ਸੋਨੀਆ ਸਿੱਧੂ ਦੇ ਅਣਥੱਕ ਯਤਨਾਂ ਨੂੰ ਮਿਲੀ ਵੱਡੀ ਜਿੱਤ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਬਜਟ 2021-22 ਵਿਚ ਡਾਇਬਟੀਜ਼ ਲਈ ਨੈਸ਼ਨਲ ਫਰੇਮਵਰਕ ਬਣਾਉਣ ਦੇ ਐਲਾਨ ਨੂੰ ਲੈ ਕੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਹਜ਼ਾਰਾਂ ਡਾਇਬਟੀਜ਼ ਨਾਲ ਜੂਝ ਰਹੇ ਕੈਨੇਡੀਅਨਾਂ ਲਈ ਵੱਡੀ ਰਾਹਤ ਸਾਬਤ ਹੋਵੇਗੀ। ਉਹਨਾਂ ਨੇ ਇਸ ਨੂੰ ਡਾਇਬਟੀਜ਼ ਲਈ ਕੰਮ ਕਰ ਰਹੇ ਸਾਰੇ ਵਿਅਕਤੀਆਂ ਦੀ ਸਾਂਝੀ ਜਿੱਤ ਕਰਾਰ ਦਿੱਤਾ। ਬਜਟ 2021 ਵਿਚ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਨੇ 2021-22 ਤੋਂ ਸ਼ੁਰੂ ਹੋ ਕੇ ਪੰਜ ਸਾਲਾਂ ਵਿਚ 25 ਮਿਲੀਅਨ ਡਾਲਰ ਦੀ ਰਕਮ ਮੁਹੱਈਆ ਕਰਾਉਣ ਦਾ ਮਤਾ ਪੇਸ਼ ਕੀਤਾ ਹੈ, ਜਿਸ ਤਹਿਤ ਹੈਲਥ ਕੈਨੇਡਾ ਨੂੰ ਡਾਇਬਟੀਜ਼ ਲਈ ਨੈਸ਼ਨਲ ਫਰੇਮਵਰਕ ਬਣਾਉਣ ਤੋਂ ਇਲਾਵਾ ਸ਼ੂਗਰ ਰੋਗ ਬਾਰੇ ਖੋਜ ਲਈ ਵਾਧੂ ਨਿਵੇਸ਼ਾਂ (ਨਾਬਾਲਗ ਡਾਇਬਟੀਜ਼ ਸਮੇਤ), ਨਿਗਰਾਨੀ, ਅਤੇ ਰੋਕਥਾਮ ਲਈ, ਅਤੇ ਕੰਮ ਕਰਨ ਦਾ ਮਤਾ ਦਿੱਤਾ ਗਿਆ ਹੈ। ਇਸ ਫਰੇਮਵਰਕ ਨੂੰ ਵੱਖੋ-ਵੱਖ ਸੂਬਿਆਂ ਅਤੇ ਪ੍ਰਦੇਸ਼ਾਂ, ਗਰੁੱਪਾਂ ਅਤੇ ਸਟੇਕਹੋਲਡਰਾਂ ਦੇ ਸਲਾਹ ਮਸ਼ਵਰੇ ਨਾਲ ਵਿਕਸਤ ਕੀਤਾ ਜਾਵੇਗਾ, ਜਿਸ ਨਾਲ ਡਾਇਬਟੀਜ਼ ਦੀ ਰੋਕਥਾਮ ਅਤੇ ਇਲਾਜ ਨੂੰ ਕੈਨੇਡੀਅਨਾਂ ਤੱਕ ਆਸਾਨ ਪਹੁੰਚ ਨੂੰ ਯਕੀਨੀ ਬਣਾਇਆ ਜਾਵੇਗਾ।
ਸੋਨੀਆ ਸਿੱਧੂ ਵੱਲੋਂ ਆਪਣੇ ਕਾਰਜਕਾਲ ਦੀ ਸ਼ੁਰੂਆਤ ਤੋਂ ਹੀ ਇਸ ਖੇਤਰ ਵਿੱਚ ਲਗਾਤਾਰ ਕੰਮ ਕੀਤਾ ਜਾਂਦਾ ਰਿਹਾ ਹੈ ਅਤੇ ਡਾਇਬਟੀਜ਼ ਨੈਸ਼ਨਲ ਫਰੇਮਵਰਕ ਬਣਾਉਣ ਨੂੰ ਲੈ ਕੇ ਉਹਨਾਂ ਦਾ ਬਿੱਲ ਸੀ-237 ਕੈਨੇਡਾ ਦੀ ਸੰਸਦ ਵਿਚ ਦੂਸਰੀ ਰੀਡਿੰਗ ‘ਚ ਪਾਸ ਵੀ ਹੋ ਚੁੱਕਿਆ ਹੈ। ਇਸ ਤੋਂ ਪਹਿਲਾਂ ਉਹਨਾਂ ਵੱਲੋਂ ਪੇਸ਼ ਕੀਤਾ ਗਿਆ ਮੋਸ਼ਨ ਐਮ-173 ਵੀ ਸੰਸਦ ਵਿਚ ਪਾਸ ਹੋਇਆ ਸੀ, ਜਿਸ ਤਹਿਤ ਬਰੈਂਪਟਨ ਸਮੇਤ ਕੈਨੇਡਾ ਭਰ ਵਿਚ ਨਵੰਬਰ ਦਾ ਮਹੀਨਾ ‘ਡਾਇਬਟੀਜ਼ ਜਾਗਰੂਕਤਾ ਮਹੀਨੇ’ ਵਜੋਂ ਮਨਾਇਆ ਜਾਣ ਲੱਗਿਆ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …