Breaking News
Home / ਪੰਜਾਬ / ‘ਕਹਿ ਦਿਓ ਓਸ ਕੁੜੀ ਨੂੰ…’ ਗੁਰਮਿੰਦਰ ਸਿੱਧੂ ਦੀ ਪੁਸਤਕ ਰਿਲੀਜ਼

‘ਕਹਿ ਦਿਓ ਓਸ ਕੁੜੀ ਨੂੰ…’ ਗੁਰਮਿੰਦਰ ਸਿੱਧੂ ਦੀ ਪੁਸਤਕ ਰਿਲੀਜ਼

Punjabi Lekh Sabha pic April 16 copy copyਸਕੂਲੀ ਵਿਦਿਆਰਥੀਆਂ ਤੱਕ ਇਸ ਕਿਤਾਬ ਨੂੰ ਲਿਜਾਣ ਲਈ ਹੰਭਲਾ ਮਾਰਾਂਗੀ : ਧਾਲੀਵਾਲ
ਚੰਡੀਗੜ੍ਹ : ਪ੍ਰਸਿੱਧ ਲੇਖਿਕਾ ਡਾ. ਗੁਰਮਿੰਦਰ ਸਿੱਧੂ ਦੀ ਸਕੂਲੀ ਵਿਦਿਆਰਥੀਆਂ ਤੇ ਨੌਜਵਾਨ ਪੀੜ੍ਹੀ ਨੂੰ ਸੁਚੇਤ ਕਰਨ ਵਾਲੀ ਅਤੇ ਧੀਆਂ ਦੀ ਪੀੜਾ ਨੂੰ ਕਾਵਿ ਰੂਪ ‘ਚ ਪੇਸ਼ ਕਰਨ ਵਾਲੀ ‘ਕਹਿ ਦਿਓ ਓਸ ਕੁੜੀ ਨੂੰ’ ਕਿਤਾਬ ਲੋਕ ਅਰਪਣ ਹੋਈ। ਪੰਜਾਬੀ ਲੇਖਕ ਸਭਾ (ਰਜਿ.)  ਚੰਡੀਗੜ੍ਹ ਵੱਲੋਂ ਆਯੋਜਿਤ ਪੁਸਤਕ ਰਿਲੀਜ਼ ਸਮਾਗਮ ਦੌਰਾਨ ਸੈਕਟਰ 16 ਦੇ ਕਲਾ ਭਵਨ ਵਿਖੇ ਡਾ. ਤੇਜਿੰਦਰ ਕੌਰ ਧਾਲੀਵਾਲ ਹੁਰਾਂ ਨੇ ਆਪਣੋ ਮੁੱਖ ਭਾਸ਼ਣ ਵਿਚ ਆਖਿਆ ਕਿ ਇਹ ਕਿਤਾਬ ਔਰਤਾਂ ਨੂੰ ਉਠ ਖੜ੍ਹਾ ਹੋਣ ਦਾ ਸੁਨੇਹਾ ਦਿੰਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਪਹੁੰਚੇ ਸਨ। ਉਨ੍ਹਾਂ ਆਪਣੀ ਗੱਲ ਅੱਗੇ ਤੋਰਦਿਆਂ ਕਿਹਾ ਕਿ ਇਸ ਕਿਤਾਬ ਦਾ ਨੌਜਵਾਨ ਪੀੜ੍ਹੀ ਤੱਕ ਤੇ ਸਕੂਲੀ ਵਿਦਿਆਰਥੀਆਂ ਤੱਕ ਜਾਣਾ ਜ਼ਰੂਰੀ ਹੈ। ਇਸ ਖਾਤਰ ਜਿੰਨਾ ਹੋ ਸਕਿਆ ਮੈਂ ਯਤਨ ਕਰਾਂਗੀ। ਉਨ੍ਹਾਂ ਆਖਿਆ ਕਿ ਅਸੀਂ ਲੋਕ ਸਮਾਜ ਨੂੰ ਸੁਧਾਰਨਾ ਚਾਹੁੰਦੇ ਹਾਂ ਪਰ ਕਈ ਵਾਰ ਸਾਨੂੰ ਰਾਹ ਨਹੀਂ ਦਿਖਦੇ। ਫਿਰ ਗੁਰਵਿੰਦਰ ਸਿੱਧੂ ਵਰਗੇ ਲੇਖਕ ਤੇ ‘ਕਹਿ ਦਿਓ ਓਸ ਕੁੜੀ ਨੂੰ’ ਵਰਗੀਆਂ ਕਿਤਾਬਾਂ ਸਾਨੂੰ ਰਾਹ ਵਿਖਾਉਂਦੀਆਂ ਹਨ।  ਉਨ੍ਹਾਂ ਲੇਖਿਕਾ ਨੂੰ ਅਪੀਲ ਕੀਤੀ ਕਿ ਉਹ ਇਸ ਦਾ ਦੂਜਾ ਪਹਿਲੂ ਵੀ ਸਾਹਮਣੇ ਲਿਆਉਣ ਕਿ ਜਿੱਥੇ ਔਰਤਾਂ ਨਾਲ ਵਧੀਕੀਆਂ ਹੁੰਦੀਆਂ ਹਨ ਉਥੇ ਅੱਜ ਦੀਆਂ ਕੁਝ ਔਰਤਾਂ ਵੀ ਖੁਦ ਕੁਰੀਤੀਆਂ ‘ਚ ਸ਼ਾਮਲ ਹੋ ਗਈਆਂ ਹਨ। ਸਮਾਗਮ ਦੀ ਪ੍ਰਧਾਨਗੀ ਕਰਨ ਵਾਲੇ ਪ੍ਰਸਿੱਧ ਲੇਖਕ ਤੇ ਸ਼੍ਰੋਮਣੀ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਨੇ ਲੇਖਿਕਾ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਸ ਕਿਤਾਬ ਦੀ ਸ਼ੁਰੂਆਤ ਕਿਵੇਂ ਹੋਈ ਮੈਂ ਵੀ ਉਸ ਦਾ ਗਵਾਹ ਰਿਹਾ ਹਾਂ। ਉਨ੍ਹਾਂ ਇਸ ਕਿਤਾਬ ਨੂੰ ਮਨੁੱਖ ਬਣਨ ਦੀ ਚੇਟ ਜਗਾਉਣ ਵਾਲੀ ਕਿਤਾਬ ਦੱਸਦਿਆਂ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਬੋਰਡ ਤੋਂ ਮੰਗ ਕੀਤੀ ਕਿ ਉਹ ਲੇਖਕਾ ਦੀਆਂ ਕੁਝ ਨਜ਼ਮਾਂ ਨੂੰ ਸਿਲੇਬਸ ਵਿਚ ਥਾਂ ਦੇਣ। ਪੰਜਾਬੀ ਲੇਖਕ ਸਭਾ ਵੱਲੋਂ ਆਯੋਜਿਤ ਇਸ ਸਮਾਗਮ ਵਿਚ ਸਭ ਤੋਂ ਪਹਿਲਾਂ ਆਏ ਹੋੲ ਸਾਰੇ ਮਹਿਮਾਨਾਂ ਦਾ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਸਵਾਗਤ ਕੀਤਾ ਤੇ ਫਿਰ ਕਿਤਾਬ ਰਿਲੀਜ਼ ਦੀ ਰਸਮ ਹੋਈ। ਇਸ ਉਪਰੰਤ ਕਿਤਾਬ ‘ਤੇ ਮੁੱਖ ਪਰਚਾ ਪੜ੍ਹਦਿਆਂ ਡਾ. ਗੁਰਦੀਪ ਕੌਰ ਨੇ ਆਖਿਆ ਕਿ ਲੇਖਿਕਾ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿ ਉਸ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਪੱਖੋਂ ਜਾਗਰੂਕ ਕਰਨ ਲਈ ਕਿ ਔਰਤ ਦਾ ਸਤਿਕਾਰ ਕਿਵੇਂ ਕੀਤਾ ਜਾਵੇ ਸਮਝਾਉਣ ਵਾਲੀ ਕਿਤਾਬ ਸਾਡੇ ਹੱਥਾਂ ਵਿਚ ਫੜਾ ਦਿੱਤੀ ਹੈ। ਕਿਤਾਬ ਦੇ ਸਬੰਧ ਵਿਚ ਪ੍ਰਿੰਸੀਪਲ ਗੁਰਦੇਵ ਕੌਰ, ਪ੍ਰਸਿੱਧ ਕਵਿੱਤਰੀ ਮਨਜੀਤ ਇੰਦਰਾ, ਪੱਤਰਕਾਰ ਅਤੇ ਕਵੀ ਦੀਪਕ ਸ਼ਰਮਾ ਚਨਾਰਥਲ ਹੁਰਾਂ ਟਿੱਪਣੀ ਕਰਦਿਆਂ ਆਖਿਆ ਕਿ ਸਮਾਜ ਨੂੰ ਸੁਚੇਤ ਕਰਨ ਲਈ ਇਹੋ ਜਿਹੀਆਂ ਕਿਤਾਬਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਲੇਖਿਕਾ ਗੁਰਮਿੰਦਰ ਸਿੱਧੂ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਸਾਥੀ ਡਾ. ਬਲਦੇਵ ਖਹਿਰਾ ਦੇ ਉਦਮ ਨੂੰ ਵੀ ਸਲਾਹਿਆ। ਡਾ. ਸੁਰਿੰਦਰ ਗਿੱਲ, ਐਨ ਆਰ ਆਈ ਲੇਖਕ ਨਵਤੇਜ ਭਾਰਤੀ, ਪ੍ਰੋਫੈਸਰ ਨਿਰਮਲ ਦੱਤ, ਸੁਸ਼ੀਲ ਦੁਸਾਂਝ, ਡਾ. ਸ਼ਰਨਜੀਤ ਕੌਰ ਹੁਰਾਂ ਨੇ ਵੀ ਜਿੱਥੇ ਆਪਣੇ ਵਿਚਾਰ ਰੱਖੇ ਉਥੇ ਬਲਦੇਵ ਖਹਿਰਾ ਨੇ ਗੁਰਮਿੰਦਰ ਸਿੱਧੂ ਦੇ ਜੀਵਨ ਬਾਰੇ ਅਤੇ ਉਨ੍ਹਾਂ ਦੀ ਲੇਖਣੀ ਦੇ ਸਫ਼ਰ ‘ਤੇ ਵੀ ਝਾਤ ਪਾਈ।
ਇਸ ਮੌਕੇ ‘ਤੇ ਲੇਖਿਕਾ ਗੁਰਮਿੰਦਰ ਸਿੱਧੂ ਨੇ ਸ਼ੇਅਰ ਪੜ੍ਹਦਿਆਂ
ਕਹਿ ਦਿਓ ਓਸ ਕੁੜੀ ਨੂੰ, ਕਮਜ਼ੋਰ ਹੋਇਆ ਨਾ ਕਰੇ।
ਰੋਅ ਚੁੱਕੀ ਹੈ ਉਹ ਬਹੁਤ, ਹੁਣ ਹੋਰ ਰੋਇਆ ਨਾ ਕਰੇ।
ਨਾ ਸੜੇ, ਨਾ ਜ਼ਹਿਰ ਪੀਵੇ, ਗਲ਼ ਵਿਚ ਫੰਦਾ ਪਾਵੇ ਨਾ,
ਸਿਰ ਝੁਕਾਅ ਕੇ ਕਾਤਲਾਂ ਅੱਗੇ,ਖੜ੍ਹੋਇਆ ਨਾ ਕਰੇ।
ਜਦੋਂ ਆਪਣੀ ਗੱਲ ਸ਼ੁਰੂ ਕੀਤੀ ਤਾਂ ਮਾਹੌਲ ਇਕ ਵਾਰ ਭਾਵੁਕ ਹੋ ਗਿਆ। ਗੁਰਮਿੰਦਰ ਸਿੱਧੂ ਨੇ ਕਿਹਾ ਕਿ ਮੈਂ ਧੀਆਂ ਨੂੰ ਕੁੱਖ ‘ਚ ਬਚਾਉਣ ਲਈ ਤੇ ਮਨੁੱਖੀ ਰੂਪ ਵਿਚ ਫਿਰਦੇ ਦਰਿੰਦਿਆਂ ਤੋਂ ਧੀਆਂ ਦੀ ਰਾਖੀ ਲਈ ਅਜਿਹੇ ਹੰਭਲੇ ਹਮੇਸ਼ਾ ਮਾਰਦੀ ਰਹਾਂਗੀ। ਵਿਦਿਆਰਥੀ ਵਰਗ ਨੂੰ ਸਮਰਪਿਤ ਆਪਣੀ ਕਿਤਾਬ ਦੀ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਮੇਰਾ ਤਾਂ ਧੀਆਂ ਨੂੰ ਇਹੋ ਸੁਨੇਹਾ ਹੈ ਕਿ ਹਿੰਮਤ ਨਹੀਂ ਹਾਰਨੀ, ਡਟ ਕੇ ਖਲੋਅ ਜਾਣਾ ਹੈ। ਜ਼ਿਕਰਯੋਗ ਹੈ ਕਿ ਲੇਖਿਕਾ ਦੀ ਇਕ ਕਵਿਤਾ ‘ਨਾ ਮੰਮੀ ਨਾ’ ਸੈਂਕੜੇ ਹੀ ਧੀਆਂ ਨੂੰ ਕੁੱਖ ਵਿਚ ਮਰਨ ਤੋਂ ਬਚਾਅ ਚੁੱਕੀ ਹੈ। ਇਸ ਮੌਕੇ ‘ਤੇ ਲੇਖਿਕਾ ਨੂੰ ਵਧਾਈ ਦੇਣ ਅਤੇ ਸਮਾਗਮ ਦੀ ਸ਼ਾਨ ਵਧਾਉਣ ਲਈ ਮਨਜੀਤ ਕੌਰ ਮੀਤ, ਪਾਲ ਅਜਨਬੀ, ਪ੍ਰੇਮ ਗੋਰਖੀ, ਸ਼ੈਵੀ ਰੈਤ, ਐਸ ਐਸ ਭੋਗਲ, ਮਨਮੋਹਨ ਸਿੰਘ ਦਾਊਂ, ਬਲਦੇਵ ਖਹਿਰਾ, ਗੁਰਨਾਮ ਕੰਵਰ, ਜਸਵੰਤ ਦਮਨ, ਮਨਜੀਤ ਕੌਰ ਮੋਹਾਲੀ, ਗੋਵਰਧਨ ਗੱਬੀ ਤੇ ਗੁਰਦਰਸ਼ਨ ਮਾਵੀ ਸਮੇਤ ਵੱਡੀ ਗਿਣਤੀ ਵਿਚ ਲੇਖਿਕ, ਕਵੀ ਤੇ ਸਾਹਿਤਕਾਰ ਮੌਜੂਦ ਸਨ। ਆਖਰ ਵਿਚ ਜਿੱਥੇ ਸਭਨਾਂ ਦਾ ਧੰਨਵਾਦ ਗੁਰਨਾਮ ਕੰਵਰ ਹੁਰਾਂ ਨੇ ਕੀਤਾ, ਉਥੇ ਮੰਚ ਸੰਚਾਲਨ ਦੀ ਭੂਮਿਕਾ ਬਲਕਾਰ ਸਿੱਧੂ ਹੁਰਾਂ ਨੇ ਬਾਖੂਸੀ ਨਿਭਾਈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ

ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …