20.4 C
Toronto
Wednesday, May 20, 2026
spot_img
Homeਕੈਨੇਡਾਪੀਲ ਪੁਲਿਸ ਵੱਲੋਂ ਕਰਵਾਈ ਗਈ '24ਵੀਂ ਰੇਸ ਅਗੇਨਸਟ ਰੇਸਿਜ਼ਮ' ਵਿਚ ਟੀ ਪੀ...

ਪੀਲ ਪੁਲਿਸ ਵੱਲੋਂ ਕਰਵਾਈ ਗਈ ’24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀ ਪੀ ਏ ਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ

ਮਿਸੀਸਾਗਾ/ਡਾ. ਝੰਡ : ਲੰਘੇ ਸ਼ਨੀਵਾਰ 21 ਜੂਨ ਨੂੰ ਪੀਲ ਰਿਜਨ ਪੁਲਿਸ ਵੱਲੋਂ ਮਿਸੀਸਾਗਾ ਵੈਲੀ ਕਮਿਊਨਿਟੀ ਸੈਂਟਰ ਨੇੜਲੇ ਪਾਰਕ ਤੋਂ ਆਰੰਭ ਕੀਤੀ ਗਈ ’24ਵੀਂ ‘ਰੇਸ ਅਗੇਨਸਟ ਰੇਸਿਜ਼ਮ’ ਵਿਚ ਬਰੈਂਪਟਨ ਦੀ ਸਰਗਰਮ ਕਲੱਬ ‘ਟੀਪੀਏਆਰ ਕਲੱਬ’ (ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ) ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਕਲੱਬ ਦੇ 76 ਮੈਂਬਰ ਇਸ ਮੰਤਵ ਲਈ ਕਈ ਦਿਨ ਪਹਿਲਾਂ ਹੀ ਕਲੱਬ ਵੱਲੋਂ ਆਪਣੇ ਨਾਵਾਂ ਦੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਸਨ, ਜਦਕਿ 21 ਮੈਂਬਰਾਂ ਨੇ ਆਪਣੀ ਰਜਿਸਟ੍ਰੇਸ਼ਨ ‘ਰੇਸ ਅਗੇਨਨਸਟ ਰੇਸਿਜ਼ਮ’ ਦੀ ਵੈੱਬਸਾਈਟ ‘ਤੇ ਜਾ ਕੇ ਸਿੱਧੀ ਹੀ ‘ਆਨ-ਲਾਈਨ’ ਦਰਜ ਕਰਵਾਈ।
ਇਸ ਤਰ੍ਹਾਂ ਇਸ 5 ਕਿਲੋਮੀਟਰ ‘ਰੇਸ ਅਗੇਨਸਟ ਰੇਸਿਜ਼ਮ’ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਏ ਦੌੜਾਕਾਂ ਤੇ ਵਾੱਕਰਾਂ ਵਿੱਚ ਟੀਪੀਏਆਰ ਕਲੱਬ ਦੇ ਮੈਂਬਰਾਂ ਦਾ ਇੱਕ ਵੱਡਾ ਗਰੁੱਪ ਆਪਣੀਆਂ ਸੰਗਤਰੇ ਰੰਗ ਦੀਆਂ ਟੀ-ਸ਼ਰਟਾਂ ਪਹਿਨੀ ਵੱਖਰੀ ਦਿੱਖ ਨਾਲ ਦੂਰੋਂ ਹੀ ਪਹਿਚਾਣਿਆ ਜਾ ਰਿਹਾ ਸੀ। ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਹੋਇਆਂ ਦੌੜ ਦੀ ਸਮਾਪਤੀ ‘ਤੇ ਪੀਲ ਰਿਜਨ ਪੁਲਿਸ ਦੇ ਮੁਖੀ ਨਿਸ਼ਾਨ ਦੁਰਿਆਪਾਹ ਨੇ ਉਚੇਚੇ ਤੌਰ ‘ਤੇ ਕਲੱਬ ਦੇ ਮੈਂਬਰਾਂ ਦੇ ਨਾਲ ਤਸਵੀਰ ਖਿਚਵਾਈ।
ਇੱਥੇ ਇਹ ਜ਼ਿਕਰਯੋਗ ਹੈ ਕਿ ਪੀਲ ਰੀਜਨਲ ਪੁਲਿਸ ਦੀ ਸਥਾਪਨਾ 1 ਜਨਵਰੀ 1974 ਨੂੰ ਕੀਤੀ ਗਈ ਸੀ ਜਦੋਂ ਮਿਸੀਸਾਗਾ, ਪੋਰਟ ਕਰੈਡਿੱਟ, ਸਟਰੀਟਵਿਲ, ਬਰੈਂਪਟਨ ਅਤੇ ਚਿੰਗੂਆਕੂਜ਼ੀ ਨੂੰ ਮਿਲਾ ਕੇ ‘ਰੀਜਨਲ ਮਿਊਨਿਸਿਪਲਿਟੀ ਆਫ਼ ਪੀਲ’ ਬਣਾਈ ਗਈ। ਉਸ ਸਮੇਂ 1974 ਵਿੱਚ ਇਸ ਪੁਲਿਸ ਆਰਗੇਨਾਈਜ਼ੇਸ਼ਨ ਕੋਲ ਕੇਵਲ 467 ਪੁਲਿਸ ਅਫ਼ਸਰ, 14 ਕੈਡਿਟ ਅਤੇ 78 ਸਿਵਲੀਅਨ ਕਰਮਚਾਰੀ ਸਨ। ਜਿਵੇਂ-ਜਿਵੇਂ ਇਸ ਰੀਜਨ ਦੀ ਆਬਾਦੀ ਵਿੱਚ ਵਾਧਾ ਹੁੰਦਾ ਗਿਆ, ਇਸ ਦੇ ਅਮਲੇ ਦੀ ਗਿਣਤੀ ਵੀ ਵੱਧਦੀ ਗਈ। ਇਹ ਸਮੇਂ ਦੀ ਲੋੜ ਵੀ ਸੀ, ਕਿਉਂਕਿ ਕੈਨੇਡਾ ਵਿੱਚ ਦੁਨੀਆਂ 160 ਤੋਂ ਵਧੀਕ ਦੇਸ਼ਾਂ ਤੋਂ ਆਏ ਵੱਖ-ਵੱਖ ਧਰਮਾਂ, ਜਾਤਾਂ ਤੇ ਕਮਿਊਨਿਟੀਆਂ ਦੇ ਲੋਕਾਂ ਦੀ ਆਮਦ ਨਾਲ ਇੱਥੇ ਅਪਰਾਧ ਅਤੇ ਆਪਸੀ ਨਫ਼ਰਤ ਵਿੱਚ ਵੀ ਕਾਫ਼ੀ ਵਾਧਾ ਹੋਇਆ। ਵੱਖ-ਵੱਖ ਕਮਿਊਨਿਟੀਆਂ ਦੇ ਵਿਚਕਾਰ ਆਪਸੀ ਨਫ਼ਰਤ ਨੂੰ ਰੋਕਣ ਲਈ ਅਤੇ ਇਸ ਦੀ ਥਾਂ ਆਪਸੀ ਨੇੜਤਾ, ਪ੍ਰੇਮ-ਪਿਆਰ ਅਤੇ ਇਤਫ਼ਾਕ ਵਧਾਉਣ ਲਈ ਪੀਲ ਪੁਲਿਸ ਵੱਲੋਂ ‘ਰੇਸ ਅਗੇਨਸਟ ਰੇਸਿਜ਼ਮ’ ਦੀ ਸ਼ੁਰੂਆਤ 2001 ਵਿੱਚ ਕੀਤੀ ਗਈ। ਇਸ ਤੋਂ ਪਹਿਲਾਂ ਪੀਲ ਪੁਲਿਸ ਵੱਲੋਂ ਇਹ ਉਪਰਾਲਾ 23 ਵਾਰ ਹੋ ਚੁੱਕਾ ਹੈ ਅਤੇ ਇਸ ਵਾਰ ਇਹ ’24ਵੀਂ ਰੇਸ ਅਗੇਨਸਟ ਰੇਸਿਜ਼ਮ’ ਸੀ। ਇਸ ਮਹੱਤਵਪੂਰਨ ਈਵੈਂਟ ਦੀ ‘ਸਿਲਵਰ ਜੁਬਲੀ’ ਪੀਲ ਰੀਜਨ ਪੁਲਿਸ ਵੱਲੋਂ ਅਗਲੇ ਸਾਲ ਬੜੀ ਸ਼ਾਨੋ-ਸ਼ੌਕਤ ਨਾਲ ਮਨਾਈ ਜਾ ਰਹੀ ਹੈ। ਪੀਲ ਰੀਜਨ ਪੁਲਿਸ ਅਧੀਨ ਇਸ ਸਮੇਂ ਤਿੰਨ ਵੱਡੇ ਸ਼ਹਿਰ ਮਿਸੀਸਾਗਾ, ਬਰੈਂਪਟਨ ਅਤੇ ਕੈਲੇਡਨ ਹਨ ਜਿਨ੍ਹਾਂ ਵਿੱਚ ਇਮੀਗਰੈਂਟਾਂ ਦੀ ਆਮਦ ਨਾਲ ਆਬਾਦੀ ਬੜੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ।
ਟੀਪੀਏਆਰ ਕਲੱਬ ਦੇ ਮੈਂਬਰ ਆਪੋ ਆਪਣੇ ਸਾਧਨਾਂ ਨਾਲ ਸਵੇਰੇ 9.00 ਵਜੇ ਮਿਸੀਸਾਗਾ ਵੈਲੀ ਕਮਿਊਨੀਕੇਸ਼ਨ ਸੈਂਟਰ ਵਿਖੇ ਪਹੁੰਚ ਗਏ ਜਿੱਥੇ ਇਸ ਰੇਸ ਦਾ ਆਰੰਭ ਪ੍ਰਬੰਧਕਾਂ ਵੱਲੋਂ 9.30 ਵਜੇ ਕੀਤਾ ਜਾਣਾ ਸੀ। ਇਸ ਮੰਤਵ ਲਈ ਬਣਾਈ ਗਈ ਸਟੇਜ ਤੋਂ ਪ੍ਰਬੰਧਕਾਂ ਵੱਲੋਂ ਆਏ ਦੌੜਾਕਾਂ ਤੇ ਵਾੱਕਰਾਂ ਨੂੰ ‘ਜੀ-ਆਇਆਂ’ ਕਹਿਣ ਅਤੇ ਉਨ੍ਹਾਂ ਨੂੰ ਦਿੱਤੀਆਂ ਗਈਆਂ ਕੁਝ ਹਦਾਇਤਾਂ ਤੋਂ ਬਾਅਦ ਇਹ ‘ਰੇਸ ਅਗੇਨਸਟ ਰੇਸਿਜ਼ਮ’ ਸਵੇਰੇ 9.50 ‘ਤੇ ਆਰੰਭ ਹੋ ਗਈ। ਮਿਸੀਸਾਗਾ ਵੈਲੀ ਕਰੀਕ ਦੇ ਕੰਢੇ-ਕੰਢੇ ਇਸ ਰੇਸ ਦਾ ਰੂਟ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਬੜਾ ਮਨਮੋਹਕ ਸੀ। ਕਰੀਕ ਵਿੱਚ ਪੱਥਰਾਂ ਵਿੱਚ ਦੀ ਚੱਲ ਰਿਹਾ ਸਾਫ਼ ਪਾਣੀ ਦੌੜਾਕਾਂ ਨੂੰ ਨਵੀਂ ਊਰਜਾ ਪ੍ਰਦਾਨ ਕਰ ਰਿਹਾ ਸੀ, ਜਿਵੇਂ ਇਹ ਉਨ੍ਹਾਂ ਨੂੰ ਕਹਿ ਰਿਹਾ ਹੋਵੇ ਕਿ ਤੁਸੀਂ ਵੀ ਮੇਰੇ ਵਾਂਗ ਚੱਲਦੇ ਹੀ ਰਹਿਣਾ ਹੈ ਤੇ ਰਸਤੇ ਵਿੱਚ ਕਿਤੇ ਰੁਕਣਾ ਨਹੀਂ ਹੈ। ਦੌੜ ਦੀ ਸਮਾਪਤੀ ‘ਤੇ ਇਸ ਰੇਸ ਵਿੱਚ ਵੱਖ-ਵੱਖ ਕੈਟਾਗਰੀਆਂ ਵਿੱਚ ਪਹਿਲੇ, ਦੂਸਰੇ ਤੇ ਤੀਸਰੇ ਨੰਬਰ ‘ਤੇ ਆਉਣ ਵਾਲਿਆਂ ਦੇ ਗਲ਼ਾਂ ਵਿੱਚ ਮੈਡਲ ਪਾ ਕੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਦੌੜ ਦੇ ਹਜ਼ਾਰਾਂ ਦੌੜਾਕਾਂ ਵਿੱਚੋਂ ਸੀਨੀਅਰਜ਼ ਕੈਟਾਗਰੀ ਵਿੱਚ ਦੂਸਰੇ ਨੰਬਰ ‘ਤੇ ਆਉਣ ਵਾਲਾ ਟੀਪੀਏਆਰ ਕਲੱਬ ਦਾ ਮੈਂਬਰ ਨਿਰਮਲ ਸਿੰਘ ਗਿੱਲ ਸੀ ਜਿਸ ਨੇ ਇਸਦੇ ਲਈ 21 ਮਿੰਟ 4 ਸਕਿੰਟ ਦਾ ਸਮਾਂ ਲਿਆ। ਕਲੱਬ ਦੇ ਇੱਕ ਹੋਰ ਮੈਂਬਰ ਜਸਵਿੰਦਰ ਜੱਸੀ ਧਾਲੀਵਾਲ ਬਾਲਗ ਕੈਟਾਗਰੀ ਵਿੱਚ ਲਸਾਮਲ ਟੀਪੀਏਆਰ ਕਲੱਬ ਦੇ ਦੌੜਾਕਾਂ ਵਿੱਚੋਂ 21 ਮਿੰਟ 10 ਸਕਿੰਟ ਦੇ ਸਮੇਂ ਨਾਲ ਪਹਿਲੇ ਨੰਬਰ ‘ਤੇ ਆਇਆ।
ਗੱਲ ਨਿਰੀ ਇੱਥੇ ਪਹਿਲੇ, ਦੂਸਰੇ ਜਾਂ ਤੀਸਰੇ ਨੰਬਰ ‘ਤੇ ਆਉਣ ਦੀ ਨਹੀਂ ਹੈ, ਸਗੋਂ ਇਹ ਤਾਂ ਇਸ ਵੱਖਰੀ ਕਿਸਮ ਦੀ ਰੇਸ ਵਿੱਚ ਸ਼ਮੂਲੀਅਤ ਕਰਨ ਦੀ ਹੈ ਜੋ ਵੱਖ-ਵੱਖ-ਕਮਿਊਨਿਟੀਆਂ ਦੇ ਹਜ਼ਾਰਾਂ ਲੋਕਾਂ ਵੱਲੋਂ ਕੀਤੀ ਗਈ, ਜਿਨ੍ਹਾਂ ਵਿੱਚ ਗੋਰੇ, ਕਾਲ਼ੇ, ਨੀਲੇ, ਪੀਲੇ, ਭੂਰੇ, ਚੀਨੇ, ਫ਼ੀਨੇ ਸੱਭ ਸ਼ਾਮਲ ਸਨ। ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਵੱਲੋਂ ਇਸ ਈਵੈਂਟ ਨੂੰ ਸਫ਼ਲ ਬਨਾਉਣ ਲਈ ਪੀਲ ਰੀਜਨ ਪੁਲਿਸ ਦੇ ਪ੍ਰਬੰਧਕਾਂ ਤੇ ਟੀਪੀਏਆਰ ਕਲੱਬ ਦੇ ਸਮੂਹ ਮੈਂਬਰਾਂ ਦਾ ਹਾਦਿਕ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੀਲ ਰੀਜਨ ਪੁਲਿਸ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦੇ ਲਈ ਉਹ ਸੱਚਮੁੱਚ ਵਧਾਈ ਦੀ ਹੱਕਦਾਰ ਹੈ। ਇਸ ਈਵੈਂਟ ਵਿੱਚ ਪ੍ਰਬੰਧਕਾਂ ਵੱਲੋਂ ਖਾਣ-ਪੀਣ ਦੀ ਵੱਖ-ਵੱਖ ਤਰ੍ਹਾਂ ਦੀਆਂ ਵਸਤਾਂ, ਫ਼ਲ-ਫਰੂਟ ਤੇ ਸ਼ਾਨਦਾਰ ਲੰਚ ਦਾ ਬੜਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ।

RELATED ARTICLES
POPULAR POSTS