ਮੋਦੀ ਨੇ ਮਨਮੋਹਨ ਸਿੰਘ ਦੀ ਸਿਹਤਯਾਬੀ ਲਈ ਕੀਤੀ ਕਾਮਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਡਾ. ਮਨਮੋਹਨ ਸਿੰਘ ਦੀ ਸਿਹਤ ਖਰਾਬ ਹੋ ਗਈ ਹੈ। ਉਨ੍ਹਾਂ ਨੂੰ ਬੁਖਾਰ ਅਤੇ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਏਮਜ਼ ਵਿਚ ਭਰਤੀ ਕਰਾਇਆ ਗਿਆ ਹੈ। ਡਾ. ਮਨਮੋਹਨ ਸਿੰਘ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਹਨ ਅਤੇ ਉਹ 2004 ਤੋਂ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹਨ। ਧਿਆਨ ਰਹੇ ਕਿ ਡਾ. ਮਨਮੋਹਨ ਸਿੰਘ ਦੀ ਦੋ ਵਾਰ ਬਾਈਪਾਸ ਸਰਜਰੀ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ. ਮਨਮੋਹਨ ਸਿੰਘ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ। ਮੋਦੀ ਨੇ ਟਵੀਟ ਕੀਤਾ ਕਿ ਮੈਂ ਡਾ. ਮਨਮੋਹਨ ਸਿੰਘ ਜੀ ਦੀ ਚੰਗੀ ਸਿਹਤ ਅਤੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਥਨਾ ਕਰਦਾ ਹਾਂ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਡਾਕਟਰਾਂ ਤੋਂ ਮਨਮੋਹਨ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਲਈ ਹੈ। ਇਸੇ ਦੌਰਾਨ ਸੋਨੀਆ ਤੇ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ ਅਤੇ ਭਗਵੰਤ ਮਾਨ ਨੇ ਵੀ ਡਾ. ਮਨਮੋਹਨ ਸਿੰਘ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਹੈ।