Breaking News
Home / ਪੰਜਾਬ / ਦੁਆਬਾ ਖੇਤਰ ਦੇ 20 ਨੌਜਵਾਨ ਏਜੰਟਾਂ ਦੇ ਧੱਕੇ ਚੜ੍ਹੇ

ਦੁਆਬਾ ਖੇਤਰ ਦੇ 20 ਨੌਜਵਾਨ ਏਜੰਟਾਂ ਦੇ ਧੱਕੇ ਚੜ੍ਹੇ

ਤਿੰਨ ਮਹੀਨੇ ਬਾਅਦ ਵੀ ਨਾ ਅਮਰੀਕਾ ਪਹੁੰਚੇ ਅਤੇ ਨਾ ਹੀ ਕੋਈ ਥਹੁ-ਪਤਾ
ਜਲੰਧਰ/ਬਿਊਰੋ ਨਿਊਜ਼
ਹਰ ਹੀਲੇ-ਵਸੀਲੇ ਅਮਰੀਕਾ ਜਾਣ ਦੀ ਲਾਲਸਾ ਵਿਚ ਏਜੰਟਾਂ ਦੇ ਧੜੇ ਚੜ੍ਹ ਕੇ ਗਏ ਦੁਆਬੇ ਦੇ ਕਰੀਬ 20 ਨੌਜਵਾਨਾਂ ਦੇ ਅਮਰੀਕਾ ਦੇ ਮਿਆਮੀ ਲਾਗੇ ਸਮੁੰਦਰ ਵਿਚ ਰੁੜ੍ਹ ਕੇ ਜਾਨ ਗਵਾ ਬੈਠਣ ਦਾ ਖ਼ਦਸ਼ਾ ਹੈ। ਵੱਖ-ਵੱਖ ਸੂਤਰਾਂ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਇਹ ਨੌਜਵਾਨ 5 ਫਰਵਰੀ ਦੇ ਨੇੜੇ-ਤੇੜੇ ਵੱਖ-ਵੱਖ ਪਿੰਡਾਂ ਤੋਂ ਏਜੰਟਾਂ ਰਾਹੀਂ ਦਿੱਲੀ ਇਕੱਠੇ ਹੋਏ ਸਨ ਤੇ 22 ਫਰਵਰੀ ਨੂੰ ਉਹ ਦਿੱਲੀ ਤੋਂ ਕਿਸੇ ਨਵੀਂ ਥਾਂ ਲਈ ਰਵਾਨਾ ਹੋਏ। ਸੂਤਰਾਂ ਮੁਤਾਬਿਕ 3 ਅਗਸਤ ਨੂੰ ਅਮਰੀਕਾ ਨੇੜੇ ਬਹਾਮਸ ਟਾਪੂ ਤੋਂ ਉਕਤ ਨੌਜਵਾਨਾਂ ਦੀ ਆਪਣੇ ਮਾਪਿਆਂ ਨਾਲ ਆਖ਼ਰੀ ਵਾਰ ਫੋਨ ਉੱਪਰ ਗੱਲਬਾਤ ਹੋਈ। ਪਤਾ ਲੱਗਾ ਹੈ ਕਿ ਇਸ ਵੇਲੇ ਅਮਰੀਕਾ ਭੇਜਣ ਲਈ ਮਨੁੱਖੀ ਤਸਕਰੀ ਵਿਚ ਲੱਗੇ ਏਜੰਟਾਂ ਵਲੋਂ ਬਹਾਮਸ ਟਾਪੂ ਸਮੁੰਦਰ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਨੌਜਵਾਨ ਅਮਰੀਕਾ ਭੇਜਣ ਲਈ ਲਾਂਘੇ ਵਜੋਂ ਵਰਤਿਆ ਜਾ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਬਹਾਮਸ ਟਾਪੂ ਲਈ ਵੀਜ਼ੇ ਦੀ ਕੋਈ ਲੋੜ ਨਹੀਂ ਹੁੰਦੀ ਪਰ ਭਾਰਤ ਵਿਚੋਂ ਬਹਾਮਸ ਟਾਪੂ ਜਾਣ ਲਈ ਸਿੱਧਾ ਇਮੀਗ੍ਰੇਸ਼ਨ ਅਧਿਕਾਰੀ ਹਵਾਈ ਜਹਾਜ਼ ਚੜ੍ਹਨ ਦੀ ਇਜਾਜ਼ਤ ਨਹੀਂ ਦਿੰਦੇ। ਮਨੁੱਖੀ ਤਸਕਰੀ ਦੇ ਜਾਣਕਾਰਾਂ ਦੇ ਹਵਾਲੇ ਅਨੁਸਾਰ ਏਜੰਟ ਪਹਿਲਾਂ ਭਾਰਤ ਤੋਂ ਅਜਿਹੇ ਨੌਜਵਾਨਾਂ ਨੂੰ ਡੁਬਈ ਜਾਂ ਅਜਿਹੇ ਕਿਸੇ ਹੋਰ ਦੇਸ਼ ਵਿਚ ਲਿਜਾਂਦੇ ਹਨ, ਜਿਥੋਂ ਦਾ ਵੀਜ਼ਾ ਸੁਖਾਲਾ ਮਿਲ ਜਾਂਦਾ ਹੈ ਤੇ ਫਿਰ ਉਥੋਂ ਬਹਾਮਸ ਟਾਪੂ ਲੈ ਜਾਂਦੇ ਹਨ। ਅੱਗੋਂ ਇਸ ਟਾਪੂ ਤੋਂ ਸਮੁੰਦਰੀ ਰਸਤੇ ਅਮਰੀਕਾ ਦੇ ਮਿਆਮੀ ਲਾਗਲੇ ਖੇਤਰ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਕੀਤਾ ਜਾਂਦਾ ਹੈ। ਬਹਾਮਸ ਤੋਂ ਮਿਆਮੀ ਵਿਚਕਾਰ ਦੂਰੀ ਲਗਪਗ 293 ਕਿਲੋਮੀਟਰ ਹੈ। ਉਕਤ ਨੌਜਵਾਨਾਂ ਦੇ ਮਾਪੇ ਤਿੰਨ ਮਹੀਨੇ ਤੋਂ ਏਜੰਟਾਂ ਦੁਆਲੇ ਚੱਕਰ ਕੱਟਦੇ ਫਿਰ ਰਹੇ ਹਨ ਅਤੇ ਸ਼ਾਇਦ ਕੋਈ ਸੁੱਖ ਦਾ ਸੁਨੇਹਾ ਆ ਜਾਵੇ। ਇਸੇ ਆਸ ਨਾਲ ਉਹ ਕਿਸੇ ਕੋਲ ਭਾਫ ਕੱਢਣ ਤੋਂ ਵੀ ਸੰਕੋਚ ਕਰ ਰਹੇ ਹਨ। ਏਜੰਟ ਮਾਪਿਆਂ ਨੂੰ ਅਜੇ ਵੀ ਇਹੀ ਝਾਂਸਾ ਦੇ ਰਹੇ ਹਨ ਕਿ ਜਲਦੀ ਹੀ ਉਨ੍ਹਾਂ ਦੀ ਮੁੰਡਿਆਂ ਨਾਲ ਗੱਲ ਕਰਵਾ ਦਿੱਤੀ ਜਾਵੇਗੀ। ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ 3 ਅਗਸਤ ਤੋਂ ਬਾਅਦ ਇਹ ਮੁੰਡੇ ਸਮੁੰਦਰ ਰਾਹੀਂ ਅਮਰੀਕਾ ਜਾਣ ਸਮੇਂ ਕਿਸੇ ਅਣਹੋਣੀ ਦਾ ਸ਼ਿਕਾਰ ਹੋ ਗਏ ਹਨ।
ਏਜੰਟਾਂ ਨੂੰ ਹਾਦਸੇ ਦਾ ਮੁੱਢ ਤੋਂ ਹੀ ਪਤਾ ਸੀ। ਅਸਲ ਵਿਚ ਉਹ ਸਮਾਂ ਲੰਘਾ ਕੇ ਗੱਲ ਠੰਢੀ ਪਾਉਣ ਦੇ ਯਤਨ ਵਿਚ ਹਨ। ਇਕ ਏਜੰਟ ਨੇ ਤਾਂ ਪਤਾ ਲੱਗਾ ਹੈ ਕਿ ਦੋ ਲੜਕਿਆਂ ਦੇ ਮਾਪਿਆਂ ਨੂੰ ਕੁਝ ਪੈਸੇ ਵੀ ਵਾਪਸ ਕਰ ਦਿੱਤੇ ਹਨ। ਇਸ ਗੱਲ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਮੁੰਡੇ ਅਮਰੀਕਾ ਪਹੁੰਚ ਗਏ ਹੁੰਦੇ ਜਾਂ ਬਹਾਮਸ ਟਾਪੂ ਵਿਚ ਹੀ ਫਸੇ ਹੋਣ ਤਾਂ ਏਜੰਟ ਨੇ ਪੈਸੇ ਕਿਥੋਂ ਵਾਪਸ ਕਰਨੇ ਸਨ। ਏਜੰਟਾਂ ਦੇ ਧੜੇ ਚੜ੍ਹੇ ਇਨ੍ਹਾਂ ਨੌਜਵਾਨਾਂ ਵਿਚ ਜ਼ਿਆਦਾਤਰ ਨੌਜਵਾਨ ਭੁਲੱਥ-ਬੇਗੋਵਾਲ ਤੇ ਮੁਕੇਰੀਆਂ ਖੇਤਰਾਂ ਨਾਲ ਸਬੰਧਿਤ ਦੱਸੇ ਜਾਂਦੇ ਹਨ।
ਅਮਰੀਕਾ ਜਾਣ ਦੇ ਚਾਹਵਾਨਾਂ ਵਿਚ ਭੁਲੱਥ ਨੇੜਲੇ ਪਿੰਡ ਤਲਵੰਡੀ ਮਾਨਾ ਦਾ ਨਵਦੀਪ ਸਿੰਘ ਪੁੱਤਰ ਪ੍ਰਗਟ ਸਿੰਘ ਵੀ ਸ਼ਾਮਿਲ ਹੈ। ਦਸਵੀਂ ਪਾਸ 19 ਸਾਲਾ ਨਵਦੀਪ ਸਿੰਘ ਦੇ ਪਿਤਾ ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਨਵਦੀਪ ਸਿੰਘ ਅਤੇ ਭਾਣਜੇ ਜਸਪ੍ਰੀਤ ਸਿੰਘ ਨੂੰ ਅਮਰੀਕਾ ਭੇਜਣ ਲਈ ਇਸੇ ਖੇਤਰ ਦੇ ਕਥਿਤ ਏਜੰਟ ਪਿੰਡ ਖੱਸਣ ਦੇ ਰਣਜੀਤ ਸਿੰਘ ਰਾਣਾ ਨਾਲ ਗੱਲਬਾਤ ਕੀਤੀ ਤੇ 52 ਲੱਖ ਰੁਪਏ ਵਿਚ ਗੱਲ ਮੁੱਕੀ ਸੀ। ਉਨ੍ਹਾਂ ਜਨਵਰੀ ਮਹੀਨੇ ਸਾਰੇ ਪੈਸੇ ਰਣਜੀਤ ਸਿੰਘ ਨੂੰ ਦੇ ਦਿੱਤੇ। ਉਸ ਦਾ ਭਾਣਜਾ ਜਸਪ੍ਰੀਤ ਸਿੰਘ ਕਪੂਰਥਲਾ ਲਾਗੇ ਪਿੰਡ ਭੰਡਾਲ ਦੋਨਾ ਦਾ ਵਸਨੀਕ ਹੈ।
ਜਸਪ੍ਰੀਤ ਸਿੰਘ ਦੇ ਪਿਤਾ ਮਹਿੰਦਰ ਸਿੰਘ ਹਨ। ਜਸਪ੍ਰੀਤ ਦੇ ਭਰਾ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਆਖ਼ਰੀ ਵਾਰ ਉਨ੍ਹਾਂ ਦੀ ਆਪਣੇ ਭਰਾ ਨਾਲ ਬਾਹਮਸ ਟਾਪੂ ਤੋਂ ਗੱਲ ਹੋਈ ਸੀ, ਬਾਅਦ ਵਿਚ ਤਿੰਨ ਮਹੀਨੇ ਲੰਘ ਗਏ ਕੋਈ ਅਤਾ-ਪਤਾ ਨਹੀਂ ਲੱਗ ਰਿਹਾ। ਪਤਾ ਲੱਗਾ ਹੈ ਕਿ ਉਕਤ ਗਏ ਨੌਜਵਾਨਾਂ ਵਿਚ ਤਿੰਨ ਨੌਜਵਾਨ ਮੁਕੇਰੀਆਂ ਲਾਗਲੇ ਪਿੰਡਾਂ ਨਾਲ ਸਬੰਧਿਤ ਹਨ। ਇਨ੍ਹਾਂ ਵਿਚੋਂ ਇਕ ਪਿੰਡ ਫਰੀਕਾ ਦੇ ਫੌਜੀ ਦਾ ਪੁੱਤਰ ਹੈ। ਇਸ ਤਰ੍ਹਾਂ ਇਕ ਨੌਜਵਾਨ ਜਸਵਿੰਦਰ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਪਤਾ ਲੱਗਾ ਹੈ ਕਿ ਏਜੰਟਾਂ ਵਲੋਂ ਨੌਜਵਾਨਾਂ ਨੂੰ ਅਮਰੀਕਾ ਭੇਜਣ ਲਈ 32 ਲੱਖ ਰੁਪਏ ਮੰਗੇ ਗਏ ਸਨ ਤੇ ਉਕਤ ਨੌਜਵਾਨ ਏਜੰਟਾਂ ਨੂੰ ਪੈਸੇ ਤਾਰਨ ਤੋਂ ਬਾਅਦ ਹੀ ਘਰੋਂ ਗਏ ਸਨ।
ਪਤਾ ਲੱਗਾ ਹੈ ਕਿ ਤਲਵੰਡੀ ਮਾਨਾ ਤੇ ਭੰਡਾਲ ਦੋਨਾ ਦੇ ਨੌਜਵਾਨ ਮੁੰਡਿਆਂ ਦੇ ਮਾਪਿਆਂ ਨੇ ਪਿੰਡ ਖੱਸਣ ਦੀ ਪੰਚਾਇਤ ਵਿਚ ਵੀ ਇਹ ਮਾਮਲਾ ਰੱਖਿਆ ਸੀ ਤੇ ਦੱਸਿਆ ਜਾਂਦਾ ਹੈ ਕਿ ਏਜੰਟ ਰਣਜੀਤ ਸਿੰਘ ਰਾਣਾ ਨੇ ਵਾਅਦਾ ਕੀਤਾ ਕਿ ਮੁੰਡਿਆਂ ਨਾਲ ਗੱਲ ਕਰਵਾ ਦਿੱਤੀ ਜਾਵੇਗੀ। ਪਰ ਉਹ ਅਜੇ ਤੱਕ ਵੀ ਗੱਲ ਨਹੀਂ ਕਰਵਾ ਸਕੇ, ਪਰ ਪ੍ਰਗਟ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਨੇ ਦਬਾਅ ਵਿਚ ਆ ਕੇ ਉਨ੍ਹਾਂ ਨੂੰ ਕੁਝ ਪੈਸੇ ਵਾਪਸ ਕਰ ਦਿੱਤੇ ਹਨ।
ਕਥਿਤ ਏਜੰਟ ਰਣਜੀਤ ਸਿੰਘ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ, ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਹੈ। ਇਸੇ ਦੌਰਾਨ ਪਤਾ ਲੱਗਾ ਹੈ ਕਿ ਉਕਤ ਲੜਕਿਆਂ ਦੇ ਕਈ ਮਾਪੇ ਭੁਲੱਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵੀ ਮਿਲੇ ਸਨ।

ਲਾਪਤਾ ਹੋਏ ਲੜਕਿਆਂ ਦੇ ਮਾਪੇ ਫਿਕਰਾਂ ‘ਚ, ਪੁਲਿਸ ਵਲੋਂ ਏਜੰਟ ਦੀ ਭਾਲ

ਮੁਕੇਰੀਆਂ : ਪਿੰਡ ਪੁਰੀਕਾ ਤੇ ਅਬਦੁੱਲਾਪੁਰ ਦੇ ਅਮਰੀਕਾ ਜਾਂਦਿਆਂ ਲਾਪਤਾ ਹੋਏ ਤਿੰਨ ਲੜਕਿਆਂ ਦੇ ਪਰਿਵਾਰਕ ਮੈਂਬਰ ਚਿੰਤਤ ਹਨ। ਪੀੜਤਾਂ ਨੇ 1 ਨਵੰਬਰ ਨੂੰ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿਚ ਏਜੰਟ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਸੀ, ਪਰ ਹਾਲੇ ਤੱਕ ਕੋਈ ਕਾਰਵਾਈ ਨਾ ਹੋਣ ਕਾਰਨ ਪਰਿਵਾਰ ਸਦਮੇ ਵਿੱਚ ਹਨ। ਤਿੰਨਾਂ ਲਾਪਤਾ ਲੜਕਿਆਂ ਦੇ ਪਰਿਵਾਰ ਏਜੰਟ ਕੋਲੋਂ 25-25 ਲੱਖ ਰੁਪਏ ਲੈ ਚੁੱਕੇ ਹਨ। ਨੌਜਵਾਨਾਂ ਨੂੰ ਵਿਦੇਸ਼ ਭੇਜਣ ਵਾਲਾ ਸਥਾਨਕ ਏਜੰਟ ਰੂਪੋਸ਼ ਹੋ ਗਿਆ ਹੈ ਅਤੇ ਉਸ ਨੇ ਆਪਣਾ ਫੋਨ ਵੀ ਬੰਦ ਕਰ ਲਿਆ ਹੈ। ਪਰਿਵਾਰਾਂ ਨੂੰ ਖ਼ਦਸ਼ਾ ਹੈ ਕਿ ਏਜੰਟ ਕੋਲ 10 ਸਾਲ ਦਾ ਕੈਨੇਡਾ ਦਾ ਵੀਜ਼ਾ ਹੋਣ ਕਾਰਨ ਉਹ ਕਿਸੇ ਵੇਲੇ ਵੀ ਵਿਦੇਸ਼ ਜਾ ਸਕਦਾ ਹੈ। ਰਕਮ ਵਾਪਸ ਕਰਨ ਬਾਰੇ ਸਾਹਮਣੇ ਆਏ ਇਕਰਾਰਨਾਮੇ ਵਿੱਚ ਨੌਜਵਾਨਾਂ ਦਾ ਜਾਨੀ ਨੁਕਸਾਨ ਹੋਣ ‘ਤੇ ਪਰਿਵਾਰਾਂ ਵੱਲੋਂ ਏਜੰਟਾਂ ‘ਤੇ ਕੋਈ ਕੇਸ ਨਾ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ। ਪੁਰੀਕਾ ਦੇ ਲਾਪਤਾ ਸਰਬਜੀਤ ਸਿੰਘ (24) ਦੀ ਮਾਤਾ ਸੱਤਪਾਲ ਕੌਰ ਨੇ ਦੱਸਿਆ ਕਿ ਏਜੰਟ ਸੁਖਵਿੰਦਰ ਸਿੰਘ, ਜੋ ਪੀਏਪੀ ਵਿੱਚ ਏਐੱਸਆਈ ਸੀ, ਨਾਲ ਉਨ੍ਹਾਂ ਨੇ ਆਪਣੇ ਲੜਕੇ ਨੂੰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਲਈ 35 ਲੱਖ ਰੁਪਏ ਵਿੱਚ ਗੱਲਬਾਤ ਕੀਤੀ ਸੀ।
ਏਜੰਟ ਨੇ ਲੜਕੇ ਨੂੰ ਪੰਜ ਦਿਨਾਂ ਵਿੱਚ ਵਿਦੇਸ਼ ਪਹੁੰਚਾ ਦੇਣ ਦਾ ਦਾਅਵਾ ਕੀਤਾ ਸੀ। ਇਸੇ ਤਰ੍ਹਾਂ, ਅਬਦੁੱਲਾਪੁਰ ਦੇ ਲਾਪਤਾ ਇੰਦਰਜੀਤ ਸਿੰਘ (22) ਦੀ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੇ ਲੜਕੇ ਨੂੰ ਅਮਰੀਕਾ ਭੇਜਣ ਦਾ ਇਸ ਏਜੰਟ ਨਾਲ 35 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ। ਉਨ੍ਹਾਂ ਪੇਸ਼ਗੀ ਵਜੋਂ 12-12 ਲੱਖ ਦੇ ਦਿੱਤੇ ਸਨ ਅਤੇ ਬਾਕੀ ਰਕਮ ਅਮਰੀਕਾ ਪੁੱਜਣ ‘ਤੇ ਦੇਣੀ ਸੀ। ਉਨ੍ਹਾਂ ਦੇ ਲੜਕੇ 27 ਮਈ 2017 ਨੂੰ ਘਰੋਂ ਗਏ ਸਨ ਅਤੇ ਏਜੰਟ ਨੇ 10 ਦਿਨ ਦਿੱਲੀ ਰੱਖਣ ਪਿੱਛੋਂ 18 ਦਿਨ ਦੇ ਵੀਜ਼ੇ ‘ਤੇ ਉਨ੍ਹਾਂ ਦੀ ਮਾਸਕੋ ਦੀ ਟਿਕਟ ਕਟਾ ਕੇ ਉੱਥੇ ਭੇਜ ਦਿੱਤਾ ਸੀ। ਉੱਥੋਂ ਅੱਗੇ ਲੜਕਿਆਂ ਨੂੰ ਬਾਹਮਾਸ ਰਾਹੀਂ ਕਾਨੂੰਨੀ ਤਰੀਕੇ ਨਾਲ ਹਵਾਈ ਜਹਾਜ਼ ਰਾਹੀਂ ਅਮਰੀਕਾ ਭੇਜਿਆ ਜਾਣਾ ਸੀ। ਦੋ ਮਹੀਨੇ ਲੰਘਣ ‘ਤੇ ਵੀ ਲੜਕੇ ਦੇ ਅਮਰੀਕਾ ਨਾ ਪੁੱਜਣ ‘ਤੇ ਜਦੋਂ ਉਨ੍ਹਾਂ ਏਜੰਟ ‘ਤੇ ਜ਼ੋਰ ਪਾਇਆ ਤਾਂ ਉਨ੍ਹਾਂ ਦੇ ਲੜਕੇ ਨੇ ਆਖ਼ਰੀ ਵਾਰ ਆਪਣੇ ਫੋਨ ‘ਤੇ ਵੁਆਇਸ ਮੈਸੇਜ ਰਾਹੀਂ 2 ਅਗਸਤ ਨੂੰ ਗੱਲਬਾਤ ਕੀਤੀ। ਉਸ ਨੇ ਦੱਸਿਆ ਕਿ ਉਹ ਫਰੀਪੋਰਟ ਟਾਪੂ ‘ਤੇ ਹਨ। ਇਸ ਪਿੱਛੋਂ ਏਜੰਟ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਲੜਕੇ ਅਮਰੀਕਾ ਪੁੱਜ ਗਏ ਹਨ। ਸਰਬਜੀਤ ਸਿੰਘ ਦੇ ਪਹਿਲਾਂ ਅਮਰੀਕਾ ਗਏ ਛੋਟੇ ਭਰਾ ਨੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਸਰਬਜੀਤ ਅਮਰੀਕਾ ਨਹੀਂ ਪੁੱਜਾ। ਜਦੋਂ ਵਾਰ-ਵਾਰ ਏਜੰਟ ‘ਤੇ ਦਬਾਅ ਬਣਾਇਆ ਤਾਂ ਉਸ ਨੇ ਕਿਹਾ ਕਿ ਉਹ ਖ਼ੁਦ ਥਾਣੇਦਾਰ ਹੈ ਤੇ ਉਨ੍ਹਾਂ ਨੂੰ ਰਕਮ ਦੇਣ ਦੀ ਥਾਂ ਪੁਲਿਸ ਨੂੰ ਦੇ ਕੇ ਆਪਣੇ-ਆਪ ਨੂੰ ਛੁਡਾ ਲਵੇਗਾ।
ਇਸੇ ਦੌਰਾਨ ਏਜੰਟ ਸੁਖਵਿੰਦਰ ਸਿੰਘ ਨੇ ਪਰਿਵਾਰਾਂ ਨਾਲ ਸੰਪਰਕ ਕਰ ਕੇ ਲਏ 12 ਲੱਖ ਦੀ ਥਾਂ ਦੁੱਗਣੇ 25 ਲੱਖ ਰੁਪਏ ਵਾਪਸ ਲੈਣ ਲਈ ਆਖਿਆ। ਇਸ ‘ਤੇ ਪਰਿਵਾਰ ਨੇ ਏਜੰਟ ਨਾਲ 20 ਸਤੰਬਰ ਨੂੰ ਇਕਰਾਰਨਾਮਾ ਕੀਤਾ ਕਿ ਉਹ ਆਪਣੀ ਰਕਮ ਵਾਪਸ ਲੈ ਰਹੇ ਹਨ ਤੇ ਜੇਕਰ ਲੜਕੇ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਏਜੰਟ ਖ਼ਿਲਾਫ਼ ਕਾਰਵਾਈ ਨਹੀਂ ਕਰਨਗੇ।
ਏਜੰਟ ਦੀ ਭਾਲ ਸ਼ੁਰੂ ਕੀਤੀ: ਐਸਐਸਪੀ : ਐੱਸਐੱਸਪੀ ਜੇ. ਇਲਨਚੇਲੀਅਨ ਨੇ ਕਿਹਾ ਕਿ ਮਾਮਲੇ ਦਾ ਖ਼ੁਲਾਸਾ ਹੋਣ ‘ਤੇ ਪੁਲਿਸ ਨੇ ਏਜੰਟ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪਰਿਵਾਰਾਂ ਨਾਲ ਵੀ ਪੁਲਿਸ ਨੇ ਮੁਲਾਕਾਤ ਕਰਕੇ ਲਿਖਤੀ ਦਰਖ਼ਾਸਤ ਦੇਣ ਲਈ ਆਖਿਆ ਹੈ।

 

Check Also

ਜੱਸੀ ਖੰਗੂੜਾ ਨੇ ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫ਼ਾ

ਸਾਬਕਾ ਵਿਧਾਇਕ 2022 ’ਚ ਕਾਂਗਰਸ ਪਾਰਟੀ ਨੂੰ ਛੱਡ ਕੇ ‘ਆਪ’ ’ਚ ਹੋਏ ਸਨ ਸ਼ਾਮਲ ਲੁਧਿਆਣਾ/ਬਿਊਰੋ …