ਖਾਪ ਆਗੂਆਂ ਨੇ ਵੀ ਪਹਿਲਵਾਨਾਂ ਦਾ ਕੀਤਾ ਸਮਰਥਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਵਿਖੇ ਜੰਤਰ ਮੰਤਰ ‘ਤੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੇ ਹੱਕ ‘ਚ ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ ‘ਚ ਖਾਪ ਨੇਤਾਵਾਂ ਅਤੇ ਕਿਸਾਨ ਜਥੇਬੰਦੀਆਂ ਨੇ ਇਕਜੁੱਟਤਾ ਦਾ ਹੁੰਗਾਰਾ ਦੇਣ ਦੇ ਨਾਲ-ਨਾਲ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਜੇਕਰ 21 ਮਈ ਤੱਕ ਭਾਰਤੀ ਕੁਸ਼ਤੀ ਫੈੱਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਇਹ ਅੰਦੋਲਨ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਵੱਡਾ ਫ਼ੈਸਲਾ ਲਿਆ ਜਾਵੇਗਾ।
ਇਸ ਦੇ ਚੱਲਦਿਆਂ ਇਸ ਸੰਘਰਸ਼ ਨੂੰ ਔਰਤਾਂ ਦੇ ਸ਼ੋਸ਼ਣ ਦੇ ਖ਼ਿਲਾਫ਼ ਆਵਾਜ਼ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ 11 ਤੋਂ 13 ਮਈ ਤੱਕ ਪੰਜਾਬ, ਹਰਿਆਣਾ ਅਤੇ ਉੱਤਰਾਖੰਡ ‘ਚ ਔਰਤਾਂ ਦੇ ਵੱਡੇ ਰੋਸ ਮੁਜ਼ਾਹਰੇ ਕਰਨ ਦਾ ਫ਼ੈਸਲਾ ਕੀਤਾ। ਇਨ੍ਹਾਂ ਰੋਸ ਮੁਜ਼ਾਹਰਿਆਂ ‘ਚ ਨਾ ਸਿਰਫ਼ ਧਰਨੇ ‘ਤੇ ਬੈਠੀਆਂ ਪਹਿਲਵਾਨਾਂ ਖ਼ਿਲਾਫ਼ ਹੋ ਰਹੇ ਸ਼ੋਸ਼ਣ ਦੀ ਆਵਾਜ਼ ਉਠਾਈ ਜਾਵੇਗੀ, ਸਗੋਂ ਹੋਰਨਾਂ ਵੱਖ-ਵੱਖ ਖੇਤਰਾਂ ‘ਚ ਔਰਤਾਂ ਦੇ ਖ਼ਿਲਾਫ਼ ਹੋ ਰਹੇ ਸ਼ੋਸ਼ਣ ਖ਼ਿਲਾਫ਼ ਲਹਿਰ ਸ਼ੁਰੂ ਕੀਤੀ ਜਾਵੇਗੀ।
ਇਸ ਦੌਰਾਨ ਕੁਸ਼ਤੀ ਫੈੱਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਣ ਨੇ ਖਾਪ ਨੁਮਾਇੰਦਿਆਂ ਨੂੰ ਦਿੱਲੀ ਪੁਲਿਸ ਵਲੋਂ ਕੀਤੀ ਜਾਣ ਵਾਲੀ ਜਾਂਚ ਮੁਕੰਮਲ ਹੋਣ ਤੱਕ ਉਡੀਕ ਕਰਨ ਦੀ ਅਪੀਲ ਕੀਤੀ ਹੈ।
ਖਾਪ ਪੰਚਾਇਤਾਂ ਨੇ ਕੀਤੀ ਮਹਾਂਪੰਚਾਇਤ
ਐਤਵਾਰ ਨੂੰ ਜੰਤਰ-ਮੰਤਰ ‘ਤੇ ਇਕੱਠੇ ਹੋਏ ਹਰਿਆਣਾ, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਤਕਰੀਬਨ 150 ਖਾਪਾਂ ਦੇ ਨੁਮਾਇੰਦਿਆਂ ਅਤੇ ਕਿਸਾਨਾਂ ਵਲੋਂ ਕੀਤੀ ਮਹਾਂਪੰਚਾਇਤ ‘ਚ ਕੇਂਦਰ ਸਰਕਾਰ ਨੂੰ 14 ਦਿਨ ਦਾ ਅਲਟੀਮੇਟਮ ਦਿੰਦਿਆਂ ਬ੍ਰਿਜ ਭੂਸ਼ਣ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ। ਜੰਤਰ-ਮੰਤਰ ‘ਤੇ ਤਕਰੀਬਨ ਸਾਢੇ ਚਾਰ ਘੰਟੇ ਦੀ ਮਹਾਂਪੰਚਾਇਤ ਤੋਂ ਬਾਅਦ ਸਰਕਾਰ ਨੂੰ 14 ਦਿਨਾਂ ਦਾ ਸਮਾਂ ਦਿੰਦਿਆਂ ਕੀਤੀ ਸਾਂਝੀ ਪ੍ਰੈੱਸ ਕਾਨਫ਼ਰੰਸ ‘ਚ ਐਲਾਨ ਕਰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਬੇਟੀਆਂ ਦਾ ਮਾਮਲਾ ਹੈ, ਇਸ ‘ਚ ਸਿਆਸਤ ਨਹੀਂ ਹੋਣੀ ਚਾਹੀਦੀ। ਸਰਕਾਰ ਜੇਕਰ 20 ਮਈ ਤੱਕ ਇਸ ਦਾ ਹੱਲ ਨਹੀਂ ਕੱਢਦੀ ਤਾਂ 21 ਮਈ ਨੂੰ ਮੁੜ ਮਹਾਂਪੰਚਾਇਤ ਹੋਵੇਗੀ, ਜਿਸ ‘ਚ ਵੱਡਾ ਫ਼ੈਸਲਾ ਲੈਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਵੱਡੀ ਗਿਣਤੀ ‘ਚ ਪਹੁੰਚੀਆਂ ਕਿਸਾਨ ਬੀਬੀਆਂ
ਪਹਿਲਵਾਨਾਂ ਦੀ ਹਮਾਇਤ ‘ਚ ਵੱਡੀ ਗਿਣਤੀ ‘ਚ ਕਿਸਾਨ ਬੀਬੀਆਂ ਵੀ ਜੰਤਰ-ਮੰਤਰ ਪਹੁੰਚੀਆਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਹਰਿੰਦਰ ਬਿੰਦੂ ਨੇ ਕਿਹਾ ਕਿ 8 ਬੱਸਾਂ ਅਤੇ 5 ਹੋਰ ਵਾਹਨਾਂ ‘ਚ ਸਵਾਰ ਔਰਤਾਂ ਪਹਿਲਵਾਨਾਂ ਦੇ ਸਮਰਥਨ ‘ਚ ਪਹੁੰਚੀਆਂ। ਉਨ੍ਹਾਂ ਪਹਿਲਵਾਨਾਂ ਦੇ ਸੰਘਰਸ਼ ਦੇ ਨਾਲ ਔਰਤਾਂ ਦੇ ਸ਼ੋਸ਼ਣ ਦੇ ਵੱਡੇ ਮੁੱਦੇ ਨੂੰ ਜੋੜਦਿਆਂ ਕਿਹਾ ਕਿ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਖ਼ਿਲਾਫ਼ ਲਹਿਰ ਬਣਾਉਣ ਲਈ 11 ਤੋਂ 13 ਮਈ ਤੱਕ ਪੰਜਾਬ ਅਤੇ ਹਰਿਆਣਾ ‘ਚ ਵੱਡੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਫਿਲਹਾਲ ਤਾਂ ਇਹ ਸਿਰਫ਼ ਇਕ ਦਿਨ ਦਾ ਪ੍ਰਦਰਸ਼ਨ ਹੈ ਪਰ ਉਨ੍ਹਾਂ ਦੀ ਜਥੇਬੰਦੀ ਖਿਡਾਰੀਆਂ ਦੇ ਨਾਲ ਖੜ੍ਹੀ ਨਜ਼ਰ ਆਵੇਗੀ।
ਜਿੱਤਣ ‘ਤੇ ਮੋਦੀ ਜੀ ਨੇ ਚਾਹ ‘ਤੇ ਸੱਦਿਆ ਸੀ ਤੇ ਹੁਣ ਮਸੀਬਤ ਵੇਲੇ ਸਾਨੂੰ ਵਿਸਾਰ ਦਿੱਤਾ: ਸਾਕਸ਼ੀ ਮਲਿਕ
ਨਵੀਂ ਦਿੱਲੀ : ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਵੱਲੋਂ ਕੀਤੇ ਕਥਿਤ ਜਿਨਸੀ ਸ਼ੋਸ਼ਣ ਖਿਲਾਫ ਪਹਿਲਵਾਨਾਂ ਵੱਲੋਂ ਜਾਰੀ ਪ੍ਰਦਰਸ਼ਨ ਪ੍ਰਤੀ ਕੇਂਦਰ ਸਰਕਾਰ ਦੇ ਮੱਠੇ ਹੁੰਗਾਰੇ ਤੋਂ ਨਿਰਾਸ਼ ਕੁਸ਼ਤੀ ਵਿੱਚ ਇਕਲੌਤੀ ਮਹਿਲਾ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਮਾਮਲੇ ‘ਤੇ ਚੁੱਪ ਰਹਿਣ ਕਾਰਨ ਆਲੋਚਨਾ ਕੀਤੀ। ਮਲਿਕ ਨੇ ਕਿਹਾ ਕਿ ਮੋਦੀ ਨੇ ਤਗਮਾ ਜੇਤੂਆਂ ਨੂੰ ਚਾਹ ਲਈ ਬੁਲਾਇਆ ਸੀ ਪਰ ਜਦੋਂ ਉਹ ਮੁਸੀਬਤ ਵਿੱਚ ਹੁੰਦੇ ਹਨ ਤਾਂ ਉਹ ਸੁਣਦੇ ਵੀ ਨਹੀਂ। ਉਸ ਨੇ ਕਿਹਾ, ‘ਮੋਦੀ ਜੀ ਹਮੇਸ਼ਾ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੀ ਗੱਲ ਕਰਦੇ ਹਨ। ਜਦੋਂ ਅਸੀਂ ਦੇਸ਼ ਦਾ ਨਾਮ ਰੌਸ਼ਨ ਕੀਤਾ ਤਾਂ ਉਨ੍ਹਾਂ ਸਾਨੂੰ ਚਾਹ ਅਤੇ ਰਾਤ ਦੇ ਖਾਣੇ ਲਈ ਬੁਲਾਇਆ। ਮੈਨੂੰ ਲੱਗਦਾ ਹੈ ਕਿ ਉਹ ਸਾਨੂੰ ਉਦੋਂ ਹੀ ਯਾਦ ਕਰਦੇ ਹਨ, ਜਦੋਂ ਅਸੀਂ ਤਮਗੇ ਲਿਆਉਂਦੇ ਹਾਂ ਅਤੇ ਉਦੋਂ ਨਹੀਂ ਜਦੋਂ ਅਸੀਂ ਮੁਸੀਬਤ ਵਿੱਚ ਹੁੰਦੇ ਹਾਂ।’ ਉਸ ਨੇ ਕਿਹਾ ਕਿ ਸਰਕਾਰ ਬ੍ਰਿਜ ਭੂਸ਼ਨ ਵਿਰੁੱਧ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਉਹ ਭਾਜਪਾ ਦਾ ਸੰਸਦ ਮੈਂਬਰ ਹੈ।
ਮਹਿਲਾ ਪਹਿਲਵਾਨਾਂ ਦੀ ਹਮਾਇਤ ਵਿੱਚ ਜ਼ੀਰਕਪੁਰ ‘ਚ ਧਰਨਾ
‘ਆਪ’ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਧਰਨੇ ਦੀ ਕੀਤੀ ਅਗਵਾਈ
ਜ਼ੀਰਕਪੁਰ/ਬਿਊਰੋ ਨਿਊਜ਼ : ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਵਿਧਾਇਕ ‘ਆਪ’ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਜ਼ੀਰਕਪੁਰ ਵਿਖੇ ਏਅਰਪੋਰਟ ਰੋਡ ‘ਤੇ ਧਰਨਾ ਦੇ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਹਮਾਇਤ ਦਿੱਤੀ। ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਭਾਜਪਾ ਸਰਕਾਰ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨਾਲ ਬੇਇਨਸਾਫ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਪਹਿਲਵਾਨ ਪਿਛਲੇ ਕਈ ਦਿਨਾਂ ਤੋਂ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਕੇ ਭਾਜਪਾ ਦੇ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ ਪਰ ਕੇਂਦਰ ਵੱਲੋਂ ਉਨ੍ਹਾਂ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਭਾਜਪਾ ਸੰਸਦ ਮੈਂਬਰ ਖਿਲਾਫ ਜਲਦੀ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।