ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਂਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਕਾਰਜਕਾਰਨੀ ਕਮੇਟੀ ਦੀ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨਾਲ ਤਹਿਸ਼ੁਦਾ ਮੀਟਿੰਗ ਪ੍ਰਧਾਨ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਹੋਈ। ਸਭ ਤੋਂ ਪਹਿਲਾ ਸੀਨੀਅਰਜ਼ ਦੇ ਮਨੋਰੰਜਨ ਲਈ ਰੈਂਟ ਫਰੀ ਸਥਾਨ ਬਾਰੇ ਗੱਲਬਾਤ ਹੋਈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸੀਨੀਅਰਜ਼ ਕਲੱਬਾਂ ਨੂੰ ਉਹਨਾਂ ਦੇ ਨੇੜਲੇ ਸਥਾਨ ‘ਤੇ ਬਿਨਾਂ ਫੀਸ ਲਏ ਜਗ੍ਹਾ ਦਿੱਤੀ ਜਾਵੇ। ਇਸ ਬਾਰੇ ਮੇਅਰ ਦਾ ਜਵਾਬ ਸੀ, ”ਰੈਂਟ ਫਰੀ ਜਗ੍ਹਾ ਜਿੱਥੇ ਦਿੱਤੀ ਜਾਂਦੀ ਹੈ ਉੱਥੇ ਦੂਜੇ ਪਾਸੇ ਕਿਚਨ ਫੀਸ ਲੈ ਲਈ ਜਾਂਦੀ ਹੈ ਅਤੇ ਮੇਰਾ ਏਜੰਡਾ ਕਿਚਨ ਫੀਸ ਵੀ ਮਾਫ ਕਰਨ ਦਾ ਹੈ ਇਸ ਨਾਲ ਤੁਹਾਡੇ ਲਈ ਬਿਨਾਂ ਫੀਸ ਦੇ ਸਥਾਨ ਦਾ ਪ੍ਰਬੰਧ ਕੀਤਾ ਜਾਵੇਗਾ”। ਪਾਰਕਾਂ ਵਿੱਚ ਬੈਂਚਾਂ ਦੀ ਮੰਗ ਤੇ ਉਸ ਨੇ ਕਿਹਾ ਕਿ ਜਿੱਥੇ ਬੈਂਚ ਨਹੀਂ ਹਨ ਉਹਨਾਂ ਵਿੱਚ ਡੀਮਾਂਡ ਮੁਤਾਬਕ ਬੈਂਚ ਫੌਰਨ ਰਖਵਾ ਦਿੱਤੇ ਜਾਣਗੇ। ਇਸ ਸਬੰਧ ਵਿੱਚ ਐਸੋਸੀਏਸ਼ਨ ਨੂੰ ਉਹਨਾਂ ਦੋ ਅਧਿਕਾਰੀਆਂ ਦੇ ਫੋਨ ਅਤੇ ਈਮੇਲ ਐਡਰੈੱਸ ਨੋਟ ਕਰਵਾਏ ਜਿਨ੍ਹਾਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਇਸ ਲਈ ਸਮੂਹ ਕਲੱਬਾਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਸਬੰਧਤ ਪਾਰਕਾਂ ਵਿੱਚ ਬੈਂਚਾਂ ਦੀ ਲੋੜ ਹੈ ਉਹ ਐਸੋਸੀਏਸ਼ਨ ਨੂੰ ਨੋਟ ਕਰਵਾਉਣ ਤਾਂ ਕਿ ਬੈਂਚਾਂ ਦਾ ਪ੍ਰਬੰਧ ਕਰਵਾਇਆ ਜਾ ਸਕੇ। ਇਸ ਤੋਂ ਬਾਅਦ ਪਾਰਕਾਂ ਵਿੱਚ ਪੋਰਟੇਬਲ ਰੂਮ ਰੱਖਣ ਬਾਰੇ ਗੱਲਬਾਤ ਹੋਈ। ਇਸ ਤੇ ਮੇਅਰ ਦਾ ਕਹਿਣਾ ਸੀ ਕਿ ਪਾਰਕਾਂ ਦੇ ਨੇੜੇ ਦੇ ਵਸਨੀਕ ਇਸ ਦਾ ਵਿਰੋਧ ਕਰਦੇ ਹਨ। ਉਸ ਨੇ ਇਹ ਵੀ ਕਿਹਾ ਕਿ ਕੋਈ ਦੋ ਪਾਰਕਾਂ ਦੇ ਨਾਂ ਦੱਸੋ ਜਿੱਥੇ ਲਗਦਾ ਹੈ ਕਿ ਲੋਕ ਵਿਰੋਧ ਨਹੀਂ ਕਰਨਗੇ। ਉੱਥੇ ਰਖਵਾ ਕੇ ਦੇਖ ਲਵਾਂਗੇ।
ਇਸ ਤੋਂ ਬਾਅਦ ਸਟੂਡੈਂਟਸ ਦੇ ਪਿੱਕ ਅੱਪ ਅਤੇ ਡਰਾਪ ਕਰਨ ਸਮੇਂ ਨੋ ਪਾਰਕਿੰਗ ਰੂਲ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਗਈ। ਲੋਕ ਗੱਡੀਆਂ ਕਿੱਥੇ ਖੜ੍ਹੀਆਂ ਕਰਨ? ਇਸ ਗੱਲ ਦੀ ਬਹੁਤ ਹੀ ਦਿੱਕਤ ਹੁੰਦੀ ਹੈ। ਉਹਨਾਂ ਦੀ ਇਸ ਮੁਸ਼ਕਲ ਬਾਰੇ ਰੈੱਡ ਵਿੱਲੋ ਸਕੂਲ ਵਿੱਚ ਆ ਕੇ ਮੌਕਾ ਦੇਖਣ ਦੀ ਗੱਲ ਕਹੀ ਕਿ ਕਿਵੇਂ ਮਾਪਿਆਂ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ। ਹੋਰ ਕਈ ਪਰੋਵਿੰਸਾਂ ਵਾਂਗ ਸਾਲਾਨਾ ਪਾਸ ਦੀ ਮੰਗ ‘ਤੇ ਮੇਅਰ ਨੇ ਕਿਹਾ ਕਿ ਮੈਂ ਅਗਲੇ ਸ਼ੈਸ਼ਨ ਤੋਂ ਕੌਂਸਲ ਤੋਂ ਪਾਸ ਕਰਵਾ ਕੇ ਸੀਨੀਅਰਜ਼ ਨੂੰ ਬਿੱਲਕੁੱਲ ਫਰੀ ਟਰਾਂਜਿਟ ਦੀ ਸਹੂਲਤ ਕਰਵਾਵਾਂਗਾ। ਯਾਦ ਰਹੇ ਕਿ ਚੋਣਾਂ ਸਮੇਂ ਉਸ ਨੇ ਐਸੋਸੀਏਸ਼ਨ ਦੀ ਜਨਰਲ ਬਾਡੀ ਨਾਲ ਮੀਟਿੰਗ ਸਮੇਂ ਵੀ ਉਸ ਨੇ ਆਪਣਾ ਵਿਚਾਰ ਦਿੱਤਾ ਸੀ ਕਿ ਸੀਨੀਅਰਜ਼ ਨੂੰ ਮੁਫਤ ਟਰਾਂਜਿਟ ਦੀ ਸਹੂਲਤ ਹੋਣੀ ਚਾਹੀਦੀ ਹੈ। ਦੋ ਦਰਵਾਜਿਆਂ ਵਾਲੇ ਬੱਸ ਸ਼ੈਲਟਰ ਇੱਕ ਦਰਵਾਜ਼ੇ ਵਾਲੇ ਕਰਨ ਦੀ ਮੰਗ ਤੇ ਉਸ ਨੇ ਕਿਹਾ ਕਿ ਟੀ ਟੀ ਸੀ, ਵਾਅਨ ਅਤੇ ਮਿਸੀਸਾਗਾ ਟਰਾਂਜਿਟ ਦੇ ਬੱਸ ਸ਼ੈਲਟਰਾਂ ਦਾ ਅਧਿਅਨ ਕਰਕੇ ਜਲਦੀ ਹੀ ਇਹ ਕੰਮ ਕਰਾਂਗਾ। ਉਸ ਨੇ ਤਾਂ ਇੱਥੋਂ ਤੱਕ ਕਿਹਾ ਕਿ ਇਸ ਤੇ ਆਉਣ ਵਾਲਾ ਖਰਚ ਵੀ ਲੋਕਾਂ ਤੇ ਬੋਝ ਨਹੀਂ ਹੋਵੇਗਾ ਇਹ ਕੰਮ ਐਡ ਲਾ ਕੇ ਕੀਤਾ ਜਾਵੇਗਾ। ਪ੍ਰਾਪਰਟੀ ਟੈਕਸ ਵਿੱਚ ਰੀਬੇਟ ਬਾਰੇ ਉਸ ਨੇ ਕਿਹਾ ਕਿ ਆਉਣ ਵਾਲੇ ਚਾਰ ਸਾਲਾਂ ਵਿੱਚ ਕਿਸੇ ਵੀ ਟੈਕਸ ਵਿੱਚ ਵਾਧਾ ਨਹੀਂ ਹੋਵੇਗਾ। ਐਕਟਿਵ ਅਸਿਸਟ ਬਰੈਂਪਟਨ ਵਲੋਂ ਸਵਿਮਿੰਗ ਦੇ ਨਾਲ ਹੀ ਜਿੱਮ ਫੈਸਿਲਿਟੀ ਵੀ ਫਰੀ ਕੀਤੀ ਜਾਵੇ ਅਤੇ ਇਹ 65 ਸਾਲ ਦੀ ਉਮਰ ਤੋਂ ਲਾਗੂ ਹੋਵੇ। ਉਸ ਨੇ ਕਿਹਾ ਕਿ ਸਿਟੀ ਇਸ ਸਬੰਧ ਵਿੱਚ ਇਹ ਦੇਖਕੇ ਕਿ ਕਿੰਨੇ ਵਿਅਕਤੀ ਇਸ ਦਾ ਲਾਭ ਲੈਂਦੇ ਹਨ ਅਤੇ ਬੱਜਟ ਦੇਖ ਕੇ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗਾ। ਸੀਨੀਅਰਜ਼ ਜਿਨ੍ਹਾਂ ਦੇ ਨਾਮ ਤੇ ਘਰ ਹਨ ਲਈ ਸਨੋਅ ਰਿਮੂਵਲ ਗ੍ਰਾਂਟ ਜਾਰੀ ਰਹੇਗੀ। ਸੀਨੀਅਰਜ਼ ਦੀ ਇਸ ਮੰਗ ਤੇ ਕਿ ਸੀਨੀਅਰਜ਼ ਦੇ ਬੱਚੇ ਤਾਂ ਪੜ੍ਹ ਚੁੱਕੇ ਹਨ ਸੋ ਉਹਨਾਂ ਦੇ ਪਰਾਪਰਟੀ ਟੈਕਸ ਵਿੱਚੋਂ ਐਜੂਕੇਸ਼ਨ ਲੈਵੀ ਕੱਟੀ ਜਾਵੇ ਦੇ ਸਬੰਧ ਵਿੱਚ ਉਸ ਨੇ ਕਿਹਾ ਕਿ ਇਹ ਪਰੋਵਿੰਸਲ ਸਰਕਾਰ ਦਾ ਕੰਮ ਹੈ। ਇਸ ਤਰ੍ਹਾਂ ਇਹ ਮੀਟਿੰਗ ਬਹੁਤ ਸਫਲ ਰਹੀ ਜਿਸ ਵਿੱਚ ਕਾਫੀ ਮੰਗਾਂ ਤੇ ਸਹਿਮਤੀ ਪਰਗਟ ਕਰਦੇ ਹੋਏ ਮੇਅਰ ਨੇ ਨਿਕਟ ਭਵਿੱਖ ਵਿੱਚ ਉਹਨਾਂ ਨੂੰ ਲਾਗੂ ਕਰਨ ਲਈ ਵਾਅਦਾ ਕੀਤਾ। ਇਸ ਮੀਟਿੰਗ ਵਿੱਚ ਪਰਮਜੀਤ ਬੜਿੰਗ ਦੇ ਨਾਲ ਪ੍ਰੀਤਮ ਸਿੰਘ ਸਰਾਂ, ਅਮਰੀਕ ਸਿੰਘ ਕੁਮਰੀਆ, ਪ੍ਰੋ: ਨਿਰਮਲ ਧਾਰਨੀ ਅਤੇ ਦੇਵ ਸੂਦ ਹਾਜ਼ਰ ਸਨ। ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਪ੍ਰੋ: ਨਿਰਮਲ ਧਾਰਨੀ 416-670-5874, ਕਰਤਾਰ ਚਾਹਲ 647-854-8746, ਦੇਵ ਸੂਦ 416-533-0722 ਜਾਂ ਪਰੀਤਮ ਸਿੰਘ ਸਰਾਂ ਨਾਲ 419 -833 0567 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …