ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨ ਪ੍ਰੀਤਮ ਸਿੰਘ ਸ਼ਹੀਦ ਕਰਾਰ
ਲੌਂਗੋਵਾਲ/ਬਿਊਰੋ ਨਿਊਜ਼ : ਲੌਂਗੋਵਾਲ ਵਿੱਚ ਬੀਤੇ ਦਿਨੀਂ ਪੁਲਿਸ ਅਤੇ ਕਿਸਾਨਾਂ ਦਰਮਿਆਨ ਹੋਈ ਝੜਪ ਤੋਂ ਬਾਅਦ ਲੌਂਗੋਵਾਲ ਪੁਲਿਸ ਨੇ 30-35 ਅਣਪਛਾਤੇ ਵਿਅਕਤੀਆਂ ਸਮੇਤ 50 ਤੋਂ ਵੱਧ ਕਿਸਾਨਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਦੀ ਕਾਰਵਾਈ ਮਗਰੋਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਲੌਂਗੋਵਾਲ ‘ਚ ਹੰਗਾਮੀ ਮੀਟਿੰਗ ਕਰਦਿਆਂ ਝੜਪ ਦੌਰਾਨ ਜਾਨ ਗੁਆਉਣ ਵਾਲੇ ਕਿਸਾਨ ਪ੍ਰੀਤਮ ਸਿੰਘ ਨੂੰ ‘ਸ਼ਹੀਦ’ ਕਰਾਰ ਦਿੱਤਾ ਹੈ ਤੇ ਲੌਂਗੋਵਾਲ ‘ਚ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ।
ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਆਗੂ ਸਤਿਨਾਮ ਸਿੰਘ ਬਹਿਰੂ, ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ ਅਤੇ ਭਾਕਿਯੂ ਦੁਆਬਾ ਦੇ ਆਗੂ ਸਤਨਾਮ ਸਿੰਘ ਸਾਹਨੀ ਨੇ ਲੌਂਗੋਵਾਲ ‘ਚ ਹੋਏ ਪੁਲਿਸ ਜਬਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਡਬਰ ਟੌਲ ਪਲਾਜ਼ਾ ‘ਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਤੇ ਕਿਸਾਨ ਬੀਬੀਆਂ ਉੱਪਰ ਪੁਲਿਸ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਅਤੇ ਕਿਸਾਨ ਪ੍ਰੀਤਮ ਸਿੰਘ ਨੂੰ ਸ਼ਹੀਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਾਪਰੇ ਸਮੁੱਚੇ ਘਟਨਾਕ੍ਰਮ ਲਈ ਪੁਲਿਸ ਵਲੋਂ ਉਲਟਾ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦਿਆਂ 53 ਕਿਸਾਨਾਂ ਖ਼ਿਲਾਫ਼ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।