Breaking News
Home / ਕੈਨੇਡਾ / ਕੰਵਰ ਸੰਧੂ ਵੱਲੋਂ ਦਿੱਲੀ ਕਤਲੇਆਮ ‘ਤੇ ਬਣਾਈ ਗਈ ਫ਼ਿਲਮ ‘ਇੱਕ ਨਾਸੂਰ’ ਬਰੈਂਪਟਨ ਵਿਚ ਵਿਖਾਈ ਗਈ

ਕੰਵਰ ਸੰਧੂ ਵੱਲੋਂ ਦਿੱਲੀ ਕਤਲੇਆਮ ‘ਤੇ ਬਣਾਈ ਗਈ ਫ਼ਿਲਮ ‘ਇੱਕ ਨਾਸੂਰ’ ਬਰੈਂਪਟਨ ਵਿਚ ਵਿਖਾਈ ਗਈ

ਡਾਕੂਮੈਂਟਰੀ ਫ਼ਿਲਮ ਵਕਤ ਤੋਂ ਪਹਿਲਾਂ ਇਸ ਸੰਸਾਰ ਤੋਂ ਤੁਰ ਗਏ ਡਾ. ਕਰਨ ਸੰਧੂ ਨੂੰ ਭਾਵ-ਭਿੰਨੀ ਸ਼ਰਧਾਂਜਲੀ
ਬਰੈਂਪਟਨ/ਡਾ. ਝੰਡ : ਪ੍ਰਸਿੱਧ ਪੱਤਰਕਾਰ ਕੰਵਰ ਸੰਧੂ ਵੱਲੋਂ ਤਿਆਰ ਕੀਤੀ ਗਈ ਡਾਕੂਮੈਂਟਰੀ ਫ਼ਿਲਮ ‘ਇੱਕ ਨਾਸੂਰ’ ਦਾ ਸਫ਼ਲ ਪ੍ਰਦਰਸ਼ਨ ਲੰਘੇ ਐਤਵਾਰ 5 ਨਵੰਬਰ ਨੂੰ ‘ਰਾਇਲ ਸਟਾਰ ਰਿਅਲਟੀ’ ਦਫ਼ਤਰ ਦੇ ਵਿਸ਼ਾਲ ਮੀਟਿੰਗ-ਹਾਲ ਵਿਚ ਕੀਤਾ ਗਿਆ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ 31 ਅਕਤੂਬਰ 1984 ਨੂੰ ਹੋਏ ਕਤਲ ਤੋਂ ਬਾਅਦ ਦਿੱਲੀ ਅਤੇ ਹੋਰ ਬਹੁਤ ਸਾਰੇ ਸ਼ਹਿਰਾਂ ਵਿਚ ਵਿਚ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਸਿੱਖਾਂ ਦੇ ਕੀਤੇ ਗਏ ਕਤਲੇਆਮ, ਜਿਸ ਨੂੰ ‘ਨਸਲਕੁਸ਼ੀ’ ਦਾ ਨਾਂ ਵੀ ਦਿੱਤਾ ਗਿਆ ਹੈ, ਦੌਰਾਨ ਕਾਤਲਾਂ ਵੱਲੋਂ ਸਿੱਖਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੇ ਗਲਾਂ ਵਿਚ ਟਾਇਰ ਪਾ ਕੇ ਉਨ੍ਹਾਂ ਨੂੰ ਜਿਊਦਿਆਂ ਸਾੜਿਆ ਗਿਆ, ਵਿਸ਼ੇਸ਼ ਕਿਸਮ ਦਾ ਕੈਮੀਕਲ ਪਾਊਡਰ ਪਾ ਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗਾਂ ਲਗਾਈਆਂ ਗਈਆਂ, ਲੋਹੇ ਦੀਆਂ ਇੱਕੋ ਕਿਸਮ ਦੀਆਂ ਰਾਡਾਂ ਨਾਲ ਉਨ੍ਹਾਂ ਨੂੰ ਜਾਨੋਂ ਮਾਰ ਮੁਕਾਇਆ ਗਿਆ ਅਤੇ ਕਾਤਲ ਗੁੰਡਿਆਂ ਵੱਲੋਂ ਸਿੱਖ ਬੀਬੀਆਂ/ਭੈਣਾਂ/ਬੱਚੀਆਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਗਿਆ। ਇੱਥੋਂ ਤੱਕ ਕਿ ਬੱਚਿਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਸੀ। ਇਸ ਕਤਲੇਆਮ ਵਿਚ 30,000 ਤੋਂ ਵਧੀਕ ਸਿੱਖਾਂ ਦੀਆਂ ਜਾਨਾਂ ਗਈਆਂ ਸਨ। ਇਸ ਕਤਲੇਆਮ ਦੇ 33 ਸਾਲ ਲੰਘ ਜਾਣ ਤੋਂ ਬਾਅਦ ਵੀ ਕਾਤਲ ਰਾਜਸੀ-ਗੱਦੀਆਂ ਦਾ ਅਨੰਦ ਮਾਣ ਰਹੇ ਹਨ ਅਤੇ ਮਹਿਸੂਸ ਕਰ ਰਹੇ ਹਨ, ਜਿਵੇਂ ਕੁਝ ਹੋਇਆ ਹੀ ਨਹੀਂ। ਸਗੋਂ ਉਲਟਾ ਇਹ ਆਖ ਰਹੇ ਹਨ ਕਿ ਇਸ ਘਟਨਾ ਨੂੰ ਭੁੱਲ ਜਾਣਾ ਚਾਹੀਦਾ ਹੈ। ਪਰ ਜਿਨ੍ਹਾਂ ਨੇ ਇਹ ਅਨਹੋਣੀ ਆਪਣੇ ਹੱਡੀਂ ਹੰਡਾਈ ਹੈ ਜਾਂ ਜਿਨ੍ਹਾਂ ਦੇ ਕਰੀਬੀ-ਰਿਸ਼ਤਦਾਰ ਤੇ ਦੋਸਤ-ਮਿੱਤਰ ਇਸ ਘੱਲੂਘਾਰੇ ਵਿਚ ਮਾਰੇ ਗਏ ਹਨ, ਉਹ ਕਿਵੇਂ ਇਸ ਨੂੰ ਭੁੱਲ ਸਕਦੇ ਹਨ। ਸਮੁੱਚੀ ਸਿੱਖ-ਕੌਮ ਹੀ ਇਸ ਨੂੰ ਕਿਵੇਂ ਭੁੱਲ ਸਕਦੀ ਹੈ। ਸਿੱਖ ਕੌਮ ਦਾ ਇਹ ਦਰਦ ਹੁਣ ਇਕ ‘ਨਾਸੂਰ’ ਦਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਏਸੇ ਦਰਦ-ਰੂਪੀ ਨਾਸੂਰ ਨੂੰ ਪੇਸ਼ ਕਰਦੀ ਹੋਈ ਇਹ ਡਾਕੂਮੈਂਟਰੀ ਫ਼ਿਲਮ ‘ਇਕ ਨਾਸੂਰ’ ਉੱਘੇ ਪੱਤਰਕਾਰ ਕੰਵਰ ਸੰਧੂ ਦੇ ਸਪੁੱਤਰ ਡਾ. ਕਰਨ ਸੰਧੂ ਨੇ ਕੁਝ ਸਮਾਂ ਪਹਿਲਾਂ ਬਨਾਉਣੀ ਸ਼ੁਰੂ ਕੀਤੀ ਸੀ ਪਰ ‘ਮੌਤ-ਰਾਣੀ’ ਨੇ ਉਸ ਨੂੰ ਇਹ ਪੂਰੀ ਕਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਅਤੇ ਸਮੇਂ ਤੋਂ ਪਹਿਲਾਂ ਹੀ ਉਸ ਨੂੰ ਆ ਘੇਰਿਆ। ਉਸ ਕੋਲੋਂ ਜਬਰੀ ਛੁਡਵਾਇਆ ਗਿਆ ਇਹ ‘ਅਧੂਰਾ ਕੰਮ’ ਉਸ ਦੇ ਪਿਤਾ ਕੰਵਰ ਸੰਧੂ ਨੇ ਹੁਣ ਪੂਰਾ ਕੀਤਾ ਹੈ ਅਤੇ ਇਹ ਫ਼ਿਲਮ ਬਰੈਂਪਟਨ ਦੇ ਦਰਸ਼ਕਾਂ ਦੇ ਰੂ-ਬ-ਰੂ ਕੀਤੀ ਹੈ। ਫ਼ਿਲਮ ਦੇ ਬਾਰੇ ਏਨਾ ਹੀ ਕਹਿਣਾ ਕਾਫ਼ੀ ਹੈ ਕਿ ਹਾਜ਼ਰੀਨ ਨੇ ਇਸ ਨੂੰ ਆਪਣੀਆਂ ਅੱਖਾਂ ਪੂੰਝਦਿਆਂ ਹੋਇਆਂ ਤੇ ਸਿਸਕੀਆਂ ਭਰਦਿਆਂ ਹੋਇਆਂ ਵੇਖਿਆ ਅਤੇ ਕਈ ਤਾਂ ਇਸ ਨੂੰ ਪੂਰੀ ਵੇਖ ਵੀ ਨਹੀਂ ਸਕੇ ਜਿਨ੍ਹਾਂ ਵਿੱਚੋਂ ਇਕ ਮੁਸਲਿਮ-ਭਰਾ ਸ਼ਮਸ਼ਦ ਏਲਾਹੀ ‘ਸ਼ਮਸ’ ਹੈ ਜੋ 10 ਮਿੰਟਾਂ ਬਾਅਦ ਹੀ ਅੱਖਾਂ ਪੂੰਝਦਾ ਹੋਇਆ ਹਾਲ ਵਿੱਚੋਂ ਬਾਹਰ ਆ ਗਿਆ। ਉਹ ਹਾਲ ਜੋ ਦਰਸ਼ਕਾਂ ਨਾਲ ਏਨਾ ਭਰਿਆ ਹੋਇਆ ਸੀ ਕਿ ਕੰਵਰ ਸੰਧੂ ਸਮੇਤ ਹੋਰ ਬਹੁਤ ਸਾਰਿਆਂ ਨੂੰ ਹੇਠਾਂ ਹੀ ਭੁੰਜੇ ਬੈਠ ਕੇ ਇਹ ਫ਼ਿਲਮ ਵੇਖਣੀ ਪਈ। ਇਹ ਡਾਕੂਮੈਂਟਰੀ ਫ਼ਿਲਮ ਵਕਤ ਤੋਂ ਪਹਿਲਾਂ ਇਸ ਸੰਸਾਰ ਤੋਂ ਤੁਰ ਗਏ ਡਾ. ਕਰਨ ਸੰਧੂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਹੈ।ਇਸ ਮੌਕੇ ਮੀਡੀਆ ਦੇ ਡਾ: ਬਲਜਿੰਦਰ, ਰਾਜਿੰਦਰ ਸੈਣੀ, ਹਰਬੰਸ ਸਿੰਘ, ਚਰਨਜੀਤ ਬਰਾੜ, ਦਵਿੰਦਰ ਤੂਰ, ਹਰਜਿੰਦਰ ਗਿੱਲ, ਬਲਜਿੰਦਰ ਸੇਖੋਂ ਤੇ ਕਈ ਹੋਰ ਹਾਜ਼ਰ ਸਨ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …