ਬਰੈਂਪਟਨ/ਰਮਿੰਦਰ ਵਾਲੀਆ : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ 11 ਜਨਵਰੀ ਐਤਵਾਰ ਨੂੰ ਮਹੀਨਾਵਾਰ ਅੰਤਰਰਾਸ਼ਟਰੀ ਕਾਵਿ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ‘ਗਾਉਂਦੀ ਸ਼ਾਇਰੀ’ ਸਿਰਲੇਖ ਹੇਠ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਸ਼ਾਇਰਾਂ ਨੇ ਹਿੱਸਾ ਲਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਤੇ ਪ੍ਰਬੰਧਕ ਰਮਿੰਦਰ ਵਾਲੀਆ ਰੰਮੀ ਦੇ ਵਿਸ਼ੇਸ਼ ਯਤਨਾਂ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋ. ਸੁਹਿੰਦਰ ਬੀਰ ਤੇ ਹਰਮੀਤ ਵਿਦਿਆਰਥੀ ਜੀ ਹਾਜ਼ਰ ਹੋਏ। ਕਵੀ ਦਰਬਾਰ ਵਿੱਚ ਅਮਨਬੀਰ ਸਿੰਘ ਧਾਮੀ, ਹਮੀਦ ਹਮੀਦੀ, ਰਮਨਜੀਤ ਰਮਨ ਸਖੀ, ਗਿੰਮੀ ਸ਼ਗੂਫ਼ਤਾ, ਦਵਿੰਦਰ ਕੌਰ ਢਿੱਲੋਂ, ਮਨਜੀਤ ਸਿੰਘ ਚਾਤ੍ਰਿਕ, ਪਰਮਜੀਤ ਕੌਰ ਜੈਸਵਾਲ, ਸਤਿੰਦਰਜੀਤ ਕੌਰ, ਅਮਰਜੀਤ ਸਿੰਘ ਸ਼ੇਰਪੁਰੀ, ਸ਼ਾਇਰਾ ਨੀਤੂ ਅਰੋੜਾ, ਮਹਿੰਦਰ ਸਿੰਘ ਝੱਮਟ, ਹਰਮੀਤ ਵਿਦਿਆਰਥੀ ਅਤੇ ਪ੍ਰੋ. ਸੁਹਿੰਦਰ ਬੀਰ ਨੇ ਆਪਣੀਆਂ ਕਾਵਿ ਰਚਨਾਵਾਂ ਤਰੁੰਨਮ ਵਿੱਚ ਗਾ ਕੇ ਸੁਣਾਈਆਂ।
ਸਰਪ੍ਰਸਤ ਸੁਰਜੀਤ ਕੌਰ ਨੇ ਇਸ ਕਾਵਿ ਮਿਲਣੀ ਦਾ ਮੰਚ ਸੰਚਾਲਣ ਕੀਤਾ ਜੋ ਬਹੁਤ ਕਾਬਿਲੇ ਤਾਰੀਫ ਸੀ। ਉਹ ਹਮੇਸ਼ਾਂ ਹੀ ਬਹੁਤ ਸਹਿਜ ਨਾਲ ਪ੍ਰੋਗਰਾਮ ਕਰਦੇ ਹਨ ਜਿਸਦੀ ਹੁਣ ਵੀ ਸਭ ਨੇ ਤਾਰੀਫ ਕੀਤੀ ਕਿ ਮੰਚ ਸੰਚਾਲਣ ਬਾਕਮਾਲ ਸੀ।
ਅਮਨਬੀਰ ਸਿੰਘ ਧਾਮੀ ਨੇ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆਂ ਕਿਹਾ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰੋਗਰਾਮਾਂ ਦੇ ਬਾਰੇ ਵਿਚ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਦੇ ਆਰੰਭ ਵਿੱਚ ਸਰਪ੍ਰਸਤ ਸੁਰਜੀਤ ਕੌਰ ਨੇ ਸਾਰੇ ਆਏ ਹੋਏ ਕਵੀਆਂ ਦਾ ਸਵਾਗਤ ਕਰਦਿਆਂ ਲੋਹੜੀ ਤੇ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਤੇ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ਗਾਉਂਦੀ ਸ਼ਾਇਰੀ ਦੇ ਪ੍ਰੋਗਰਾਮ ਨਾਲ ਕਰਦੇ ਹਾਂ ਜਿਸ ਵਿਚ ਸਾਰੇ ਹੀ ਸ਼ਾਇਰ ਤਰੁੰਨਮ ਵਿੱਚ ਗਾ ਕੇ ਸੁਣਾਉਂਦੇ ਹਨ।
ਪ੍ਰੋਗਰਾਮ ਦਾ ਆਗਾਜ਼ ਅਮਨਬੀਰ ਧਾਮੀ ਦੀ ਖ਼ੂਬਸੂਰਤ ਗ਼ਜ਼ਲ (ਕਿੱਥੋਂ ਤੇਰੇ ਹਾਣ ਦੇ ਮੈਂ ਹਰਫ ਲਿਆਵਾਂ ਦੱਸ) ਨਾਲ ਹੋਇਆ। ਉਹਨਾਂ ਦੀ ਗ਼ਜ਼ਲ ਤੇ ਪੇਸ਼ਕਾਰੀ ਬਾਕਮਾਲ ਸੀ। ਸੁਰਜੀਤ ਕੌਰ ਨੇ ਨਵੇਂ ਸਾਲ ਤੇ ਬਹੁਤ ਖ਼ੂਬਸੂਰਤ ਰਚਨਾ (ਹਰ ਨਵਾਂ ਸਾਲ ਚੜ੍ਹਦਾ ਹੈ ਪਰ ਨਵਾਂ ਕੁਝ ਵੀ ਨਹੀਂ ਹੁੰਦਾ) ਪੇਸ਼ ਕੀਤੀ ਤੇ ਉਹਨਾਂ ਹਮੀਦ ਹਮੀਦੀ ਦਾ ਤੁਆਰਫ਼ ਕਰਾ ਕੇ ਉਹਨਾਂ ਨੂੰ ਆਪਣੀ ਰਚਨਾ ਪੇਸ਼ ਕਰਨ ਲਈ ਕਿਹਾ। ਹਮੀਦ ਹਮੀਦੀ ਨੇ ਆਪਣੀ ਗ਼ਜ਼ਲ (ਜੰਗੋਂ ਕੋ ਭੂਲ ਕਰ ਅਬ ਅਮਨ ਕੋ ਲਾਣਾ ਹੋਗਾ) ਬਹੁਤ ਖ਼ੂਬਸੂਰਤ ਅਵਾਜ਼ ਵਿੱਚ ਤਰੁੰਨਮ ਵਿੱਚ ਸੁਣਾ ਕੇ ਪੇਸ਼ ਕੀਤੀ। ਫਿਰ ਰਮਨਜੀਤ ਰਮਨ ਸਖੀ ਨੇ (ਅਸੀਂ ਰੂਹਾਂ ਦੀ ਕੀਤੀ ਸੀ ਤਾਬੇਦਾਰੀ ਕਿ ਚੰਨ ਵੀ ਮਖੌਲ ਕਰ ਗਿਆ) ਤਰੁੰਨਮ ਵਿੱਚ ਗਾ ਕੇ ਪੇਸ਼ ਕੀਤੀ।
ਗਿੰਮੀ ਸ਼ਗੂਫ਼ਤਾ ਨੇ (ਆਪਣੀ ਰੂਹ ਨਾਲ ਮਿਲਣੀ, ਅੱਖ ਨਾਲ ਅੱਖ ਦੀ ਤੱਕਣੀ, ਸ਼ਬਦ ਖਵਰੇ ਮੁੱਕ ਗਏ ਸਨ) ਬਹੁਤ ਖ਼ੂਬਸੂਰਤ ਅਵਾਜ਼ ਤੇ ਅੰਦਾਜ਼ ਵਿੱਚ ਪੇਸ਼ ਕੀਤਾ। ਦਵਿੰਦਰ ਕੌਰ ਢਿੱਲੋਂ ਨੇ ਆਪਣੀ ਬਹੁਤ ਸੁਰੀਲੀ ਅਵਾਜ਼ ਵਿੱਚ ਗੀਤ (ਪਾ ਕੇ ਸੂਟ ਊਨਾਬੀ , ਉੱਤੇ ਮੁੱਖੜਾ ਗੁਲਾਬੀ, ਪੈਰੀੰ ਝਾਂਜਰ ਪਾ ਛਣਕਾਵਾਂ ਕਿ ਕੁੜੀ ਮੈਂ ਮੁਹਾਲੀ ਸ਼ਹਿਰ ਦੀ) ਗਾ ਕੇ ਲੋਕ ਰੰਗ ਵਿੱਚ ਰੰਗੀ ਰਚਨਾ ਨੂੰ ਪੇਸ਼ ਕੀਤਾ। ਮਨਜੀਤ ਸਿੰਘ ਚਾਤ੍ਰਿਕ ਨੇ ਆਪਣੇ ਬਹੁਤ ਹੀ ਨਿਵੇਕਲੇ ਅੰਦਾਜ਼ ਵਿੱਚ (ਬਸੰਤ ਬਹਾਰ ਰਾਗ ਰੁੱਤ ਮੌਲੀ) ਤੇ ਦਮਦਾਰ ਵਿਚ ਪੇਸ਼ ਕੀਤਾ, ਸੱਭ ਸਰੋਤੇ ਸਾਹ ਸੂਤ ਕੇ ਮੰਤਰ ਮੁੱਗਧ ਹੋ ਸੁਣਦੇ ਰਹੇ। ਪਰਮਜੀਤ ਕੌਰ ਜੈਸਵਾਲ ਨੇ ਆਪਣੀ ਬਹੁਤ ਹੀ ਮਿੱਠੀ ਅਵਾਜ਼ ਵਿੱਚ ਗ਼ਜ਼ਲ (ਅਬ ਤੋ ਹਸਰਤੋਂ ਕਾ ਜ਼ਨਾਜ਼ਾ ਹੈ ਉੱਠ ਚਲਾ) ਨੂੰ ਪੇਸ਼ ਕੀਤਾ।
ਸਤਿੰਦਰਜੀਤ ਕੌਰ ਨੇ ਬਹੁਤ ਸੋਹਣੀ ਅਵਾਜ਼ ਵਿੱਚ ਇਹ (ਗੀਤ ਇਹ ਰੌਣਕਾਂ ਇਹ ਮਹਿਫ਼ਲਾਂ, ਇਹ ਹੱਸਦੇ ਚਿਹਰੇ) ਤਰੁੰਨਮ ਵਿੱਚ ਗਾ ਕੇ ਪੇਸ਼ ਕੀਤਾ। ਅਮਰਜੀਤ ਸ਼ੇਰਪੁਰੀ ਨੇ ਬੜੇ ਜੋਸ਼ ਖਰੋਸ਼ ਨਾਲ ਨਵੇਂ ਸਾਲ ਨੂੰ ਮੁਬਾਰਕਬਾਦ ਕਹਿੰਦਿਆਂ ਆਪਣਾ ਇਹ ਗੀਤ ਆਪਣੀ ਦਮਦਾਰ ਅਵਾਜ਼ ਵਿੱਚ (ਭਾਗਾਂ ਵਾਲਾ ਸਾਲ ਚੜ੍ਹਿਆ) ਨੂੰ ਪੇਸ਼ ਕੀਤਾ। ਸ਼ਾਇਰਾ ਨੀਤੂ ਅਰੋੜਾ ਨੇ (ਤੇਰੀ ਧੀ ਹਾਂ ਬਾਪੂ ਮੈਂ ਤੇਰੀ ਲਾਜ ਰੱਖਾਂਗੀ) ਬਹੁਤ ਖ਼ੂਬਸੂਰਤ ਅੰਦਾਜ਼ ਵਿੱਚ ਆਪਣੀ ਰਚਨਾ ਪੇਸ਼ ਕੀਤੀ।
ਮਹਿੰਦਰ ਸਿੰਘ ਝੱਮਟ ਨੇ ਬਹੁਤ ਜੋਸ਼ੀਲੇ ਅੰਦਾਜ਼ ਵਿਚ ਆਪਣਾ ਗੀਤ (ਗੱਪਾਂ ਤੇ ਹੀ ਗੱਪਾਂ ਜਹਾਨ ਸਾਰਾ ਮਾਰਦਾ) ਪੇਸ਼ ਕੀਤਾ। ਹਰਮੀਤ ਵਿਦਿਆਰਥੀ ਨੇ ਆਪਣੀਆਂ 2.3 ਛੋਟੀਆਂ ਰਚਨਾਵਾਂ ਨੂੰ (ਆਪਣੀ ਪਿਆਸ ਦੀ ਇੰਝ ਕਹਾਣੀ ਲਿਖ ਦੇਵਾਂ) ਇਸ ਅੰਦਾਜ਼ ਵਿੱਚ ਪੇਸ਼ ਕੀਤਾ ਕਿ ਸੱਭ ਦੇ ਮਨਾਂ ਅੰਦਰ ਜਿਵੇਂ ਉਹਨਾਂ ਦੇ ਸ਼ਬਦ ਖੁੱਭ ਗਏ ਹੋਣ, ਸੱਭ ਨੇ ਬਹੁਤ ਤਾਰੀਫ ਕੀਤੀ। ਪਿਆਰਾ ਸਿੰਘ ਕੁੱਦੋਵਾਲ ਨੇ ਅੰਤ ਵਿੱਚ ਆਪਣੀ ਬਹੁਤ ਹੀ ਭਾਵਪੂਰਤ ਰਚਨਾ ਆਪਣੀ ਸੁਰੀਲੀ ਅਵਾਜ਼ ਵਿੱਚ ਸੁਣਾਈ। (ਤੇਰੇ ਘਰ ਤੋਂ ਦੂਰ ਜਦੋਂ ਦਾ ਹੋਇਆ ਹਾਂ) ਉਹਨਾਂ ਦੇ ਬਹੁਤ ਦਿਲ ਟੁੰਬਵੇਂ ਸ਼ਬਦਾਂ ਨੇ ਸਭ ਨੂੰ ਕੀਲ ਲਿਆ। ਅੰਤ ਵਿੱਚ ਪ੍ਰੋ. ਸੁਹਿੰਦਰ ਬੀਰ ਨੇ (ਪਰੀਏ ਨੀ ਪਰੀਏ, ਪਰੀਏ ਨੀ ਪਰੀਏ, ਸਾਹਾਂ ਵਿਚ ਪਿਆਰ ਦੀ ਸੁਗੰਧੀਆਂ ਨੀ ਭਰੀਏ) ਬਹੁਤ ਖ਼ੂਬਸੂਰਤ ਅਵਾਜ਼ ਅਤੇ ਅੰਦਾਜ਼ ਵਿੱਚ ਆਪਣਾ ਇਹ ਗੀਤ ਪੇਸ਼ ਕੀਤਾ। ਦਵਿੰਦਰ ਕੌਰ ਢਿੱਲੋਂ ਨੇ ਰਮਿੰਦਰ ਰੰਮੀ ਦੀ ਲਿਖੀ ਰਚਨਾ (ਨੀ ਮੈਂ ਕਮਲੀ ਹਾਂ) ਨੂੰ ਬਹੁਤ ਖ਼ੂਬਸੂਰਤ ਅਵਾਜ਼ ਵਿੱਚ ਪੇਸ਼ ਕੀਤਾ।
ਇਸ ਸਮੁੱਚੇ ਪ੍ਰੋਗਰਾਮ ਬਾਰੇ ਚੇਅਰਮੈਨ ਪਿਆਰਾ ਸਿੰਘ ਕੁੱਦੋਵਾਲ ਨੇ ਆਪਣੇ ਪ੍ਰਭਾਵ ਦਿੰਦਿਆਂ ਨਵੇਂ ਵਰ੍ਹੇ ਤੇ ਲੋਹੜੀ ਨੂੰ ਸਮਰਪਿਤ ਇਸ ਗਾਉਂਦੀ ਸ਼ਾਇਰੀ ਨਾਲ ਹੋਈ ਸ਼ੁਰੂਆਤ ਨੂੰ ਬਹੁਤ ਅਰਥਪੂਰਨ ਦੱਸਿਆ। ਪਿਆਰਾ ਸਿੰਘ ਕੁੱਦੋਵਾਲ ਨੇ ਹੋਸਟ ਸੁਰਜੀਤ ਕੌਰ ਦੇ ਬਾਰੇ ਵਿੱਚ ਕਿਹਾ ਕਿ ਉਹਨਾਂ ਬਹੁਤ ਖ਼ੂਬਸੂਰਤ ਢੰਗ ਨਾਲ ਸੰਚਾਲਣ ਕੀਤਾ। ਪਿਆਰਾ ਸਿੰਘ ਕੁੱਦੋਵਾਲ ਆਪਣੇ ਵਿਲੱਖਣ ਅੰਦਾਜ਼ ਤੇ ਦਮਦਾਰ ਅਵਾਜ਼ ਵਿੱਚ ਪ੍ਰੋਗਰਾਮ ਨੂੰ ਸਮ ਅੱਪ ਕਰਦੇ ਹਨ। ਉਹ ਬਹੁਤ ਸ਼ਿੱਦਤ ਨਾਲ ਸਾਰਾ ਪ੍ਰੋਗਰਾਮ ਨਿਠ ਕੇ ਸੁਣਦੇ ਹਨ ਫਿਰ ਸਭ ਦੀਆਂ ਰਚਨਾਵਾਂ ਦੇ ਬਾਰੇ ਆਪਣੇ ਪ੍ਰਭਾਵ ਪੇਸ਼ ਕਰਦੇ ਹਨ। ਉਹਨਾਂ ਨੇ ਰਮਿੰਦਰ ਰੰਮੀ ਵਾਲੀਆਂ ਵੱਲੋਂ ਕੀਤੇ ਜਾਂਦੇ ਇਸ ਯਤਨਾਂ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਸਮੁੱਚੀ ਟੀਮ ਦਾ ਵੀ ਸ਼ੁਕਰੀਆ ਕੀਤਾ ਤੇ ਵੱਖ-ਵੱਖ ਕਵੀਆਂ ਦੁਆਰਾ ਗਾਈਆਂ ਗਈਆਂ ਰਚਨਾਵਾਂ ਬਾਰੇ ਆਪਣੇ ਵਿਚਾਰ ਦੱਸੇ ਕਿ ਅਜਿਹੀ ਸ਼ਾਇਰੀ ਲੋਕ ਰੰਗ ਅਤੇ ਸੱਭਿਆਚਾਰ ਨੂੰ ਉਘਾੜਦੀ ਹੈ।
ਕੈਨੇਡੀਆਨ ਪੰਜਾਬੀ ਸਾਹਿਤ ਸਭਾ ਦੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ, ਮੀਤ ਪ੍ਰਧਾਨ ਸਤਬੀਰ ਸਿੰਘ, ਸੁਨੀਲ ਚੰਦਿਆਣਵੀ, ਕਲਮਾਂ ਦੀ ਸਾਂਝ ਸਾਹਿਤ ਸਭਾ ਤੋਂ ਚੇਅਮੈਨ ਹਰਦਿਆਲ ਸਿੰਘ ਝੀਤਾ, ਡਾ. ਪੁਸ਼ਵਿੰਦਰ ਕੌਰ ਖੋਖਰ, ਗੁਰਚਰਨ ਸਿੰਘ ਜੋਗੀ, ਕਰਤਾਰ ਸਿੰਘ ਔਲਖ, ਪ੍ਰਿਤਪਾਲ ਸਚਦੇਵਾ, ਅੰਮ੍ਰਿਤਾ ਦਰਸ਼ਨ, ਪਰਮਜੀਤ ਦਿਓਲ, ਰਿੰਟੂ ਭਾਟੀਆ ਤੇ ਇਹਨਾਂ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਦਰਸ਼ਕਾਂ ਨੇ ਇਸ ਗਾਉਂਦੀ ਸ਼ਾਇਰੀ ਦਾ ਆਨੰਦ ਮਾਣਿਆ। ਗਾਉਂਦੀ ਸ਼ਾਇਰੀ ਵਿੱਚ ਸ਼ਾਇਰਾਂ ਨੇ ਸੁਰੀਲੇ ਗੀਤ ਆਪਣੀ ਸੁਰੀਲੀ ਅਵਾਜ਼ ਵਿੱਚ ਗਾ ਕੇ ਗੀਤਾਂ ਦੀ ਛਹਿਬਰ ਲਗਾ ਦਿੱਤੀ। ਅੰਤ ਵਿੱਚ ਰਮਿੰਦਰ ਰੰਮੀ ਨੇ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਆਪ ਸੱਭ ਦੇ ਪਿਆਰ, ਸਾਥ ਤੇ ਸਹਿਯੋਗ ਸਦਕਾ ਇਹ ਪ੍ਰੋਗਰਾਮ ਸਫਲ ਹੋ ਰਹੇ ਹਨ। ਇਸ ਸਫ਼ਲ ਪ੍ਰੋਗਰਾਮ ਲਈ ਤੇ ਕਾਮਯਾਬੀ ਲਈ ਆਪ ਸਭ ਵਧਾਈ ਦੇ ਪਾਤਰ ਹੋ ਧੰਨਵਾਦ ਸਹਿਤ।
ਰਮਿੰਦਰ ਰੰਮੀ ਫਾਊਂਡਰ ਪ੍ਰਧਾਨ ਤੇ ਪ੍ਰਬੰਧਕ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।

