ਲਿਬਰਲ ਤੇ ਐਨ ਡੀ ਪੀ ਵਿਚ ਹੋਇਆ ਸਮਝੌਤਾ
ਓਟਵਾ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟ-ਗਿਣਤੀ ਸਰਕਾਰ ਨੂੰ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਵਿਚਕਾਰ ਸਮਝੌਤਾ ਹੋਣ ਨਾਲ ਪੂਰੀ ਮਿਆਦ ਤੱਕ ਚੱਲਣਾ ਤਹਿ ਹੋ ਗਿਆ ਹੈ, ਜਿਸ ਨਾਲ ਦੇਸ਼ ‘ਚ ਟਰੂਡੋ ਸਰਕਾਰ ਦੇ 2025 ਤੱਕ ਕਾਇਮ ਰਹਿਣ ਲਈ ਰਾਹ ਪੱਧਰਾ ਹੋ ਗਿਆ ਹੈ। ਇਸ ਵੇਲੇ ਹਾਊਸ ਆਫ ਕਾਮਨਜ਼ (ਕੈਨੇਡਾ ਦੀ ਲੋਕ ਸਭਾ) ਵਿਚ ਲਿਬਰਲ ਪਾਰਟੀ ਦੇ ਕੋਲ 159, ਕੰਸਰਵੇਟਿਵ ਪਾਰਟੀ ਦੇ 119, ਬਲਾਕ ਕਿਊਬਕ ਦੇ 32, ਐਨ.ਡੀ.ਪੀ. ਦੇ 25, ਗਰੀਨ ਪਾਰਟੀ ਦੇ 2, ਅਤੇ 1 ਅਜ਼ਾਦ ਸੰਸਦ ਮੈਂਬਰ ਹਨ।
ਬੇਭਰੋਸਗੀ ਦੇ ਮਤੇ, (ਜਿਸ ਵਿਚ ਸਾਲਾਨਾ ਬਜਟ ਪਾਸ ਕਰਨਾ ਸ਼ਾਮਿਲ ਹੈ) ਤੋਂ ਬਚਾਅ ਲਈ ਸਰਕਾਰ ਨੂੰ ਕੁਲ 338 ‘ਚੋਂ 170 ਮੈਂਬਰਾਂ ਦੀ ਸਹਿਮਤੀ ਦੀ ਜ਼ਰੂਰਤ ਹੁੰਦੀ ਹੈ ਜੋ ਐਨ.ਡੀ.ਪੀ. ਦੀ ਮਦਦ ਨਾਲ ਮਿਲ ਸਕੇਗੀ। ਪਤਾ ਲੱਗਾ ਹੈ ਕਿ ਐਨ.ਡੀ.ਪੀ. ਵਲੋਂ ਸਰਕਾਰ ਦਾ ਬਾਹਰੋਂ ਸਮਰਥਨ ਕੀਤਾ ਜਾਵੇਗਾ, ਭਾਵ ਜਸਟਿਨ ਟਰੂਡੋ ਸਰਕਾਰ ‘ਚ ਸ਼ਾਮਿਲ ਨਹੀਂ ਹੋਇਆ ਜਾਵੇਗਾ, ਜਿਸ ਤਹਿਤ ਲਿਬਰਲ ਪਾਰਟੀ ਵਲੋਂ ਐਨ.ਡੀ.ਪੀ. ਦੀਆਂ ਫਾਰਮਾਕੇਅਰ (ਸਸਤੀਆਂ ਦਵਾਈਆਂ), ਡੈਂਟਲ ਕੇਅਰ, ਅਤੇ ਬੈਂਕਾਂ, ਇੰਸ਼ੋਰੈਂਸ ਕੰਪਨੀਆਂ ਸਮੇਤ ਵੱਡੀਆਂ ਕਾਰਪੋਰੇਸ਼ਨਾਂ ਦਾ ਟੈਕਸ ਵਧਾਉਣ ਦੀਆਂ ਨੀਤੀਆਂ ਉਪਰ ਕੰਮ ਕਰਨ ਨੂੰ ਸਹਿਮਤੀ ਦਿੱਤੀ ਹੋ ਸਕਦੀ ਹੈ। ਦੋਵਾਂ ਪਾਰਟੀਆਂ ਦੇ ਸੰਸਦੀ ਦਲਾਂ ਨੇ ਰਸਮੀ ਤੌਰ ‘ਤੇ ਅਜੇ ਇਸ ਸਮਝੌਤੇ ਨੂੰ ਪ੍ਰਵਾਨਗੀ ਦੇਣੀ ਹੈ।
ਸਮਝੌਤੇ ਨੂੰ ”ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ” ਦਾ ਦਿੱਤਾ ਗਿਆ ਨਾਂ
ਓਟਵਾ : 2025 ਤੱਕ ਲਿਬਰਲਾਂ ਦੀ ਸਰਕਾਰ ਨੂੰ ਡਿੱਗਣ ਤੋਂ ਬਚਾਉਣ ਲਈ ਫੈਡਰਲ ਸਰਕਾਰ ਤੇ ਐਨਡੀਪੀ ਦਰਮਿਆਨ ਸਮਝੌਤਾ ਸਿਰੇ ਚੜ੍ਹ ਗਿਆ ਹੈ। ਦੋਵਾਂ ਧਿਰਾਂ ਦਰਮਿਆਨ ਹੋਏ ਇਸ ਸਮਝੌਤੇ ਨੂੰ ”ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ” ਦਾ ਨਾਂ ਦਿੱਤਾ ਗਿਆ ਹੈ। ਇਹ ਦੋਵਾਂ ਧਿਰਾਂ ਵਿਚਾਲੇ ਕੋਈ ਰਸਮੀ ਸਮਝੌਤਾ ਨਹੀਂ ਹੈ ਪਰ ਕੈਨੇਡੀਅਨਜ਼ ਨੂੰ ਅਗਲੇ ਤਿੰਨ ਸਾਲਾਂ ਤੱਕ ਚੋਣਾਂ ਤੋਂ ਦੂਰ ਰੱਖਣ ਲਈ ਇਹ ਸਮਝੌਤਾ ਕਾਫੀ ਅਹਿਮ ਭੂਮਿਕਾ ਨਿਭਾਵੇਗਾ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਸਰਕਾਰ ਨੂੰ ਕੈਨੇਡੀਅਨਜ਼ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਹੋਰ ਵਕਤ ਮਿਲ ਜਾਵੇਗਾ।