ਇਮੀਗ੍ਰੇਸ਼ਨ ਕਨਸਲਟੈਂਟਾਂ ਵਲੋਂ ਲੋਕਾਂ ਨਾਲ ਕੀਤੇ ਜਾ ਰਹੇ ਫਰਾਡ ਨੂੰ ਬਰਦਾਸ਼ਤ ਨਹੀਂ ਕਰਾਂਗੇ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਇੰਮੀਗਰੇਸ਼ਨ ਐਂਡ ਸਿਟੀਜ਼ਨ ਕਨਸਲਟੈਂਟਾਂ ਨੂੰ ਪੂਰੀ ਤਰ੍ਹਾਂ ਜੁਆਬ-ਦੇਹ ਬਨਾਉਣ ਲਈ ਯੋਗ ਫ਼ੈਸਲਾ ਲੈ ਰਹੀ ਹੈ। ਇਹ ਇੰਕਸ਼ਾਫ਼ ਰਫ਼ਿਊਜੀ, ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਮੰਤਰੀ ਮਾਣਯੋਗ ਅਹਿਮਦ ਹੁਸੈਨ ਨੇ ਬਰੈਂਪਟਨ ਲਿਬਰਲ ਪਾਰਲੀਮੈਂਟ ਮੈਂਬਰਾਂ ਦੀ ਹਾਜ਼ਰੀ ਵਿਚ ਕੀਤਾ। ਇਸ ਮੰਤਵ ਲਈ ਲਿਬਰਲ ਸਰਕਾਰ ਬੇਈਮਾਨ ਇਮੀਗਰੇਸ਼ਨ ਕਨਸਲਟੈਂਟਾਂ ਤੋਂ ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਗ਼ਲਤੀਆਂ ਦੀ ਗੁੰਜਾਇਸ਼ ਨੂੰ ਘਟਾ ਰਹੀ ਹੈ ਅਤੇ ਉਨ੍ਹਾਂ ਦੀ ਚੌਕਸੀ ਤੇ ਜੁਆਬ-ਦੇਹੀ ਵਿਚ ਵਾਧਾ ਕਰ ਰਹੀ ਹੈ ਤਾਂ ਜੋ ਉਹ ਸਰੀਰਕ ਅਤੇ ਮਾਨਸਿਕ ਤੌਰ ‘ਤੇ ਅਪੰਗ ਲੋਕਾਂ ਦਾ ਨਾਜਾਇਜ਼ ਫ਼ਾਇਦਾ ਨਾ ਉਠਾ ਸਕਣ।
ਇਸ ਮੌਕੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਵੇਖਣ ਵਿਚ ਆਇਆ ਹੈ ਕਿ ਕਈ ਅਨ-ਐਥੀਕਲ ਇਮੀਗ੍ਰੇਸ਼ਨ ਕਨਸਲਟੈਂਟ ਲੋਕਾਂ ਨੂੰ ਫ਼ਰਾਡ ਕਿਸਮ ਦੀ ਜਾਣਕਾਰੀ ਬੜੇ ਮਹਿੰਗੇ ਮੁੱਲ ‘ਤੇ ਪ੍ਰਦਾਨ ਕਰਦੇ ਹਨ। ਉਹ ਉਨ੍ਹਾਂ ਨੂੰ ਗ਼ਲਤ ਰਾਏ ਦਿੰਦੇ ਹਨ ਅਤੇ ਉਨ੍ਹਾਂ ਕੋਲੋਂ ਮਾਇਆ ਵੀ ਖ਼ਾਸੀ ਬਟੋਰਦੇ ਹਨ। ਅਸੀਂ ਇਸ ਕਿਸਮ ਦੇ ਚੱਲ ਰਹੇ ਵਿਹਾਰ ਦਾ ਕਈ ਲੋਕਾਂ ਉੱਪਰ ਪਿਆ ਮਾੜਾ ਪ੍ਰਭਾਵ ਅੱਖੀਂ ਵੇਖਿਆ ਹੈ। ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਮੀਗ੍ਰੇਸ਼ਨ ਦੇ ਕਾਨੂੰਨਾਂ ਵਿਚ ਕੀਤੀਆਂ ਜਾ ਰਹੀਆਂ ਲੋੜੀਂਦੀਆਂ ਤਬਦੀਲੀਆਂ ਇਸ ਦਿਸ਼ਾ ਵਿਚ ਸਹੀ ਕਦਮ ਸਾਬਤ ਹੋਣਗੀਆਂ।”
ਬੱਜਟ 2019 ਵਿਚ ਲਿਬਰਲ ਸਰਕਾਰ ਇਮੀਗ੍ਰੇਸ਼ਨ ਐਂਡ ਸਿਟੀਜ਼ਨ ਕਨਸਲਟੈਂਟਾਂ ਨੂੰ ਰੈਗੂਲੇਟ ਕਰਨ ਲਈ ਉਨ੍ਹਾਂ ਲਈ ਨਵਾਂ ਸੰਵਿਧਾਨਕ-ਢਾਂਚਾ ਤਿਆਰ ਕਰ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਇਸ ਮੰਤਵ ਲਈ ਕਾਲਜ ਆਫ਼ ਇਮੀਗ੍ਰੇਸ਼ਨ ਕਨਸਲਟੈਂਟਸ ਵੀ ਸ਼ੁਰੂ ਕਰਨ ਜਾ ਰਹੀ ਹੈ ਜੋ ਕਿ ਸਮੁੱਚੇ ਕੈਨੇਡਾ ਵਿਚ ਇਨ੍ਹਾਂ ਇਮੀਗ੍ਰੇਸ਼ਨ ਕਨਸਲਟੈਂਟਾਂ ਉੱਪਰ ਸਰਕਾਰੀ ਤੌਰ ‘ਤੇ ਆਪਣੀ ਨਿਗਰਾਨੀ ਰੱਖੇਗਾ। ਇਸ ਦੇ ਨਾਲ ਹੀ ਕਾਨੂੰਨ ਦੀ ਅਵੱਗਿਆ ਕਰਨ ਵਾਲਿਆਂ ਲਈ ਮੌਜੂਦਾ ਵਿੱਤੀ-ਜੁਰਮਾਨਾ ਦੁੱਗਣਾ ਕੀਤਾ ਜਾ ਰਿਹਾ ਹੈ ਅਤੇ ਆਈ.ਆਰ ਸੀ.ਸੀ. ਨੂੰ ਇਮੀਗ੍ਰੇਸ਼ਨ ਐਂਡ ਰਫ਼ਿਊਜੀ ਪ੍ਰੋਟੈੱਕਸ਼ਨ ਐਕਟ ਦੀ ਪਾਲਣਾ ਕਰਨ ਲਈ ਹੋਰ ਨਵੀਆਂ ਸ਼ਕਤੀਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਸਰਕਾਰ ਉਪਰੋਕਤ ਵਰਨਣ ਕਾਲਜ ਦੇ ਸਹਿਯੋਗ ਨਾਲ ਉਨ੍ਹਾਂ ਲੋਕਾਂ ਲਈ ਕਾਨੂੰਨੀ ਪ੍ਰਕ੍ਰਿਆਵਾਂ ਦੀ ਲੋੜੀਂਦੀ ਸਿਖਲਾਈ ਲਈ ਟ੍ਰੇਨਿੰਗ ਕੋਰਸਾਂ ਦਾ ਪ੍ਰਬੰਧ ਕਰੇਗੀ ਜਿਹੜੇ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕਨਸਲਟੈਂਟ ਦਾ ਲਾਇਸੈਂਸ ਪ੍ਰਾਪਤ ਕਰਨਾ ਚਾਹੁੰਦੇ ਹਨ। ਉਹ ਇਸ ਦੇ ਲਈ ਲੋੜੀਂਦੀਆਂ ਫ਼ੀਸਾਂ ਵਿਚ ਪਾਰਦਰਸ਼ਤਾ ਲਿਆਏਗੀ, ਲੋਕਾਂ ਲਈ ਸ਼ਿਕਾਇਤਾਂ ਕਰਨ ਲਈ ਸੁਚਾਰੂ ਸਿਸਟਮ ਬਣਾਏਗੀ ਅਤੇ ਪੀੜਤਾਂ ਲਈ ਕੰਪੈੱਨਸੇਸ਼ਨ ਫ਼ੰਡ ਕਾਇਮ ਕਰੇਗੀ।
ਸਰਕਾਰ ਲੋਕਾਂ ਵਿਚ ਇਸ ਪ੍ਰਤੀ ਜਾਗਰੂਕਤਾ ਫ਼ੈਲਾਉਣ ਦੀ ਸ਼ੁਰੂਆਤ ਕਰੇਗੀ ਜਿਸ ਵਿਚ ਕੈਨੇਡਾ ਤੋਂ ਬਾਹਰਲੇ ਵੀਜ਼ਾ ਦਫ਼ਤਰਾਂ ਵਿਚ ਕਮਿਊਨਿਟੀ ਆਊਟਰੀਚ ਅਫ਼ਸਰ ਲਗਾਏ ਜਾਣਗੇ ਜੋ ਲੋਕਾਂ ਨੂੰ ਫ਼ਰਾਡੀਏ ਇਮੀਗ੍ਰੇਸ਼ਨ ਕਨਸਲਟੈਂਟਾਂ ਤੋਂ ਬਚਣ ਲਈ ਲੋੜੀਦੀ ਜਾਣਕਾਰੀ ਮੁਹੱਈਆ ਕਰਵਾਉਣਗੇ। ਇਸ ਨਾਲ ਨਾ ਕੇਵਲ ਕੈਨੇਡਾ-ਵਾਸੀਆਂ ਨੂੰ ਹੀ ਫ਼ਾਇਦਾ ਹੋਵੇਗਾ, ਸਗੋਂ ਇੱਥੇ ਆਉਣ ਵਾਲੇ ਨਵੇਂ ਲੋਕ ਅਤੇ ਕੈਨੇਡਾ ਵਿਚ ਇਮਾਨਦਾਰੀ ਨਾਲ ਕੰਮ ਕਰ ਰਹੇ ਚੰਗੇ ਇਮੀਗ੍ਰੇਸ਼ਨ ਕਨਸਲਟੈਂਟ ਵੀ ਇਸ ਦਾ ਉਚਿਤ ਲਾਭ ਉਠਾ ਸਕਣਗੇ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …