖਿਆ। ਜਿਸ ਪਾਸੇ ਵੀ ਨਜ਼ਰ ਜਾਂਦੇ ਸੀ ਟਰੇਨ ਨਾਲ ਕੱਟੇ ਗਏ ਵਿਅਕਤੀਆਂ ਦੇ ਕੱਟੇ ਹੋਏ ਅੰਗ ਹੀ ਨਜ਼ਰ ਆਉਂਦੇ ਸਨ। ਇਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਰੇਲਵੇ ਵਿਭਾਗ ਤੋਂ ਮੰਗ ਕਰ ਚੁੱਕੇ ਹਾਂ ਕਿ ਦੁਸਹਿਰੇ ਮੌਕੇ ਜੌੜੇ ਫਾਟਕ ‘ਤੇ ਕਾਫ਼ੀ ਗਿਣਤੀ ‘ਚ ਲੋਕ ਇਕੱਠੇ ਹੋ ਜਾਂਦੇ ਹਨ, ਇਸ ਲਈ ਕੁਝ ਦਿਨਾਂ ਦੇ ਲਈ ਇਥੇ ਟਰੇਨਾਂ ਦੀ ਸਪੀਡ ਘੱਟ ਕਰ ਦਿੱਤੀ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰ ਜਾਵੇ ਪ੍ਰੰਤੂ ਪ੍ਰਸ਼ਾਸਨ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ ਅਤੇ ਇਹ ਵੱਡਾ ਹਾਦਸਾ ਵਾਪਰ ਗਿਆ।
ਹਾਦਸੇ ਤੋਂ ਬਾਅਦ ਡਾ. ਨਵਜੋਤ ਕੌਰ ਸਿੱਧੂ ਭੱਜੀ, ਲੋਕਾਂ ਨੇ ਕੀਤੀ ਨਾਅਰੇਬਾਜ਼ੀ
ਘਟਨਾ ਵਾਲੀ ਥਾਂ ਜੌੜਾ ਫਾਟਕ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਧਾਨ ਸਭਾ ਖੇਤਰ ‘ਚ ਪੈਂਦਾ ਹੈ। ਜੌੜਾ ਫਾਟਕ ਦੇ ਕੋਲ ਕੌਂਸਲਰ ਵਿਜੇ ਮਦਾਨ ਵੱਲੋਂ ਇਹ ਦੁਸਹਿਰਾ ਮਨਾਇਆ ਜਾ ਰਿਹਾ ਸੀ। ਇਸ ‘ਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਸੰਸਦੀ ਸਕੱਤਰ ਡਾ. ਨਵਜੋਤ ਸਿੰਘ ਸਿੱਧੂ ਸੀ। ਉਨ੍ਹਾਂ ਦੇ ਆਉਣ ਦਾ ਸਮਾਂ ਸ਼ਾਮੀਂ 4 ਵਜੇ ਦਾ ਸੀ ਪ੍ਰੰਤੂ ਉਹ 6:45 ਵਜੇ ਪਹੁੰਚੀ, 7:10 ਵਜੇ ਉਨ੍ਹਾਂ ਨੇ ਰਿਬਨ ਕੱਟਿਆ ਅਤੇ ਇਸ ਤੋਂ ਬਾਅਦ ਰਾਵਣ ਨੂੰ ਸਾੜਿਆ ਗਿਆ। 7:15 ਵਜੇ ਇਹ ਹਾਦਸਾ ਵਾਪਰ ਗਿਆ। ਹਾਦਸੇ ਦੇ ਦੌਰਾਨ ਹੀ ਨਵਜੋਤ ਕੌਰ ਸਿੱਧੂ ਉਥੋਂ ਚਲੇ ਗਏ, ਇਸ ਤੋਂ ਗੁੱਸੇ ਹੋਏ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ, ਹਾਲਾਂਕਿ ਡਾ. ਸਿੱਧੂਨੇ ਕਿਹਾ ਕਿ ਉਨ੍ਹਾਂ ਨੂੰ ਘਰ ਪਹੁੰਚਣ ‘ਤੇ ਹੀ ਹਾਦਸੇ ਦੀ ਸੂਚਨਾ ਮਿਲੀ।
ਹਸਪਤਾਲ ‘ਚ ਮਚਿਆ ਚੀਕ-ਚਿਹਾੜਾ
ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਅਤੇ ਗੁਰੂ ਨਾਨਕ ਦੇਵ ਹਸਪਤਾਲ ‘ਚ ਪਹੁੰਚਾਇਆ ਗਿਆ। ਇਥੇ ਵੀ ਚਾਰੇ ਪਾਸੇ ਭੈਅ ਦਾ ਮਾਹੌਲ ਸੀ। ਜ਼ਖਮੀਆਂ ਅਤੇ ਮਰਨ ਵਾਲਿਆਂ ਦੀ ਗਿਣਤੀ ਨੂੰ ਦੇਖਦੇ ਹੋਏ ਹਸਪਤਾਲ ‘ਚ ਬੈਡ ਘਟ ਗਏ। ਹਸਪਤਾਲ ਪਹੁੰਚੇ ਲੋਕ ਵੀ ਆਪਣਿਆਂ ਦੀ ਪਹਿਚਾਣ ਕਰਦੇ ਰਹੇ। 16 ਸਾਲ ਦਾ ਸਚਿਨ ਵੀ ਇਸ ਹਾਦਸੇ ਦਾ ਸ਼ਿਕਾਰ ਬਣਿਆ, ਉਸ ਦੇ ਪਿਤਾ ਨਵਜੀਤ ਸਿੰਘ ਆਪਣੇ ਇਕਲੌਤੇ ਪੁੱਤਰ ਨੂੰ ਮੋਬਾਇਲ ਦੀ ਰੋਸ਼ਨੀ ਰਾਹੀਂ ਲੱਭ ਰਿਹਾ ਸੀ ਅਤੇ ਕਿਸੇ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਲਾਸ਼ ਹਸਪਤਾਲ ‘ਚ ਹੈ।
ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਕੀਤਾ ਦੁੱਖ ਪ੍ਰਗਟ
ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਪਰੇ ਭਿਆਨਕ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਘਟਨਾ ਬਹੁਤ ਹੀ ਦੁਖਦਾਇਕ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਦੇ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਜ਼ਖਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਵੀ ਕੀਤੀ।
ਨਮ ਅੱਖਾਂ ਨਾਲ ਪੁਲਿਸ ਮੁਲਾਜ਼ਮ ਉਠਾ ਰਹੇ ਸਨ ਲਾਸ਼ਾਂ ਨੂੰ
ਭਿਆਨਕ ਮੰਜਰ ਦੇਖ ਕੇ ਹਰ ਇਕ ਦੇ ਮੂੰਹ ‘ਚੋਂ ਆਹ ਨਿਕਲ ਰਹੀ ਸੀ ਪ੍ਰੰਤੂ ਡਿਊਟੀ ਵੀ ਜ਼ਰੂਰੀ ਸੀ। ਮੌਕੇ ‘ਤੇ ਰੈਸਕਿਊ ਅਪ੍ਰੇਸ਼ਨ ਦੇ ਲਈ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਪਹੁੰਚੀ, ਲੋਕਾਂ ਨੇ ਘਰਾਂ ‘ਚੋਂ ਚਾਦਰਾਂ ਅਤੇ ਕੰਬਲ ਲਾਸ਼ਾਂ ਢਕਣ ਲਈ ਅਤੇ ਚੁੱਕਣ ਦੇ ਲਈ ਦਿੱਤੇ। ਲੋਕ ਚੀਕ ਰਹੇ ਸਨ ਅਤੇ ਲੋਕਾਂ ਦੇ ਟੁਕੜਿਆਂ ਨੂੰ ਇਕੱਠੇ ਕਰਦੇ ਸਮੇਂ ਪੰਜਾਬ ਪੁਲਿਸ ਦੇ ਜਵਾਨਾਂ ਦੇ ਮੂੰਹੋਂ ਆਹ ਨਿਕਲ ਰਹੀ ਸੀ।
66 ਮੌਤਾਂ ਦਾ ਆਰੋਪੀ ਇਕ ਅਣਪਛਾਤਾ
ਦਰਦਨਾਕ ਘਟਨਾ ਤੋਂ ਬਾਅਦ ਵੀ ਕੋਈ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ
ਅੰਮ੍ਰਿਤਸਰ : ਹੁਣ ਤੱਕ 66 ਵਿਅਕਤੀਆਂ ਦੀਆਂ ਲਾਸ਼ਾਂ ਗਿਣਾਈਆਂ ਜਾ ਚੁੱਕੀਆਂ ਹਨ ਅਤੇ 57 ਵਿਅਕਤੀ ਗੰਭੀਰ ਹਾਲਤ ਦੇ ਚਲਦਿਆਂ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਪ੍ਰੰਤੂ ਅਜੇ ਤੱਕ ਇਸ ਵਾਪਰੇ ਭਿਆਨਕ ਹਾਦਸੇ ਦੀ ਜ਼ਿੰਮੇਵਾਰੀ ਲੈਣ ਲਈ ਕੋਈ ਵੀ ਤਿਆਰ ਨਹੀਂ। ਦੁੱਖ ਵਾਲੀ ਗੱਲ ਇਹ ਹੈ ਕਿ ਖਾਨਾਪੂਰਤੀ ਕਰਦੇ ਹੋਏ ਜੀਆਰਪੀ ਥਾਣੇ ‘ਚ ਇਕ ਅਣਪਛਾਤੇ ਵਿਅਕਤੀ ਦੇ ਖਿਲਾਫ਼ ਕੇਸ ਦਰਜ ਕਰਕੇ ਗੈਰਇਰਾਦਾ ਹੱਤਿਆ ਅਤੇ ਹਾਦਸੇ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਆਰੋਪੀ ਪ੍ਰਬੰਧਕਾਂ ਤੋਂ ਪੁੱਛਗਿੱਛ ਤੱਕ ਨਹੀਂ ਕੀਤੀ ਗਈ। ਸ਼ਨੀਵਾਰ ਨੂੰ 17 ਘੰਟੇ ਬਾਅਦ ਘਟਨਾ ਸਥਾਨ ‘ਤੇ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਅਤੇ 28 ਦਿਨਾਂ ‘ਚ ਰਿਪੋਰਟ ਮੰਗੀ ਹੈ। ਤਿੰਨ ਕੈਬਨਿਟ ਮੰਤਰੀਆਂ ਦੀ ਕਮੇਟੀ ਜਾਂਚ ਇਸ ਪੂਰੀ ਘਟਨਾ ਦੀ ਜਾਂਚ ਕਰੇਗੀ। ਜ਼ਿੰਮੇਵਾਰੀ ਕਿਸ ਦੀ, ਇਸ ਸਵਾਲ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ‘ਤੇ ਆਰੋਪ ਲਗਾਉਣ ਦਾ ਇਹ ਸਹੀ ਸਮਾਂ ਨਹੀਂ ਹੈ। ਕੇਂਦਰ ਸਰਕਾਰ ਅਤੇ ਰੇਲਵੇ ਵੀ ਜਾਂਚ ਕਰ ਰਹੇ ਹਨ। ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਕਿਹਾ ਕਿ ਰੇਲਵੇ ਨੂੰ ਪ੍ਰੋਗਰਾਮ ਦੀ ਸੂਚਨਾ ਨਹੀਂ ਦਿੱਤੀ ਗਈ ਸੀ। ਇਸ ਲਈ ਜਾਂਚ ਨਹੀਂ ਹੋਵੇਗੀ। ਨਿਗਮ ਕਮਿਸ਼ਨਰ ਸੋਨਾਲੀ ਗਿਰੀ ਨੇ ਦਾਅਵਾ ਕੀਤਾ ਕਿ ਪ੍ਰੋਗਰਾਮ ਦੇ ਲਈ ਮਨਜ਼ੂਰੀ ਦੇਣਾ ਤਾਂ ਦੂਰ ਦੀ ਗੱਲ ਕਿਸੇ ਨੇ ਬੇਨਤੀ ਹੀ ਨਹੀਂ ਕੀਤੀ। ਵਿਧਾਇਕ ਨਵਜੋਤ ਸਿੰਘ ਨੇ ਇਸ ਨੂੰ ਕੁਦਰਤੀ ਆਫਤ ਦੱਸਿਆ। ਉਥੇ ਇਸ ਹਾਦਸੇ ‘ਚ ਮਰਨ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਆਪਣਿਆਂ ਦੇ ਧੜ ਲੱਭਣ ਦੇ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਕੋਈ ਹੱਥ ਲੱਭ ਰਿਹਾ ਤੇ ਕੋਈ ਆਪਣੇ ਜਿਗਰ ਦੇ ਟੁਕੜੇ ਦਾ ਸਿਰ ਲਈਂ ਧੜ ਦੀ ਦੀ ਭਾਲ ਕਰ ਰਿਹਾ ਹੈ।
ਇਕ ਦਿਨ ‘ਚ ਜਲੀਆਂ 34 ਚਿਤਾਵਾਂ
ਸ੍ਰੀ ਦੁਰਗਿਆਣਾ ਤੀਰਥ ‘ਚ 31 ਵਿਅਕਤੀਆਂ ਦਾ ਅੰਤਿਮ ਸਸਕਾਰ ਕੀਤਾ ਗਿਆ। ਸ਼ਹੀਦਾਂ ਸਾਹਿਬ ਸਮਸ਼ਾਨਘਾਟ ‘ਚ 3 ਚਿਤਾਵਾਂ ਜਲੀਆਂ। ਲੋਕਾਂ ਨੂੰ ਅੰਤਿਮ ਸਸਕਾਰ ਦੇ ਲਈ ਕੁਝ ਦੇਰ ਇੰਤਜ਼ਾਰ ਵੀ ਕਰਨਾ ਪਿਆ। ਆਸਪਾਸ ਦੇ ਪਿੰਡਾਂ ‘ਚ ਵੀ ਕਈ ਵਿਅਕਤੀਆਂ ਦਾ ਸਸਕਾਰ ਕੀਤਾ ਗਿਆ। ਗੁਰੂ ਨਾਨਕ ਦੇਵ ਹਸਪਤਾਲ ਅਤੇ ਸਿਵਲ ਹਸਪਤਾਲ ਵੱਲੋਂ ਸ਼ਨੀਵਾਰ ਨੂੰ 59 ਮ੍ਰਿਤਕਾਂ ਦੀ ਸੂਚੀ ਜਾਰੀ ਕੀਤੀ ਗਈ। ਮਰਨ ਵਾਲਿਆਂ ‘ਚ 11 ਮਹਿਲਾਵਾਂ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਬਿਨਾ ਪੋਸਟ ਮਾਰਟ ਤੋਂ ਹੀ ਲਾਸ਼ਾਂ ਘਰ ਲੈ ਗਏ।
ਇਸ ਤਰ੍ਹਾਂ ਲੱਗਿਆ ਜਿਸ ਤਰ੍ਹਾਂ ਹਨ੍ਹੇਰੀ ਆ ਗਈ ਹੋਵੇ, 15 ਮਿੰਟ ਬਾਅਦ ਹੋਸ਼ ਆਇਆ ਤਾਂ ਪਟੜੀ ਤੋਂ ਬਾਹਰ ਪਏ ਸੀ ਅਸੀਂ
ਮੌਤ ਨੂੰ ਅੱਖੀਂ ਦੇਖਣ ਵਾਲੇ ਖੰਨਾ ਸਕਸੈਨਾ ਨੇ ਦੱਸਿਆ ਕਿ 35 ਮਿੰਟ ਤੱਕ ਚੀਕਾਂ ਸੁਣਾਈਆਂ ਦਿੰਦੀਆਂ ਰਹੀਆਂ
ਰਾਵਣ ਸਾੜਨ ਦਾ ਪ੍ਰੋਗਰਾਮ ਹੋਣ ਜਾ ਰਿਹਾ ਸੀ, ਜੌੜਾ ਫਾਟਕ ਦੀਆਂ ਪਟੜੀਆਂ ‘ਤੇ ਕਾਫ਼ੀ ਭੀੜ ਜਮ੍ਹਾਂ ਸੀ ਕਿ ਅਚਾਨਕ ਬਿਜਲੀ ਬੰਦ ਹੋ ਗਈ। ਇਥੋਂ ਹੀ ਸ਼ੁਰੂ ਹੋਇਆ ਮੌਤ ਦਾ ਤਾਂਡਵ। ਅੱਖਾਂ ਨਾਲ ਮੌਤ ਦਾ ਲਾਈਵ ਦੇਖਣ ਵਾਲੇ ਖੰਨਾ ਸਕਸੈਨਾ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਅਤੇ ਯਾਦ ਆਉਂਦੇ ਹੀ ਪੂਰੇ ਸਰੀਰ ਨੂੰ ਕੰਬਣੀ ਛਿੜ ਜਾਂਦੀ। ਉਨ੍ਹਾਂ ਦੱਸਿਆ ਕਿ ਅਚਾਨਕ ਇਕ ਤੇਜ਼ ਹਨ੍ਹੇਰੀ ਆਈ ਅਤੇ ਪੰਜ ਸੈਂਕਿੰਡ ਬਾਅਦ ਚਾਰੇ ਪਾਸੇ ਚੀਕ-ਚਿਹਾੜਾ ਸੁਣਾਈ ਦੇ ਰਿਹਾ ਸੀ। ਮੇਰੇ ਹੱਥ ਪੈਰ ਫੁੱਲ ਗਏ, ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਗਿਆ। ਦਿਲ ਦੀ ਧੜਕਣ ਵਧ ਗਈ ਅਤੇ ਚੱਕਰ ਆ ਰਹੇ ਸਨ। ਕੁਝ ਸੈਕਿੰਡ ਬਾਅਦ ਖੁਦ ਨੂੰ ਸੰਭਾਲਿਆ ਤਾਂ ਪਤਾ ਚਲਿਆ ਕਿ ਡੀਐਮਯੂ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ। ਮੇਰੇ ਨਾਲ ਜਗਨੰਦਨ ਅਤੇ ਹੋਰ ਕਈ ਸਾਥੀ ਆਏ ਹੋਏ ਸਨ। ਸਭ ਕਿੱਥੇ ਚਲੇ ਗਏ ਪਤਾ ਨਹੀਂ ਚਲਿਆ।
ਮੋਬਾਇਲ ਦੀ ਟਾਰਚ ਜਗਾਈ ਤਾਂ 35 ਮਿੰਟ ਬਾਅਦ ਜਾ ਕੇ ਜਗਨੰਦਨ ਦਿਖਾਈ ਦਿੱਤਾ ਜੋ ਪਟੜੀ ਤੋਂ ਬਾਹਰ ਮੂਧੇ ਮੂੰਹ ਪਿਆ ਸੀ। ਕੋਈ ਵੀ ਸਹਾਇਤਾ ਨਹੀਂ ਸੀ, ਬਸ ਸ਼ੋਰ-ਸ਼ਰਾਬਾ ਹੀ ਸੁਣਾਈ ਦੇ ਰਿਹਾ ਸੀ। ਮੈਂ ਚੀਕਣ ਲੱਗਿਆ ਕਿ ਇਨ੍ਹਾਂ ਨੂੰ ਚੁੱਕੋ, ਕੋਈ ਸੁਣ ਹੀ ਨਹੀਂ ਰਿਹਾ ਸੀ। ਸਭ ਇਧਰ-ਉਧਰ ਭੱਜ ਰਹੇ ਸਨ। ਮੈਂ ਕਿਸੇ ਤਰ੍ਹਾਂ ਜਗਨੰਦਨ ਨੂੰ ਚੁੱਕ ਕੇ ਹਸਪਤਾਲ ਲੈ ਗਿਆ ਤੇ ਪਤਾ ਚੱਲਿਆ ਕਿ ਇਕ ਲੱਤ ‘ਚ ਫ੍ਰੈਕਚਰ ਹੈ, ਪੈਰ ਦੀ ਹੱਡੀ ਵੀ ਦਬ ਗਈ। ਇਨ੍ਹਾਂ 35 ਮਿੰਟਾਂ ਦਾ ਇਹ ਖੌਫਨਾਕ ਮੰਜਰ ਹੁਣ ਵੀ ਮੇਰੀਆਂ ਅੱਖਾਂ ਸਾਹਮਣੇ ਸੀ। ਖੰਨਾ ਸਕਸੈਨਾ ਨੇ ਦੱਸਿਆ ਕਿ ਪਹਿਲਾਂ ਹਾਵੜਾ ਟ੍ਰੇਨ ਆਈ ਤਾਂ ਲੋਕਾਂ ਨੇ ਪਟੜੀ ਖਾਲੀ ਕਰ ਦਿੱਤੀ, ਕਿਸੇ ਨੂੰ ਕੀ ਪਤਾ ਸੀ ਕਿ ਜਿਸ ਪਟੜੀ ‘ਤੇ ਸਭ ਲੋਕ ਇਕੱਠੇ ਹੋ ਕੇ ਖੜ੍ਹੇ ਸਨ, ਉਥੇ ਡੀਐਮਯੂ ਆ ਜਾਵੇਗੀ। ਰਾਵਣ ਦੇ ਪਟਾਕਿਆਂ ਦੀ ਅਵਾਜ਼ ਦਰਮਿਆਨ ਕੁਝ ਸੁਣਾਈ ਨਹੀਂ ਦੇ ਰਿਹਾ ਸੀ ਕਿ ਡੀਐਮਯੂ ਦੀ ਅਵਾਜ਼ ਦੀ ਦਬ ਕੇ ਰਹਿ ਗਈ। ਹਵਾਂ ਵਾਂਗ ਤੇਜ਼ ਟਰੇਨ ਆਈ ਅਤੇ ਸਭ ਕੁਝ ਤਹਿਸ-ਨਹਿਸ ਕਰ ਗਈ।
ਰੇਲਵੇ ਦੀ ਕੋਈ ਗਲਤੀ ਨਹੀਂ, ਡਰਾਈਵਰ ‘ਤੇ ਕੋਈ ਕਾਰਵਾਈ ਨਹੀਂ ਹੋਵੇਗੀ : ਰੇਲ ਰਾਜ ਮੰਤਰੀ
ਲੋਕਾਂ ਨੂੰ ਕੁਚਲਣ ਵਾਲੀ ਟ੍ਰੇਨਾਂ ਦੇ ਡਰਾਈਵਰਾਂ ‘ਤੇ ਰੇਲ ਵਿਭਾਗ ਕੋਈ ਕਾਰਵਾਈ ਨਹੀਂ ਕਰੇਗਾ। ਰੇਲ ਰਾਜ ਮੰਤਰੀ ਮਨੋਜ ਸਿਨ੍ਹਾ ਨੇ ਕਿਹਾ ਕਿ ਇਸ ‘ਚ ਡਰਾਈਵਰ ਦੀ ਕੋਈ ਗਲਤੀ ਨਹੀਂ ਸੀ। ਰੇਲਵੇ ਦੇ ਸਥਾਨਕ ਪ੍ਰਸ਼ਾਸਨ ਨੂੰ ਵੀ ਟਰੈਕ ਦੇ ਨੇੜੇ ਇਸ ਪ੍ਰੋਗਰਾਮ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ, ਨਾਲ ਹੀ ਟ੍ਰੇਸਪਾਸਿੰਗ ਦਾ ਮਾਮਲਾ ਦੱਸਦੇ ਹੋਏ ਰੇਲ ਅਧਿਕਾਰੀ (ਸੀਆਰਐਸ) ਨੇ ਜਾਂਚ ਤੋਂ ਮਨ੍ਹਾਂ ਕਰ ਦਿੱਤਾ। ਟ੍ਰੇਸਪਾਸਿੰਗ ਯਾਨੀ ਰੇਲਵੇ ਦੇ ਖੇਤਰ ਜਾਂ ਸੰਪਤੀ ‘ਚ ਬਗੈਰ ਆਗਿਆ ਦੇ ਦਾਖਲ ਹੋਣਾ ਹੁੰਦਾ ਤੈ ਤਾਂ ਅਜਿਹੇ ਮਾਮਲੇ ‘ਚ ਸੀਆਰਐਸ ਜਾਂਚ ਨਹੀਂ ਕਰਵਾਈ ਜਾਂਦੀ। ਬਲਕਿ ਰੇਲਵੇ ਨਾਲ ਸਬੰਧਤ ਵਿਅਕਤੀ ਦੇ ਖਿਲਾਫ ਕਾਰਵਾਈ ਕਰ ਸਕਦਾ ਹੈ।
ਐਮਰਜੈਂਸੀ ਬ੍ਰੇਕ ਲਗਾਈ ਪ੍ਰੰਤੂ ਫਿਰ ਵੀ ਲੋਕ ਚਪੇਟ ‘ਚ ਆ ਗਏ : ਡਰਾਈਵਰ
ਡੀਐਮਯੂ ਦੇ ਡਰਾਈਵਰ ਅਰਵਿੰਦ ਨੇ ਕਿਹਾ ਕਿ ਉਸ ਨੇ ਐਮਰਜੈਂਸੀ ਬ੍ਰੇਕ ਲਗਾਈ ਸੀ ਪ੍ਰੰਤੂ ਇਸ ਦੇ ਬਾਵਜੂਦ ਵੀ ਕਾਫ਼ੀ ਲੋਕ ਚਪੇਟ ‘ਚ ਆ ਗਈ। ਟਰੇਨ ਰੁਕਣ ਦੇ ਨੇੜੇ ਸੀ ਕਿ ਭੀੜ ਨੇ ਪਥਰਾਅ ਸ਼ੁਰੂ ਕਰ ਦਿੱਤਾ। ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਮੈਂ ਟ੍ਰੇਨ ਨੂੰ ਫਿਰ ਚਲਾ ਦਿੱਤਾ। ਮੈਂ ਅੰਮ੍ਰਿਤਸਰ ਸਟੇਸ਼ਨ ‘ਤੇ ਪਹੁੰਚ ਕੇ ਉਚ ਅਧਿਕਾਰੀਆਂ ਇਸ ਹਾਦਸੇ ਬਾਰੇ ਸਾਰੀ ਜਾਣਕਾਰੀ ਦਿੱਤੀ।
ਆਉਣ ‘ਚ 16 ਘੰਟੇ ਕਿਉਂ…ਅਮਰਿੰਦਰ ਨੇ ਦਿੱਤੀ ਸਫ਼ਾਈ, ਬਚਾਅ ‘ਚ ਹੁੰਦੀ ਦਿੱਕਤ
ਦੁਰਘਟਨਾ ਤੋਂ ਬਾਅਦ ਲਗਭਗ 16 ਘੰਟੇ ਦੇਰ ਨਾਲ ਅੰਮ੍ਰਿਤਸਰ ਪਹੁੰਚਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਇਜ਼ਰਾਇਲ ਜਾ ਰਹੇ ਹਨ। ਉਨ੍ਹਾਂ ਨੇ ਤਤਕਾਲ ਦੌਰਾ ਰੱਦ ਕੀਤਾ ਅਤੇ ਏਅਰਪੋਰਟ ਤੋਂ ਵਾਪਸ ਪਰਤ ਆਏ। ਉਨ੍ਹਾਂ ਦੀ ਗੈਰਹਾਜ਼ਰੀ ‘ਚ ਪ੍ਰਸ਼ਾਸਨ ਅਤੇ ਚੰਡੀਗੜ੍ਹ ‘ਚ ਉਨ੍ਹਾਂ ਦੀ ਪੂਰੀ ਟੀਮ ਕੰਮ ਕਰ ਰਹੀ ਸੀ। ਪ੍ਰਸ਼ਾਸਨ ਵੀ ਸਰਕਾਰ ਦਾ ਹਿੱਸਾ ਹੀ ਹੈ। ਉਨ੍ਹਾਂ ਦੇ ਮੰਤਰੀ ਸ਼ੁੱਕਰਵਾਰ ਰਾਤ ਨੂੰ ਹੀ ਪਹੁੰਚੇ ਗਏ ਸਨ। ਜੇਕਰ ਉਹ ਵੀ ਰਾਤ ਨੂੰ ਹੀ ਪਹੁੰਚ ਜਾਂਦੇ ਤਾਂ ਰਾਹਤ ਅਤੇ ਬਚਾਅ ਕਾਰਜਾਂ ‘ਚ ਦਿੱਕਤ ਪੈਦਾ ਹੋ ਜਾਂਦੀ ਹੈ।
ਪਿਤਾ ਦੀ ਗੋਦੀ ‘ਚੋਂ ਡਿੱਗੀ ਬੱਚੀ ਦੀ ਬਚ ਗਈ ਜਾਨ ਪਿਤਾ ਦੀ ਮੌਤ
ਅੰਮ੍ਰਿਤਸਰ ਵਿਖੇ ਵਾਪਸੇ ਭਿਆਨਕ ਹਾਦਸੇ ਦੌਰਾਨ ਦਸ ਮਹੀਨੇ ਦੀ ਬੱਚੀ ਦੇ ਪਰਿਵਾਰ ਦੀ ਪੁਲਿਸ ਨੂੰ ਤਲਾਸ਼ ਹੈ। ਹਾਲਾਂਕਿ ਪੁਲਿਸ ਨੇ ਇਸ ਸਬੰਧੀ ਜੌੜਾ ਫਾਟਕ ਅਤੇ ਉਸ ਦੇ ਨੇੜੇ-ਤੇੜੇ ਦੇ ਸਾਰੇ ਇਲਾਕਿਆਂ ‘ਚ ਬੱਚਿਆਂ ਦੀ ਪਹਿਚਾਣ ਦੇ ਲਈ ਮੈਸਜ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ‘ਚ ਬੱਚੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਥੇ ਦੂਜੇ ਪਾਸੇ ਬੱਚੀ ਦੀ ਮਾਂ ਦੇ ਜਿੰਦਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੰਸਿਆ ਕਿ ਹਸਪਤਾਲ ‘ਚ ਇਕ ਮਹਿਲਾ ਗੰਭੀਰ ਹਾਲਤ ‘ਚ ਬੇਹੋਸ਼ ਹੈ, ਜਿਸ ਦੇ ਹੋਸ਼ ‘ਚ ਆਉਣ ‘ਤੇ ਪਤਾ ਲੱਗੇਗਾ ਕਿ ਇਹ ਬੱਚੀ ਉਸ ਦੀ ਹੈ ਜਾਂ ਕਿਸੇ ਹੋਰ ਦੀ ਹੈ।
ਅੰਮ੍ਰਿਤਸਰ ਰੇਲ ਹਾਦਸਾ : ਆਪਣਿਆਂ ਨੂੰ ਗੁਆਉਣ ਦਾ ਦਰਦ ਅਤੇ ਉਸ ‘ਤੇ ਹੱਸਦੀ ਰਾਜਨੀਤੀ ਦੀ ਤਸਵੀਰ
ਪਤੀ ਨੂੰ ਚਿਤਾ ‘ਤੇ ਰੱਖ, ਫਿਰ ਡੇਢ ਸਾਲ ਦੇ ਬੇਟੇ ਨੂੰ ਦਫਨਾਉਂਦੇ ਹੋਏ ਬੇਹੋਸ਼ ਹੋਈ ਆਰਤੀ
ਜ਼ਖ਼ਮੀ ਆਰਤੀ ਨੂੰ ਚੌਥੇ ਦਿਨ ਦੱਸਿਆ ਕਿ ਪਤੀ ਅਤੇ ਬੇਟਾ ਦੁਨੀਆ ਵਿਚ ਨਹੀਂ ਰਹੇ
ਅੰਮ੍ਰਿਤਸਰ : ਇਹ ਦੋ ਤਸਵੀਰਾਂ ਦੁਸਹਿਰੇ ਵਾਲੇ ਦਿਨ ਸ਼ਾਮ ਨੂੰ ਹਾਦਸੇ ਹਾਦਸੇ ‘ਚ ਮਾਰੇ ਗਏ 66 ਵਿਅਕਤੀਆਂ ਅਤੇ ਉਸ ‘ਤੇ ਹੋ ਰਹੀ ਰਾਜਨੀਤੀ ਨਾਲ ਜੁੜੀਆਂ ਹੋਈਆਂ ਹਨ। ਪਹਿਲੀ ਤਸਵੀਰ 30 ਸਾਲ ਦੀ ਅਰਤੀ, ਉਸਦੇ ਪਤੀ ਅਤੇ ਡੇਢ ਸਾਲ ਦੇ ਬੇਟੇ ਸ਼ਿਵਮ ਦੀ ਹੈ। ਆਰਤੀ ਦੇ ਪਤੀ ਅਤੇ ਬੇਟੇ ਦੀ ਹਾਦਸੇ ਵਿਚ ਮੌਤ ਹੋ ਗਈ ਸੀ। ਸੋਮਵਾਰ ਦੁਪਹਿਰੇ ਪਹਿਲਾਂ ਆਰਤੀ ਦੇ ਪਤੀ ਦਾ ਸਸਕਾਰ ਹੋਇਆ, ਫਿਰ ਸ਼ਿਵਮ ਨੂੰ ਦਫਨਾਇਆ ਗਿਆ। ਇਸ ਦੌਰਾਨ ਆਰਤੀ ਰੋਂਦੇ ਹੋਏ ਬੇਹੋਸ਼ ਹੋ ਗਈ।
ਦੂਜੀ ਤਸਵੀਰ ਕਾਂਗਰਸ ਦੇ ਕੈਂਡਲ ਮਾਰਚ ਦੀ ਹੈ, ਜੋ ਮ੍ਰਿਤਕਾਂ ਦੇ ਪਰਿਵਾਰਾਂ ਦੇ ਦੁੱਖਾਂ ਵਿਚ ਸ਼ਾਮਲ ਹੋਣ ਲਈ ਕੱਢਿਆ ਗਿਆ ਸੀ। ਇਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੀ ਸ਼ਾਮਲ ਹੋਏ। ਮਾਰਚ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਕਈ ਵਾਰ ਹੱਸਦੇ ਦਿਸੇ।
ਬਿਹਾਰ ਦੀ ਅਦਾਲਤ ਵਿਚ ਸਿੱਧੂ ਦੀ ਪਤਨੀ ਦੇ ਖਿਲਾਫ ਕੇਸ : ਅੰਮ੍ਰਿਤਸਰ : ਸੋਮਵਾਰ ਨੂੰ ਬਿਹਾਰ ਦੇ ਮੁਜੱਫਰਨਗਰ ਦੀ ਸੀਜੇਐਮ ਅਦਾਲਤ ਨੇ ਦੁਸਹਿਰਾ ਪ੍ਰੋਗਰਾਮ ਦੇ ਪ੍ਰਬੰਧਕਾਂ ਅਤੇ ਮੁੱਖ ਮਹਿਮਾਨ ਡਾ. ਨਵਜੋਤ ਕੌਰ ਖਿਲਾਫ ਕੇਸ ਦਰਜ ਕੀਤਾ ਹੈ। ਤਿੰਨ ਨਵੰਬਰ ਨੂੰ ਇਸ ‘ਤੇ ਸੁਣਵਾਈ ਹੋਵੇਗੀ। ਉਧਰ ਜਲੰਧਰ ਦੇ ਡੀਸੀ ਬੀ. ਪੁਰੂਸਾਰਥਾ ਨੇ ਕਿਹਾ ਕਿ ਡਾ. ਨਵਜੋਤ ਕੌਰ ਸਿੱਧੂ ਸਮੇਤ ਇਸ ਘਟਨਾ ਨਾਲ ਜੁੜੇ ਸਾਰੇ ਵਿਅਕਤੀਆਂ ਨੂੰ ਸੰਮਣ ਭੇਜੇ ਜਾਣਗੇ।
ਹਾਦਸੇ ਵਿਚ ਮਾਰੇ ਗਏ 66 ਵਿਅਕਤੀਆਂ ਲਈ ਕੈਂਡਲ ਮਾਰਚ, ਇੱਥੇ ਵੀ ਸਿੱਧੂ ਹੱਸਦੇ ਰਹੇ
ਦਰਦ : ਆਰਤੀ ਪਤੀ ਅਤੇ ਬੇਟੇ ਨਾਲ ਦੁਸਹਿਰਾ ਦੇਖਣ ਗਈ ਸੀ। ਰੇਲ ਹਾਦਸੇ ਦੌਰਾਨ ਪਤੀ ਜਿਤੇਂਦਰ ਅਤੇ ਬੇਟੇ ਸ਼ਿਵਮ ਦੀ ਮੌਤ ਹੋ ਗਈ ਸੀ, ਜਦਕਿ ਆਰਤੀ ਜ਼ਖ਼ਮੀ ਸੀ। ਇਲਾਜ ਦੌਰਾਨ ਉਸ ਕੋਲੋਂ ਸਚਾਈ ਲੁਕੋ ਕੇ ਰੱਖੀ ਗਈ ਸੀ। ਹਾਦਸੇ ਦੇ ਚਾਰ ਦਿਨ ਬਾਅਦ ਸੋਮਵਾਰ ਨੂੰ ਉਸ ਨੂੰ ਸਭ ਕੁਝ ਦੱਸਿਆ ਗਿਆ।
ਬੇਦਰਦ : ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੁਸਹਿਰੇ ਵਿਚ ਮੁੱਖ ਮਹਿਮਾਨ ਸੀ। ਉਸਦੀ ਹਾਜ਼ਰੀ ਵਿਚ ਅਨਾਊਂਸਰ ਕਹਿ ਰਿਹਾ ਸੀ – ‘ਮੈਡਮ ਜੀ ਚਾਹੇ 500 ਰੇਲ ਗੱਡੀਆਂ ਲੰਘ ਜਾਣ, ਟਰੈਕ ‘ਤੇ ਖੜ੍ਹੇ ਲੋਕਾਂ ਦੀ ਕੋਈ ਫਿਕਰ ਨਹੀਂ। ਫਿਰ ਵੀ ਨਵਜੋਤ ਕੌਰ ਨੇ ਲੋਕਾਂ ਨੂੰ ਟਰੈਕ ਤੋਂ ਪਾਸੇ ਹੋਣ ਜਾਣ ਲਈ ਨਹੀਂ ਕਿਹਾ। ਬਾਅਦ ਵਿਚ ਹਾਦਸਾ ਹੋ ਗਿਆ।
ਸਿੱਧੂ ਨੇ 60 ਅਨਾਥ ਬੱਚਿਆਂ ਦਾ ਖ਼ਰਚਾ ਆਪਣੇ ਉਪਰ ਲਿਆ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਰੇਲ ਹਾਦਸੇ ਵਿਚ ਅਨਾਥ ਹੋਏ ਬੱਚਿਆਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। ਅਨਾਥ ਬੱਚਿਆਂ ਲਈ ਮਸੀਹਾ ਦੇ ਰੂਪ ਵਿਚ ਸਾਹਮਣੇ ਆਏ ਸਿੱਧੂ ਜੋੜਾ ਜਨਰਲ ਤੇ ਪੜ੍ਹਾਈ ਦਾ ਸਾਰਾ ਖ਼ਰਚਾ ਚੁਕੇਗਾ। ਸਰਕਾਰ ਇਨ੍ਹਾਂ ਬੱਚਿਆਂ ਦਾ ਆਪਣੇ ਤੌਰ ‘ਤੇ ਪ੍ਰਬੰਧ ਕਰ ਰਹੀ ਹੈ ਅਤੇ ਉਹ ਆਪਣੇ ਤੌਰ ‘ਤੇ ਪੀੜਤਾਂ ਦੀ ਮਦਦ ਕਰਨਗੇ।
ਸੈਲਫੀ ਲੈਣ ‘ਚ ਰੁੱਝੀ ਸੀ ਡਾ. ਨਵਜੋਤ ਕੌਰ ਸਿੱਧੂ
ਅਨਾਊਂਸਰ ਨੇ ਕਿਹਾ, ਮਿੱਠੂ ਭਾਜੀ ਬੜੇ ਬੰਦੇ ਗੱਡੀ ਥੱਲੇ ਆ ਗਏ ਨੇ
ਅੰਮ੍ਰਿਤਸਰ : ਦੁਸਹਿਰੇ ਮੌਕੇ ਵਾਪਰੇ ਹਾਦਸੇ ‘ਤੇ ਡਾ. ਨਵਜੋਤ ਕੌਰ ਸਿੱਧੂ ਬਿਆਨ ਦੇ ਚੁੱਕੇ ਹਨ ਕਿ ਜਦੋਂ ਹਾਦਸਾ ਵਾਪਰਿਆ ਉਹ ਉਥੋਂ ਜਾ ਚੁੱਕੇ ਸਨ। ਪਰ 53 ਸਕਿੰਟਾਂ ਦੇ ਵਾਇਰਲ ਹੋਏ ਵੀਡੀਓ ਵਿਚ ਸਾਫ ਹੈ ਕਿ ਜਦੋਂ ਹਾਦਸਾ ਵਾਪਰਿਆ ਉਹ ਮੰਚ ‘ਤੇ ਲੋਕਾਂ ਨਾਲ ਸੈਲਫੀ ਖਿਚਵਾਉਣ ‘ਚ ਰੁਝੇ ਹੋਏ ਸਨ। ਉਦੋਂ ਹੀ ਅਨਾਊਂਸਰ ਨੇ ਕਿਹਾ ਕਿ ਗੱਡੀ ਥੱਲੇ ਆ ਕੇ ਬੜੇ ਬੰਦੇ ਮਰ ਗਏ ਨੇ। ਇਸ ਮਗਰੋਂ ਡਾ. ਸਿੱਧੂ ਤੇ ਪ੍ਰਬੰਧਕ ਸੌਰਭ ਮਦਾਨ ਮਿੱਠੂ ਉਥੋਂ ਚਲੇ ਗਏ। ਵੀਡੀਓ ਦੀ ਸ਼ੁਰੂਆਤ ਵਿਚ ਰਾਵਣ ਸਾੜਿਆ ਜਾ ਰਿਹਾ ਹੈ ਤੇ ਅਨਾਊਂਸਰ ਮੇਲੇ ਵਿਚ ਆਉਣ ਵਾਲੇ ਲੋਕਾਂ ਦਾ ਮਦਾਨ ਪਰਿਵਾਰ ਵਲੋਂ ਧੰਨਵਾਦ ਕਰ ਰਿਹਾ ਹੈ। ਮੰਚ ‘ਤੇ ਬੈਠੀ ਡਾ. ਨਵਜੋਤ ਕੌਰ ਸਿੱਧੂ ਲੋਕਾਂ ਨਾਲ ਸੈਲਫੀ ਖਿਚਵਾ ਰਹੇ ਹਨ। ਅਨਾਊਂਸਰ ਪੰਜਾਬੀ ਗਾਇਕ ਬੂਟਾ ਮੁਹੰਮਦ ਦੀ ਤਾਰੀਫ ਕਰਨੀ ਸ਼ੁਰੂ ਹੀ ਕਰਦਾ ਹੈ ਕਿ ਉਸਦੀ ਜ਼ੁਬਾਨ ਲੜਖੜਾ ਜਾਂਦੀ ਹੈ। ਉਹ ਬੋਲਦਾ ਹੈ ਕਿ ਗੱਡੀ ਥੱਲੇ ਆ ਕੇ ਕਈ ਬੰਦੇ ਮਰ ਗਏ ਨੇ। ਬਹੂਤ ਬੰਦੇ ਮਰ ਗਏ ਨੇ, ਮਿੱਠੂ ਭਾਜੀ ਉਧਰ ਧਿਆਨ ਦਿਓ। ਗੱਡੀ ਲੰਘ ਗਈ ਬੰਦਿਆਂ ਦੇ ਉਪਰੋਂ, ਪਲੀਜ਼ … ਕੁਆਇਟ। ਬੰਦ ਕਰ ਦਿਓ ਸਾਰਾ ਕੁਝ। ਬੰਦ ਕਰ ਦਿਓ ਸਾਊਂਡ। ਲੋਕ ਇੱਧਰ-ਉਧਰ ਭੱਜਣੇ ਸ਼ੁਰੂ ਹੋ ਗਏ ਤੇ ਪ੍ਰਬੰਧਕ ਵੀ ਮੰਚ ਤੋਂ ਚਲੇ ਗਏ। ਇਸ ਤੋਂ ਸਾਫ ਹੈ ਕਿ ਜਦੋਂ ਹਾਦਸਾ ਵਾਪਰਿਆ ਡਾ. ਸਿੱਧੂ, ਦੁਸਹਿਰਾ ਕਮੇਟੀ ਈਸਟ ਦੇ ਪ੍ਰਧਾਨ ਤੇ ਕੌਂਸਲਰ ਦੇ ਪੁੱਤਰ ਸੌਰਭ ਮਦਾਨ ਮਿੱਠੂ ਆਪਣੇ ਸਾਥੀਆਂ ਨਾਲ ਮੰਚ ‘ਤੇ ਹੀ ਮੌਜੂਦ ਸਨ।

Check Also

ਮੀ-ਟੂ ਮਾਮਲੇ ’ਚ ਚੰਨੀ ਖਿਲਾਫ ਗੱਲ ਕਰਨ ਵਾਲੀ ਮਨੀਸ਼ਾ ਗੁਲਾਟੀ ਦੇ ਬਦਲੇ ਸੁਰ

ਹੁਣ ਕਿਹਾ, ਮੇਰੇ ਕੋਲੋਂ ਫਾਲਤੂ ਸਵਾਲ ਨਾ ਪੁੱਛੋ ਜਲੰਧਰ/ਬਿਊਰੋ ਨਿਊਜ਼ ਚਰਨਜੀਤ ਸਿੰਘ ਚੰਨੀ ਦੇ ਪੰਜਾਬ …