ਸੋਸ਼ਲ ਮੀਡੀਆ ‘ਤੇ ਚੱਲ ਰਹੀ ਕਲਿੱਪ ਦੀ ਹੋਵੇਗੀ ਜਾਂਚ : ਐਸ.ਆਈ.ਟੀ.
ਫਰੀਦਕੋਟ : ਸ਼ੋਸ਼ਲ ਮੀਡੀਆ ‘ਤੇ ਵਾਇਰਲ ਪੁਲਿਸ ਅਧਿਕਾਰੀਆਂ ਦੇ ਵਿਚਕਾਰ ਗੱਲਬਾਤ ਦੀ ਆਡੀਓ ਵਿਚ ਬਹਿਬਲ ਕਲਾਂ ਗੋਲੀਕਾਂਡ ਦੇ ਬਾਰੇ ਵਿਚ ਕਈ ਤਰ੍ਹਾਂ ਦੇ ਤੱਥ ਸਾਹਮਣੇ ਆਏ ਹਨ। ਇਸ ਗੱਲਬਾਤ ਵਿਚ ਸ਼ਾਮਲ ਦੋਵੇਂ ਪੁਲਿਸ ਅਧਿਕਾਰੀ ਬਹਿਬਲ ਕਲਾਂ ਗੋਲੀਕਾਂਡ ਦੇ ਸਮੇਂ ਘਟਨਾ ਸਥਾਨ ‘ਤੇ ਤਾਇਨਾਤ ਸਨ ਅਤੇ ਉਨ੍ਹਾਂ ਵਿਚੋਂ ਇਕ ਨੂੰ ਆਯੋਗ ਦੀ ਰਿਪੋਰਟ ਦੇ ਅਧਾਰ ‘ਤੇ ਬਹਿਬਲ ਕਲਾਂ ਗੋਲੀਕਾਂਡ ਵਿਚ ਦਰਜ ਹੱਤਿਆ ਮਾਮਲੇ ਦੀ ਐਫਆਈਆਰ ਵਿਚ ਨਾਮਜ਼ਦ ਕੀਤਾ ਗਿਆ ਹੈ। ਇਹ ਗੱਲਬਾਤ ਉਸ ਸਮੇਂ ਦੀ ਹੈ ਜਦ ਬੇਅਦਬੀ ਮਾਮਲੇ ਦੀ ਜਸਟਿਸ ਰਣਜੀਤ ਸਿੰਘ ਆਯੋਗ ਦੁਆਰਾ ਜਾਂਚ ਕੀਤੀ ਜਾ ਰਹੀ ਸੀ।
ਆਡੀਓ ਵਿਚ ਪੁਲਿਸ ਅਧਿਕਾਰੀ ਕਹਿੰਦੇ ਸੁਣੇ ਜਾ ਰਹੇ ਹਨ ਕਿ ਘਟਨਾਕ੍ਰਮ ਦੌਰਾਨ ਲੁਧਿਆਣਾ ਤੋਂ ਆਈ ਪੁਲਿਸ ਨੇ ਫਿਲਮੀ ਸਟਾਈਲ ਵਿਚ ਗੋਲੀਆਂ ਚਲਾਈਆਂ ਸਨ। ਆਡੀਓ ਵਿਚ ਉਹ ਪੁਲਿਸ ਅਧਿਕਾਰੀਆਂ ਦਾ ਨਾਮ ਲੈ ਕੇ ਕਹਿ ਰਹੇ ਹਨ ਕਿ ਕਿਸ ਨੇ ਆਪਣੀ ਅਸਾਲਟ ਨਾਲ ਗੋਲੀਆਂ ਚਲਾਈਆਂ ਸਨ। ਗੱਲਬਾਤ ਵਿਚ ਇਕ ਅਧਿਕਾਰੀ ਤਾਂ ਇੱਥੋਂ ਤੱਕ ਕਹਿ ਰਿਹਾ ਹੈ ਕਿ ਉਕਤ ਅਧਿਕਾਰੀ ਪਹਿਲਾਂ ਵਾਲੇ ਆਯੋਗ ਨੂੰ ਪੈਸੇ ਦੇ ਕੇ ਨਿਕਲ ਗਏ ਸਨ। ਨਾਲ ਹੀ ਉਹ ਇਸ ਮਾਮਲੇ ਨੂੰ ਲੈ ਕੇ ਆਈ.ਜੀ. ਪੱਧਰ ਦੇ ਦੋ ਅਧਿਕਾਰੀਆਂ ਦੇ ਵਿਚਕਾਰ ਖਿੱਚੋਤਾਣ ਅਤੇ ਵਿਵਾਦ ਦੀ ਵੀ ਚਰਚਾ ਕਰ ਰਹੇ ਸਨ। ਐਸਆਈਟੀ ਦੇ ਮੈਂਬਰ ਐਸਐਸਪੀ ਕਪੂਰਥਲਾ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੂਰੀ ਨਿਰਪੱਖਤਾ ਨਾਲ ਜਾਂਚ ਹੋ ਰਹੀ ਹੈ। ਇਸ ਵਿਚ ਕਾਨੂੰਨ ਦੇ ਤਹਿਤ ਹੀ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਇਕ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਵਾਇਰਲ ਬਹਿਬਲ ਕਲਾਂ ਗੋਲੀਕਾਂਡ ਦੀ ਘਟਨਾ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੀ ਗੱਲਬਾਤ ਵਾਲੀ ਆਡੀਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਥੇ ਇਸ ਮਾਮਲੇ ਵਿਚ ਐਸਆਈਟੀ ਨੇ ਅਦਾਲਤ ਵਿਚ ਕਿਹਾ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਘਟਨਾ ਦੇ ਸਮੇਂ ਐਸਐਸਪੀ ਚਰਨਜੀਤ ਸ਼ਰਮਾ ਅਤੇ ਉਨ੍ਹਾਂ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ ਦੁਆਰਾ ਲੋਕਾਂ ਨਾਲ ਦੁਰਵਿਵਹਾਰ ਕੀਤੇ ਜਾਣ ਤੋਂ ਬਾਅਦ ਭੜਕਿਆ ਸੀ।
ਬਹਿਬਲ ਕਲਾਂ ਗੋਲੀਕਾਂਡ ਵਿਚ ਪ੍ਰਦਰਸ਼ਨਕਾਰੀਆਂ ‘ਤੇ ਦਰਜ ਇਰਾਦਾ-ਏ-ਕਤਲ ਐਫ ਆਈ ਆਰ ਹੀ ਆਰੋਪੀ ਪੁਲਿਸ ਅਫਸਰਾਂ ਦੇ ਗਲੇ ਦੀ ਹੱਡੀ ਬਣਦੀ ਦਿਸਣ ਲੱਗੀ ਹੈ। ਘਟਨਾ ਵਾਲੇ ਦਿਨ 14 ਅਕਤੂਬਰ 2015 ਨੂੰ ਥਾਣਾ ਬਾਜਾਖਾਨਾ ਵਿਚ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਐਫਆਈਆਰ ਨੰਬਰ 129 ਦਰਜ ਕੀਤੀ ਗਈ ਸੀ। ਇਸ ਵਿਚ ਐਸਐਸਪੀ ਮੋਗਾ ਚਰਨਜੀਤ ਸ਼ਰਮਾ, ਐਸ ਪੀ ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਦੇ ਧਾਰਾ 161 ਦੇ ਦਰਜ ਬਿਆਨ ਦਾ ਜ਼ਿਕਰ ਕਰਦਿਆਂ ਐਸਆਈਟੀ ਨੇ ਕਿਹਾ ਕਿ ਉਸ ਦਿਨ ਪੁਲਿਸ ਨੇ ਆਪਣੇ ਬਚਾਅ ਵਿਚ ਗੋਲੀਆਂ ਚਲਾਈਆਂ ਸਨ। ਐਸਆਈਟੀ ਦੀ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਡਿਊਟੀ ‘ਤੇ ਤੈਨਾਤ ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੇ ਹਥਿਆਰਾਂ ਦੇ ਨਾਲ ਸਾਰੇ ਕਾਰਤੂਸ ਵੀ ਜਮ੍ਹਾਂ ਕਰਵਾ ਦਿੱਤੇ ਸਨ। ਜਦ ਪੁਲਿਸ ਨੇ ਕੋਈ ਗੋਲੀ ਹੀ ਨਹੀਂ ਚਲਾਈ ਤਾਂ ਕਿਸ ਦੀਆਂ ਗੋਲੀਆਂ ਨਾਲ ਦੋ ਨੌਜਵਾਨਾਂ ਦੀ ਮੌਤ ਹੋਈ ਅਤੇ ਇੰਨੇ ਵਿਅਕਤੀ ਜ਼ਖ਼ਮੀ ਹੋਏ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …