ਤਿੰਨ ਜਵਾਨ ਪੰਜਾਬ, ਇਕ ਯੂ.ਪੀ. ਅਤੇ ਇਕ ਕੇਰਲਾ ਨਾਲ ਸਬੰਧਤ
ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸੂਰਨਕੋਟ ਇਲਾਕੇ ‘ਚ ਸੋਮਵਾਰ ਨੂੰ ਹੋਏ ਇਕ ਮੁਕਾਬਲੇ ਦੌਰਾਨ ਫੌਜ ਦੇ ਇਕ ਨਾਇਬ ਸੂਬੇਦਾਰ (ਜੇ.ਸੀ.ਓ.) ਸਮੇਤ 5 ਜਵਾਨ ਸ਼ਹੀਦ ਹੋ ਗਏ।
ਜਾਣਕਾਰੀ ਅਨੁਸਾਰ ਪੁਣਛ ਦੇ ਡੇਰਾ-ਕੀ-ਗਲੀ ਇਲਾਕੇ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਪੱਕੀ ਸੂਚਨਾ ਮਿਲਣ ‘ਤੇ ਫੌਜ ਵਲੋਂ ਸੋਮਵਾਰ ਤੜਕੇ ਤਲਾਸ਼ੀ ਕਾਰਵਾਈ ਸ਼ੁਰੂ ਕੀਤੀ ਗਈ ਸੀ, ਜਿਸ ਦੌਰਾਨ ਜੰਗਲ ‘ਚ ਲੁਕੇ ਅੱਤਵਾਦੀਆਂ ਨੇ ਫੌਜ ਦੀ ਟੁਕੜੀ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਕ ਜੇ.ਸੀ.ਓ. ਸਮੇਤ 5 ਜਵਾਨਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਜਿਥੇ ਪੰਜ ਜਵਾਨ ਜ਼ਖ਼ਮਾਂ ਦੀ ਤਾਬ ਨਾ ਝਲਦੇ ਦਮ ਤੋੜ ਗਏ। ਸ਼ਹੀਦ ਜਵਾਨਾਂ ਦੀ ਪਛਾਣ ਜੇ.ਸੀ.ਓ.ਜਸਵਿੰਦਰ ਸਿੰਘ (ਪੰਜਾਬ), ਸਿਪਾਹੀ ਸਰਾਜ ਸਿੰਘ (ਉੱਤਰ ਪ੍ਰਦੇਸ਼), ਨਾਇਕ ਮਨਦੀਪ ਸਿੰਘ (ਪੰਜਾਬ), ਸਿਪਾਹੀ ਗੱਜਣ ਸਿੰਘ (ਪੰਜਾਬ) ਅਤੇ ਸਿਪਾਹੀ ਵੈਸ਼ਾਖ ਐਚ. (ਕੇਰਲ) ਵਜੋ ਹੋਈ ਹੈ।
ਸੈਨਾ ਮੈਡਲ ਨਾਲ ਸਨਮਾਨਿਤ ਸੀ ਮਾਨਾ ਤਲਵੰਡੀ ਦਾ ਨਾਇਬ ਸੂਬੇਦਾਰ ਜਸਵਿੰਦਰ ਸਿੰਘ
ਭੁਲੱਥ : ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸੂਰਨਕੋਟ ਇਲਾਕੇ ‘ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਭੁਲੱਥ ਦੇ ਪਿੰਡ ਮਾਨਾ ਤਲਵੰਡੀ ਦਾ ਨਾਇਬ ਸੂਬੇਦਾਰ ਜਸਵਿੰਦਰ ਸਿੰਘ (39) ਸ਼ਹੀਦ ਹੋ ਗਿਆ ਹੈ। ਸ਼ਹੀਦ ਜਸਵਿੰਦਰ ਸਿੰਘ ਦੇ ਵੱਡੇ ਭਰਾ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਵੀ ਫ਼ੌਜ ਵਿਚੋਂ ਸੇਵਾ-ਮੁਕਤ ਹੋਏ ਹਨ, ਉਨ੍ਹਾਂ ਦਾ ਛੋਟਾ ਭਰਾ ਜਸਵਿੰਦਰ ਸਿੰਘ ਮਈ ਮਹੀਨੇ ਵਿਚ ਆਪਣੇ ਪਿਤਾ ਕੈਪਟਨ ਹਰਭਜਨ ਸਿੰਘ ਦੀ ਮੌਤ ‘ਤੇ ਛੁੱਟੀ ਕੱਟਣ ਆਇਆ ਸੀ। ਸ਼ਹੀਦ ਦੇ ਘਰ ਵਿਚ ਉਸ ਦੀ ਪਤਨੀ ਸੁਖਪ੍ਰੀਤ ਕੌਰ, ਇਕ ਪੁੱਤਰ (13) ਤੇ ਇਕ ਪੁੱਤਰੀ (11) ਤੇ ਬਜ਼ੁਰਗ ਮਾਤਾ ਹੈ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਕਰੀਬ 21 ਸਾਲ ਪਹਿਲਾਂ ਸਿੱਖ ਰੈਜੀਮੈਂਟ ‘ਚ ਭਰਤੀ ਹੋਇਆ ਸੀ ਅਤੇ 2007 ਵਿਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਬਹਾਦਰੀ ਦਿਖਾਉਣ ‘ਤੇ ਉਸ ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।
ਫਤਹਿਗੜ੍ਹ ਚੂੜੀਆਂ ਦੇ ਪਿੰਡ ਚੱਠਾ ਨਾਲ ਸੰਬੰਧਿਤ ਸੀ ਸ਼ਹੀਦ ਮਨਦੀਪ ਸਿੰਘ
ਗੁਰਦਾਸਪੁਰ : ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਚੱਠਾ ਦੇ ਫ਼ੌਜੀ ਜਵਾਨ ਮਨਦੀਪ ਸਿੰਘ ਜੰਮੂ-ਕਸ਼ਮੀਰ ਦੇ ਪੁਣਛ ਖੇਤਰ ‘ਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਿਆ ਹੈ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਦੀਪ ਸਿੰਘ ਫ਼ੌਜ ਦੀ 16 ਰਾਸ਼ਟਰੀਆ ਰਾਈਫਲ ਯੂਨਿਟ 11 ਸਿੱਖ ਰੈਜੀਮੈਂਟ ‘ਚ ਕਰੀਬ 10 ਸਾਲ ਤੋਂ ਨੌਕਰੀ ਕਰਦਾ ਆ ਰਿਹਾ ਸੀ।
ਫਰਵਰੀ ਮਹੀਨੇ ‘ਚ ਵਿਆਹਿਆ ਸੀ ਨੂਰਪੁਰ ਬੇਦੀ ਦਾ ਗੱਜਣ ਸਿੰਘ
ਨੂਰਪੁਰ ਬੇਦੀ : ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸੂਰਨਕੋਟ ਇਲਾਕੇ ਵਿਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਇਕ ਨਾਇਬ ਸੂਬੇਦਾਰ (ਜੇ.ਸੀ.ਓ.) ਸਮੇਤ ਸ਼ਹੀਦ ਹੋਏ 5 ਫ਼ੌਜੀਆਂ ‘ਚੋਂ 3 ਪੰਜਾਬ ਨਾਲ ਸਬੰਧਿਤ ਹਨ ਅਤੇ ਇਨ੍ਹਾਂ ‘ਚ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਪਚਰੰਡਾ ਦਾ ਫ਼ੌਜੀ ਗੱਜਣ ਸਿੰਘ ਵੀ ਸ਼ਾਮਿਲ ਹੈ। ਮਿਲੀ ਜਾਣਕਾਰੀ ਅਨੁਸਾਰ ਗੱਜਣ ਸਿੰਘ (27) ਪੁੱਤਰ ਚਰਨ ਸਿੰਘ ਤੇ ਮਲਕੀਤ ਕੌਰ 8 ਸਾਲ ਪਹਿਲਾਂ ਭਾਰਤੀ ਫ਼ੌਜ ਦੀ 23 ਸਿੱਖ ਰੈਜੀਮੈਂਟ ‘ਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਫ਼ੌਜ ਦੀ 16 ਆਰ.ਆਰ. ਰੈਜੀਮੈਂਟ ਵਿਚ ਪੁਣਛ ਵਿਖੇ ਤਾਇਨਾਤ ਸੀ। ਜਵਾਨ ਗੱਜਣ ਸਿੰਘ ਦਾ ਵਿਆਹ ਇਸੇ ਸਾਲ ਫਰਵਰੀ ਮਹੀਨੇ ਵਿਚ ਹੋਇਆ ਸੀ, ਸ਼ਹੀਦ ਦੀ ਪਤਨੀ ਹਰਪ੍ਰੀਤ ਕੌਰ ਭਰ ਜਵਾਨੀ ਵਿਚ ਵਿਧਵਾ ਹੋ ਗਈ ਹੈ। ਗੱਜਣ ਸਿੰਘ ਦੀ ਸ਼ਹੀਦੀ ਦੀ ਖ਼ਬਰ ਮਿਲਣ ‘ਤੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਗੱਜਣ ਸਿੰਘ ਦੇ ਦੋ ਹੋਰ ਭਰਾ ਹਨ। ਸ਼ਹੀਦ ਗੱਜਣ ਸਿੰਘ ਕਿਸਾਨੀ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ, ਉਹ 8 ਫ਼ਰਵਰੀ, 2021 ਨੂੰ ਰੂਪਨਗਰ ਜ਼ਿਲ੍ਹੇ ਦੇ ਪਿੰਡ ਪਲਾਸੀ ਵਿਖੇ ਹਰਪ੍ਰੀਤ ਕੌਰ ਨਾਲ ਆਪਣੇ ਵਿਆਹ ਸਮੇਂ ਆਪਣੀ ਬਰਾਤ ਵੀ ਟਰੈਕਟਰ ‘ਤੇ ਲੈ ਕੇ ਗਿਆ ਸੀ ਅਤੇ ਆਪਣੀ ਲਾੜੀ ਹਰਪ੍ਰੀਤ ਕੌਰ ਨੂੰ ਟਰੈਕਟਰ ‘ਤੇ ਹੀ ਵਿਆਹ ਕੇ ਲਿਆਇਆ ਸੀ, ਸਾਦੇ ਢੰਗ ਅਤੇ ਬਿਨਾਂ ਦਾਜ ਦਹੇਜ ਤੋਂ ਹੋਏ ਇਸ ਵਿਆਹ ਦੀ ਚਰਚਾ ਪੂਰੇ ਇਲਾਕੇ ਵਿਚ ਹੋਈ ਸੀ। ਤਿੰਨ ਭਰਾਵਾਂ ‘ਚੋਂ ਸਭ ਤੋਂ ਛੋਟੇ ਗੱਜਣ ਸਿੰਘ ਨੇ ਆਪਣੇ ਭਰਾਵਾਂ ਵਾਂਗ ਬਿਨਾਂ ਦਾਜ ਵਿਆਹ ਕਰਵਾਇਆ ਸੀ, ਉਸ ਦੇ ਪਿਤਾ ਚਰਨ ਸਿੰਘ ਇਕ ਛੋਟੇ ਕਿਰਸਾਨੀ ਪਰਿਵਾਰ ਨਾਲ ਸੰਬੰਧਿਤ ਹਨ।
ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ 50-50 ਲੱਖ ਰੁਪਏ ਦੀ ਗਰਾਂਟ ਦੇਵੇਗੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ ਅਤੇ ਸਿਪਾਹੀ ਗੱਜਣ ਸਿੰਘ ਦੇ ਪਰਿਵਾਰਾਂ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50-50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ ਜੋ ਪੁਣਛ ਸੈਕਟਰ ਵਿਚ ਅਤਿਵਾਦੀਆਂ ਦਾ ਮੁਕਾਬਲਾ ਕਰਦਿਆਂ ਦੇਸ਼ ਸੇਵਾ ਵਿਚ ਆਪਣੀਆਂ ਜਾਨਾਂ ਵਾਰ ਗਏ ਹਨ।
ਨਾਇਕਾਂ ਨੂੰ ਵਿਦਾਈ : ਪੰਜਾਬ ਦੇ ਤਿੰਨੋਂ ਫੌਜੀ ਜਵਾਨਾਂ ਦਾ ਹੋਇਆ ਅੰਤਿਮ ਸਸਕਾਰ
ਚੰਡੀਗੜ੍ਹ : ਜੰਮੂ-ਕਸ਼ਮੀਰ ਵਿਚ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਹੋਏ ਗਹਿਗੱਚ ਮੁਕਾਬਲੇ ਵਿਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਤਿੰਨ ਫੌਜੀ ਜਵਾਨਾਂ ਜਸਵਿੰਦਰ ਸਿੰਘ, ਮਨਦੀਪ ਸਿੰਘ ਅਤੇ ਗੱਜਣ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਗਈ। ਸ਼ਹੀਦ ਫੌਜੀ ਜਵਾਨਾਂ ਦਾ ਉਨ੍ਹਾਂ ਦੇ ਜੱਦੀ ਪਿੰਡਾਂ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਦੇਸ਼ ਲਈ ਕੁਰਬਾਨ ਹੋਣ ਵਾਲੇ ਇਨ੍ਹਾਂ ਸੂਰਬੀਰਾਂ ਦੀ ਅੰਤਿਮ ਯਾਤਰਾ ਵਿਚ ਜਨ ਸੈਲਾਬ ਉਮੜਿਆ ਅਤੇ ਹਰ ਅੱਖ ਨਮ ਨਜ਼ਰ ਆਈ। ਅੰਤਿਮ ਦਰਸ਼ਨਾਂ ਤੋਂ ਬਾਅਦ ਜਸਵਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਸ਼ਹੀਦ ਦੀ ਮਾਤਾ ਨੇ ਕਿਹਾ ਕਿ ਉਹ ਆਪਣੇ ਪੋਤੇ ਨੂੰ ਵੀ ਫੌਜ ਵਿਚ ਹੀ ਭਰਤੀ ਕਰਵਾਏਗੀ। ਸ਼ਹੀਦ ਨੂੰ ਸ਼ਰਧਾਂਜਲੀਆਂ ਦੇਣ ਲਈੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੀ ਪਹੁੰਚੇ। ਦੇਸ਼ ਲਈ ਆਪਣੀ ਕੁਰਬਾਨੀ ਦੇਣ ਵਾਲੇ ਰੋਪੜ ਜ਼ਿਲ੍ਹੇ ਦੇ ਪਚਰੰਡਾ ਦੇ ਸ਼ਹੀਦ ਗੱਜਣ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵੀ ਪਹੁੰਚੇ। ਇਸੇ ਤਰ੍ਹਾਂ ਦੇਸ਼ ਲਈ ਕੁਰਬਾਨ ਹੋਣ ਵਾਲੇ ਤੀਜੇ ਸ਼ਹੀਦ ਮਨਦੀਪ ਸਿੰਘ ਦਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੱਠਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਸ਼ਹੀਦ ਮਨਦੀਪ ਸਿੰਘ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਤੀ ਦੀ ਕੁਰਬਾਨੀ ‘ਤੇ ਮਾਣ ਹੈ ਅਤੇ ਉਹ ਆਪਣੇ ਦੋਵੇਂ ਪੁੱਤਰਾਂ ਨੂੰ ਵੀ ਦੇਸ਼ ਦੀ ਰਾਖੀ ਕਰਨ ਲਈ ਫੌਜ ਵਿਚ ਭਰਤੀ ਕਰਵਾਏਗੀ।
Check Also
ਚੱਬੇਵਾਲ, ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਸੀਟਾਂ ’ਤੇ ਆਮ ਆਦਮੀ ਪਾਰਟੀ ਨੇ ਜਿੱਤ ਕੀਤੀ ਹਾਸਲ
ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਕੁਲਦੀਪ ਸਿੰਘ ਢਿੱਲੋਂ ਨੇ ਮਾਰੀ ਬਾਜ਼ੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ …