ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇੰਮੀਗਰੇਸ਼ਨ, ਰਫ਼ਿਊਜੀ ਤੇ ਸਿਟੀਜ਼ਨਸ਼ਿਪ ਮੰਤਰੀ ਮਾਣਯੋਗ ਅਬਦੁਲ ਹੱਸਨ ਵੱਲੋਂ ਐਲਾਨ ਕੀਤੀ ਗਈ ਲਿਬਰਲ ਸਰਕਾਰ ਦੀ ਇਤਿਹਾਸਕ ਇੰਮੀਗਰੇਸ਼ਨ ਯੋਜਨਾ ਨਾਲ ਇੰਮੀਗਰੇਸ਼ਨ ਲਈ ਪ੍ਰਾਪਤ ਹੋਈਆਂ ਅਰਜ਼ੀਆਂ ਦਾ ਪ੍ਰੋਸੈੱਸਿੰਗ ਟਾਈਮ ਘੱਟ ਹੋਣ ਅਤੇ ਪਤੀ-ਪਤਨੀ, ਬੱਚਿਆਂ, ਮਾਪਿਆਂ, ਪੜ-ਮਾਪਿਆਂ ਤੇ ਕੇਅਰ-ਗਿਵਰ ਸਪਾਂਸਰਸ਼ਿਪ ਵਾਲੇ ਕੇਸਾਂ ਦਾ ਪਿਛਲਾ ਬਕਾਇਆ ਜਲਦੀ ਖ਼ਤਮ ਹੋਣ ਦੀ ਆਸ ਪ੍ਰਗਟ ਕੀਤੀ ਹੈ। ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਹੋਇਆਂ ਸੋਨੀਆ ਨੇ ਕਿਹਾ, ”ਸਾਡੀ ਸਰਕਾਰ ਪਰਿਵਾਰਾਂ ਨੂੰ ਮੁੜ-ਮਿਲਾਉਣ ਲਈ ਵਚਨਬੱਧ ਹੈ। ਸਰਕਾਰ ਦੀ ਨਵੀਂ ਬਹੁ-ਸਾਲੀ ਇੰਮੀਗਰੇਸ਼ਨ ਯੋਜਨਾ ਦੇਸ਼ ਦੇ ਅਰਥਚਾਰੇ ਨੂੰ ਅੱਗੇ ਵਧਾਏਗੀ, ਕੈਨੇਡਾ ਦੇ ਬਿਜ਼ਨੈੱਸ-ਅਦਾਰਿਆਂ ਨੂੰ ਹੋਰ ਵਿਕਸਤ ਕਰਨ ਅਤੇ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਸਹਾਇਤਾ ਕਰੇਗੀ। ਇੰਮੀਗਰੇਸ਼ਨ ਦੇ ਹਰੇਕ ਪੱਧਰ ‘ਤੇ ਹੋਏ ਵਾਧੇ ਨਾਲ ਅਸੀਂ ਅਰਜ਼ੀਆਂ ਦਾ ਪ੍ਰੋਸੈੱਸਿੰਗ ਟਾਈਮ ਘੱਟਣ ਅਤੇ ਇਨ੍ਹਾਂ ਦਾ ਬੈਕਲਾਗ ਜਲਦੀ ਖ਼ਤਮ ਹੋਣ ਦੀ ਆਸ ਕਰਦੇ ਹਾਂ ਜੋ ਕਿ ਇਸ ਸਮੇਂ ਕੈਨੇਡੀਅਨ ਪਰਿਵਾਰਾਂ ਦੀ ਦੁਖਦਾਈ-ਰਗ਼ ਬਣਿਆ ਹੋਇਆ ਹੈ।” ਸਾਲ 2018 ‘ਚ 3,10,000 ਨਵੇਂ ਪਰਮਾਨੈਂਟ ਰੈਜ਼ੀਡੈਂਟਾਂ ਤੋਂ ਸ਼ੁਰੂ ਹੋ ਕੇ ਪੱਕੀ ਰਿਹਾਇਸ਼ ਵਾਲਿਆਂ ਦੀ ਇਹ ਗਿਣਤੀ 2019 ਵਿਚ 3,30,000 ਅਤੇ 2020 ਵਿਚ 3,40,000 ਕੀਤੇ ਜਾਣ ਵਾਲੀ ਇਹ ਯੋਜਨਾ ਕੈਨੇਡਾ ਦੇ ਅਜੋਕੇ ਇਤਿਹਾਸ ਵਿਚ ਬੜੀ ਲੁਭਾਉਣੀ ਅਤੇ ਲਾਭਦਾਇਕ ਮੰਨੀ ਜਾਏਗੀ। ਬੜੇ ਹੀ ਸੋਚੇ ਸਮਝੇ ਢੰਗ ਨਾਲ ਇੰਮੀਗਰੇਸ਼ਨ ਵਿਚ ਹੌਲੀ-ਹੌਲੀ ਸਾਲ 2020 ਤੱਕ ਕੀਤੇ ਜਾਣ ਵਾਲਾ ਕੈਨੇਡਾ ਦੀ ਆਬਾਦੀ ਦਾ ਇਹ 1% ਵਾਧਾ ਦੇਸ਼ ਦੀ ਇਸ ਸਮੇਂ ਅਤੇ ਭਵਿੱਖ ਵਿਚ ਹੋਣ ਵਾਲੀ ਤਰੱਕੀ ਅਤੇ ਖ਼ੁਸ਼ਹਾਲੀ ਵਿਚ ਆਪਣਾ ਭਰਪੂਰ ਯੋਗਦਾਨ ਪਾਏਗਾ। ਇਸ ਦਾ ਸਮੁੱਚੇ ਕੈਨੇਡਾ-ਵਾਸੀਆਂ ਨੂੰ ਲਾਭ ਹੋਵੇਗਾ ਕਿਉਂਕਿ ਇੱਥੇ ਆਉਣ ਵਾਲੇ ਇੰਮੀਗਰੈਂਟ ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ-ਪੱਧਰ ਤੇ ਇਸ ਨੂੰ ਹੋਰ ਦੇਸ਼ਾਂ ਦੇ ਮੁਕਾਬਲੇ ਵਿਚ ਖੜੇ ਕਰਨ ਵਿਚ ਸਹਾਈ ਹੁੰਦੇ ਹਨ। ਨਵੇਂ ਕੈਨੇਡਾ-ਵਾਸੀ ਆਪਣੇ ਵੱਖ-ਵੱਖ ਸਕਿੱਲਾਂ ਨਾਲ ਇੱਥੇ ਰੋਜ਼ਗਾਰ ਦੇਣ ਵਾਲਿਆਂ ਦੀਆਂ ਲੇਬਰ ਮਾਰਕੀਟ ਸਬੰਧੀ ਲੋੜਾਂ ਪੂਰੀਆਂ ਕਰਦੇ ਹਨ।