ਕੁਝ ਘੰਟਿਆਂ ਵਿੱਚ ਹੀ ਗੁਆਚਿਆ 21 ਸਾਲਾ ਨੌਜਵਾਨ ਮਾਪਿਆਂ ਨੂੰ ਮਿਲਿਆ
ਮਿਸੀਸਾਗਾ/ਪਰਵਾਸੀ ਬਿਊਰੋ : ਇਹ ਰੇਡੀਓ ‘ਪਰਵਾਸੀ’ ਦਾ ਕਮਾਲ ਹੀ ਮੰਨਿਆ ਜਾਵੇਗਾ ਕਿ 21 ਸਾਲਾ ਪੰਜਾਬੀ ਨੌਜਵਾਨ ਗੁਰਮਹਿਕ ਸਮਰਾ, ਜੋ ਕਿ ਮੰਗਲਵਾਰ ਰਾਤ ਨੂੰ ਆਪਣੇ ਮਾਪਿਆਂ ਨਾਲ ਨਾਰਾਜ਼ ਹੋ ਕੇ ਘਰੋਂ ਚਲਾ ਗਿਆ ਸੀ ਕਿ ਅਗਲੇ ਦਿਨ ਹੀ ਸ਼ਾਮ ਨੂੰ ਬਰੈਂਪਟਨ ਤੋਂ ਲਗਭਗ ਇਕ ਘੰਟੇ ਦੀ ਦੂਰੀ ‘ਤੇ ਮਿਲ ਗਿਆ ਅਤੇ ਹੁਣ ਉਹ ਵਾਪਸ ਆਪਣੇ ਘਰ ਪਰਤ ਆਇਆ ਹੈ। ਜਿਸ ਕਾਰਨ ਉਸਦੇ ਮਾਪਿਆਂ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਹੈ।
ਬੀਤੇ ਬੁੱਧਵਾਰ ਨੂੰ ‘ਪਰਵਾਸੀ’ ਰੇਡੀਓ ‘ਤੇ ਆ ਕੇ ਗੁਰਮਿੰਦਰ ਸਿੰਘ ਆਹਲੂਵਾਲੀਆ, ਜੋ ਕਿ ਲੜਕੇ ਦੇ ਪਿਤਾ ਦੇ ਚੰਗੇ ਦੋਸਤ ਹਨ, ਨੇ ਭਰੇ ਹੋਏ ਗਲੇ ਦੇ ਨਾਲ ਇਹ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਦੋਸਤ, ਜੋ ਕਿ ਪੇਸ਼ੇ ਵੱਜੋਂ ਵਕੀਲ ਹਨ, ਦਾ 21 ਸਾਲਾ ਨੌਜਵਾਨ ਬੇਟਾ, ਗੁਰਮਹਿਕ ਸਿੰਘ ਸਮਰਾ ਕਿਸੇ ਮਾਮੂਲੀ ਝਗੜੇ ਤੋਂ ਬਾਅਦ ਬੀਤੀ ਰਾਤ ਤੋਂ ਘਰੋਂ ਚਲਾ ਗਿਆ ਹੈ ਅਤੇ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ। ਉਨ੍ਹਾਂ ਨੇ ਇਸ ਲੜਕੇ ਦਾ ਹੁਲੀਆ ਦੱਸਦਿਆਂ ਕਿਹਾ ਕਿ ਉਸ ਨੇ ਨੀਲੀ ਅਤੇ ਚਿੱਟੀ ਧਾਰੀਆਂ ਵਾਲੀ ਟੀ-ਸ਼ਰਟ ਅਤੇ ਨਿੱਕਰ ਪਾਈ ਹੋਈ ਹੈ। ਕੱਦ ਲਗਭਗ 5 ਫੁੱਟ 8 ਇੰਚ ਹੈ।
‘ਪਰਵਾਸੀ’ ਰੇਡੀਓ ਦੇ ਸੰਚਾਲਕ ਰਜਿੰਦਰ ਸੈਣੀ ਹੁਰਾਂ ਨੇ ਆਪਣੇ ਸਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਲੜਕੇ ਨੂੰ ਲੱਭਣ ਵਿੱਚ ਪਰਿਵਾਰ ਦੀ ਮਦਦ ਜ਼ਰੂਰ ਕਰਨ। ਕੁਝ ਘੰਟਿਆਂ ਬਾਅਦ ਹੀ ਸ਼ਾਮ ਨੂੰ 5.30 ਵਜੇ ਉਨ੍ਹਾਂ ਨੂੰ ਗੁਰਦੀਪ ਸੱਜਣ ਹੋਰੀਂ, ਜੋ ਕਿ ਇਕ ਟਰੱਕ ਡਰਾਈਵਰ ਹਨ, ਦਾ ਫੋਨ ਆਇਆ ਕਿ ਉਨ੍ਹਾਂ ਨੇ ਏਅਰਪੋਰਟ ਰੋਡ ‘ਤੇ ਬਰੈਂਪਟਨ ਤੋਂ ਲਗਭਗ 45 ਮਿੰਟ ਦੀ ਦੂਰੀ ‘ਤੇ ਨਾਰਥ ਵਾਲੇ ਪਾਸੇ ਅਜਿਹਾ ਇਕ ਨੌਜਵਾਨ ਸੜਕ ‘ਤੇ ਪੈਦਲ ਜਾਂਦਾ ਦੇਖਿਆ ਗਿਆ ਹੈ। ਜਿਸ ਤੋਂ ਤੁਰੰਤ ਬਾਅਦ ਰਜਿੰਦਰ ਸੈਣੀ ਹੋਰਾਂ ਨੇ ਪਰਿਵਾਰ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਪੀਲ ਪੁਲਿਸ ਅਤੇ ਓਪੀਪੀ ਵਾਲੇ ਤੁਰੰਤ ਹਰਕਤ ਵਿੱਚ ਆਏ ਅਤੇ ਫਿਰ ਅੱਧੇ ਘੰਟੇ ਬਾਅਦ ਹੀ ਖ਼ਬਰ ਆ ਗਈ ਕਿ ਇਹ ਲੜਕਾ ਉਹੀ ਗੁਰਮਹਿਕ ਸਮਰਾ ਹੈ, ਜਿਸ ਦੀ ਤਲਾਸ਼ ਉਸਦੇ ਮਾਪੇ ਅਤੇ ਪੁਲਿਸ ਕਰ ਰਹੀ ਹੈ।
ਓਪੀਪੀ ਵਾਲੇ ਇਸ ਬੱਚੇ ਨੂੰ ਚੈੱਕ ਅਪ ਲਈ ਔਰੰਜਵੀਲ ਹਸਪਤਾਲ ਲੈ ਕੇ ਗਏ ਅਤੇ ਫਿਰ ਰਾਤ 10 ਵਜੇ ਇਹ ਬੱਚਾ ਵਾਪਸ ਆਪਣੇ ਪਰਿਵਾਰ ਕੋਲ ਪਹੁੰਚ ਗਿਆ।
ਜਿੱਥੇ ਸਮਰਾ ਪਰਿਵਾਰ ਅਤੇ ਉਨ੍ਹਾਂ ਦੇ ਦੋਸਤਾਂ ਨੇ ਰੇਡੀਓ ‘ਪਰਵਾਸੀ’ ਦਾ ਧੰਨਵਾਦ ਕੀਤਾ ਹੈ, ਉੱਥੇ ਪੀਲ ਪੁਲਿਸ ਨੇ ਵੀ ਇੰਨੀ ਛੇਤੀ ਇਹ ਮਾਮਲਾ ਸੁਲਝਾ ਲੈਣ ਲਈ ਦਿੱਤੇ ਯੋਗਦਾਨ ਲਈ ‘ਪਰਵਾਸੀ’ ਰੇਡੀਓ ਦਾ ਧੰਨਵਾਦ ਕੀਤਾ ਹੈ।
ਓਧਰ ਗੁਰਦੀਪ ਸੱਜਣ ਹੋਰਾਂ ਕਿਹਾ ਕਿ ਉਹ ‘ਪਰਵਾਸੀ’ ਰੇਡੀਓ ਰੋਜ਼ਾਨਾ ਸੁਣਦੇ ਹਨ ਅਤੇ ‘ਪਰਵਾਸੀ’ ਰੇਡੀਓ ਤੋਂ ਹੀ ਉਨ੍ਹਾਂ ਨੇ ਇਹ ਖ਼ਬਰ ਸੁਣ ਕੇ ਇਹ ਮਦਦ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਪਹਿਲਾਂ ਹੀ ਇਹ ਬੱਚਾ ਪਰਿਵਾਰ ਨੂੰ ਵਾਪਸ ਮਿਲ ਗਿਆ।
ਰਜਿੰਦਰ ਸੈਣੀ ਹੋਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਸੁਣਾਉਣ ਤੋਂ ਇਲਾਵਾ ‘ਪਰਵਾਸੀ’ ਰੇਡੀਓ ਅਜਿਹੇ ਕਮਿਊਨਿਟੀ ਦੇ ਕੰਮਾਂ ਵਿੱਚ ਵੀ ਆਪਣਾ ਯੋਗਦਾਨ ਪਾਉਂਦਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …