Breaking News
Home / ਪੰਜਾਬ / ਬੇਅਦਬੀ ਮਾਮਲੇ ‘ਚ ਜਥੇਦਾਰ ਮੰਡ ਨੇ ਕੈਪਟਨ ਅਮਰਿੰਦਰ ਨੂੰ ਕੀਤਾ ਤਲਬ

ਬੇਅਦਬੀ ਮਾਮਲੇ ‘ਚ ਜਥੇਦਾਰ ਮੰਡ ਨੇ ਕੈਪਟਨ ਅਮਰਿੰਦਰ ਨੂੰ ਕੀਤਾ ਤਲਬ

20 ਸਤੰਬਰ ਨੂੰ ਸਪੱਸ਼ਟੀਕਰਨ ਦੇਣ ਲਈ ਸੱਦਿਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਬਰਗਾੜੀ ਬੇਅਦਬੀ ਮਾਮਲੇ ਵਿੱਚ ਹੁਣ ਤੱਕ ਇਨਸਾਫ ਨਾ ਦੇਣ ਦੇ ਦੋਸ਼ ਹੇਠ ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਧਿਆਨ ਸਿੰਘ ਮੰਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 20 ਸਤੰਬਰ ਨੂੰ ਸਪੱਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਮੰਡ ਨੇ ਦੱਸਿਆ ਕਿ ਪਿਛਲੀ ਵਾਰ 20 ਅਗਸਤ ਨੂੰ ਪੰਜਾਬ ਸਰਕਾਰ ਦੇ ਪੰਜ ਨੁਮਾਇੰਦਿਆਂ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਨੇ ਹੁਣ ਤੱਕ ਕਾਰਵਾਈ ਨਾ ਹੋਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਸੀ। ਇਸ ਸਪੱਸ਼ਟੀਕਰਨ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਪੱਸ਼ਟੀਕਰਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ 20 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਬਿ ਵਿਖੇ ਪੇਸ਼ ਹੋ ਕੇ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਆਪਣਾ ਸਪੱਸ਼ਟੀਕਰਨ ਦੇਣ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਦੋ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਤਿੰਨ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਕੁਲਬੀਰ ਸਿੰਘ ਜ਼ੀਰਾ ਨੂੰ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ ਸੀ। ਇਨ੍ਹਾਂ ‘ਚੋਂ ਤਿੰਨ ਨੁਮਾਇੰਦੇ 20 ਅਗਸਤ ਨੂੰ ਪੇਸ਼ ਹੋਏ ਸਨ ਅਤੇ ਉਨ੍ਹਾਂ ਨੇ ਆਪਣੇ ਸਪੱਸ਼ਟੀਕਰਨ ਵਜੋਂ ਇਕ ਪੱਤਰ ਜਥੇਦਾਰ ਮੰਡ ਨੂੰ ਸੌਂਪਿਆ ਸੀ। ਇਹ ਪੱਤਰ ਕਾਂਗਰਸ ਸਰਕਾਰ ਦੇ ਉਕਤ ਦੋ ਮੰਤਰੀਆਂ ਅਤੇ ਤਿੰਨ ਵਿਧਾਇਕਾਂ ਵੱਲੋਂ ਸਾਂਝੇ ਤੌਰ ‘ਤੇ ਦਿੱਤਾ ਗਿਆ ਸੀ। ਮੰਡ ਨੇ ਆਖਿਆ ਕਿ ਪੰਜ ਨੁਮਾਇੰਦਿਆਂ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਸਬੰਧੀ ਫੈਸਲਾ ਹਾਲ ਦੀ ਘੜੀ ਰਾਖਵਾਂ ਰੱਖਿਆ ਗਿਆ ਹੈ।

 

Check Also

ਅਮਰੀਕਾ ਤੇ ਬਿ੍ਟੇਨ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਨਰਿੰਦਰ ਮੋਦੀ ਦੀ ਗਾਰੰਟੀ ਨੂੰ ਦੱਸਿਆ ਝੂਠ ਦਾ ਪੁਲੰਦਾ 

ਚੰਡੀਗੜ੍ਹ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਵੀਰਵਾਰ ਨੂੰ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ …