ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਫੌਜ, ਪੈਰਾਮਿਲਟਰੀ ਤੇ ਪੁਲਿਸ ਦੇ ਜਵਾਨਾਂ ਦਾ ਅੱਠ ਕੀਰਤੀ ਚੱਕਰਾਂ ਨਾਲ ਸਨਮਾਨ ਕੀਤਾ। ਇਨ੍ਹਾਂ ‘ਚੋਂ ਪੰਜ ਜਵਾਨਾਂ ਨੂੰ ਮਰਨ ਉਪਰੰਤ ਕੀਰਤੀ ਚੱਕਰ ਦਿੱਤੇ ਗਏ ਹਨ।
ਕੀਰਤੀ ਚੱਕਰ ਅਮਨ ਵੇਲੇ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ (ਪੀਸਟਾਈਮ ਗੈਲੈਂਟਰੀ ਐਵਾਰਡ) ਹੈ। ਰੱਖਿਆ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਭਵਨ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਰਾਸ਼ਟਰਪਤੀ ਨੇ 29 ਜਵਾਨਾਂ ਦਾ ਸ਼ੌਰਿਆ ਚੱਕਰ ਨਾਲ ਵੀ ਸਨਮਾਨ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਬੀਐੱਸਐਫ ਦੇ ਕਾਂਸਟੇਬਲ ਸੁਦੀਪ ਸਰਕਾਰ, ਜੰਮੂ ਕਸ਼ਮੀਰ ਪੁਲਿਸ ਦੇ ਸਿਲੈਕਸ਼ਨ ਗਰੇਡ ਕਾਂਸਟੇਬਲ ਰੋਹਿਤ ਕੁਮਾਰ ਅਤੇ ਛੱਤੀਸਗੜ੍ਹ ਪੁਲਿਸ ਦੇ ਤਿੰਨ ਜਵਾਨਾਂ ਨੂੰ ਮਰਨ ਉਪਰੰਤ ਕੀਰਤੀ ਚੱਕਰ ਦਿੱਤਾ ਗਿਆ।
ਇਸੇ ਦੌਰਾਨ ਰਾਸ਼ਟਰਪਤੀ ਨੇ ਭਾਰਤੀ ਬਲਾਂ 29 ਜਵਾਨਾਂ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ।
ਰਾਸ਼ਟਰਪਤੀ ਵੱਲੋਂ ਰਾਈਫਲਮੈਨ ਔਰੰਗਜ਼ੇਬ (ਮਰਨ ਉਪਰੰਤ), ਸਿਪਾਹੀ ਵੀਰ ਸਿੰਘ (ਮਰਨ ਉਪਰੰਤ) ਗੰਨਰ ਜਸਬੀਰ ਸਿੰਘ (ਮਰਨ ਉਪਰੰਤ), ਕਾਂਸਟੇਬਲ ਮੁਦੱਸਿਰ ਅਹਿਮਦ ਸ਼ੇਖ (ਮਰਨ ਉਪਰੰਤ) ਅਤੇ ਨਾਇਕ ਜਸਬੀਰ ਸਿੰਘ (ਮਰਨ ਉਪਰੰਤ) ਨੂੰ ਸ਼ੌਰਿਆ ਚਕਰ ਨਾਲ ਸਨਮਾਨਿਤ ਕੀਤਾ ਗਿਆ।
ਅਸ਼ੋਕ ਚੱਕਰ ਤੇ ਕੀਰਤੀ ਚੱਕਰ ਤੋਂ ਬਾਅਦ ਸ਼ੌਰਿਆ ਚੱਕਰ ਦੇਸ਼ ਦਾ ਤੀਜਾ ਸਭ ਤੋਂ ਵੱਡਾ ‘ਪੀਸਟਾਈਮ ਗਲੈਂਟਰੀ ਐਵਾਰਡ’ ਹੈ।