ਸਰਕਾਰ ਨੇ ਹਾਈਕੋਰਟ ‘ਚ ਦਿੱਤੀ ਸੀ ਰਿਪੋਰਟ
ਪਰਗਟ ਸਿੰਘ ਤੇ ਸੁਖਪਾਲ ਖਹਿਰਾ ਨੇ ਸਰਕਾਰ ‘ਤੇ ਚੁੱਕੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਸੁਰੱਖਿਆ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ‘ਤੇ ਵੱਡਾ ਸਿਆਸੀ ਨਿਸ਼ਾਨਾ ਸਾਧਿਆ ਹੈ। ਕਾਂਗਰਸ ਵਿਧਾਇਕ ਪਰਗਟ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਨੇ ਇਸ ਬਾਰੇ ਦਸਤਾਵੇਜ਼ ਵੀ ਜਾਰੀ ਕੀਤੇ ਹਨ, ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਪੰਜਾਬ ਦਾ ਕਨਵੀਨਰ ਦਿਖਾਇਆ ਗਿਆ ਹੈ। ਸੁਰੱਖਿਆ ਦੀ ਜੈਡ ਪਲੱਸ ਕੈਟੇਗਰੀ ਵਿਚ ਕੇਜਰੀਵਾਲ ਦਾ ਨਾਮ ਪਹਿਲੇ ਨੰਬਰ ‘ਤੇ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨੰਬਰ ਦੂਜਾ ਅਤੇ ਰਾਘਵ ਚੱਢਾ ਦਾ ਨਾਮ ਤੀਜੇ ਸਥਾਨ ‘ਤੇ ਹੈ। ਫਿਲਹਾਲ ਪੰਜਾਬ ਵਿਚ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਹਨ। ਇਸੇ ਦੌਰਾਨ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਫਰਾਡ ਕੀਤਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਗਲਤ ਤਰੀਕੇ ਨਾਲ ਪੰਜਾਬ ਦਾ ਕਨਵੀਨਰ ਦਿਖਾ ਕੇ ਜੈਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਕੇਜਰੀਵਾਲ ਨੂੰ ਪਹਿਲਾਂ ਹੀ ਕੇਂਦਰ ਨੇ ਦਿੱਲੀ ਦੇ ਸੀਐਮ ਦੇ ਤੌਰ ‘ਤੇ ਜੈਡ ਪਲੱਸ ਸੁਰੱਖਿਆ ਦਿੱਤੀ ਹੋਈ ਹੈ।
ਉਨ੍ਹਾਂ ਕਿਹਾ ਕਿ ਇਕ ਆਦਮੀ ਕੋਲ ਦੋ ਜੈਡ ਪਲੱਸ ਸਕਿਉਰਿਟੀ ਹੈ। ਉਨ੍ਹਾਂ ਨੇ ਇਸ ਨੂੰ ਭਾਰਤੀ ਰਾਜਨੀਤੀ ਵਿਚ ਨਵੀਂ ਗਿਰਾਵਟ ਦੱਸਿਆ। ਇਸੇ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਖੁਦ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਕਨਵੀਨਰ ਦੱਸ ਕੇ ਫਰਾਡ ਕੀਤਾ ਹੈ। ਸੁਖਪਾਲ ਖਹਿਰਾ ਨੇ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਜਵਾਬ ਮੰਗਿਆ ਹੈ।
ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦੀ ਪਟੀਸ਼ਨ ਦੇ ਜਵਾਬ ਵਿਚ ਪੰਜਾਬ ਸਰਕਾਰ ਨੇ ਇਹ ਦਸਤਾਵੇਜ਼ ਹਾਈਕੋਰਟ ਵਿਚ ਜਮ੍ਹਾਂ ਕੀਤਾ ਹੈ। ਜਿਸ ਵਿਚ ਕੇਜਰੀਵਾਲ ਨੂੰ ‘ਆਪ’ ਦਾ ਪੰਜਾਬ ਕਨਵੀਨਰ ਦੱਸ ਕੇ ਜੈਡ ਪਲੱਸ ਸੁਰੱਖਿਆ ਦਿੱਤੀ ਗਈ ਹੈ।