ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ’ਚ ਬਿਜਲੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਕੋਲੇ ਦੀ ਕਮੀ ਨਾਲ ਬਿਜਲੀ ਉਤਪਾਦਨ ਅੱਧੇ ਤੋਂ ਘੱਟ ਹੋ ਗਿਆ ਹੈ। ਸੂਬੇ ਵਿਚ ਛੇਵਾਂ ਥਰਮਲ ਪਲਾਂਟ ਯੂਨਿਟ ਵੀ ਬੰਦ ਕਰਨਾ ਪਿਆ ਹੈ। ਲੰਘੇ ਕੱਲ੍ਹ ਗੋਇੰਦਵਾਲ ਸਾਹਿਬ ਥਰਮਲ ਦਾ ਇਕ ਯੂਨਿਟ ਬੰਦ ਕਰਨਾ ਪਿਆ ਸੀ। ਇਸ ਸਮੇਂ ਪ੍ਰਾਈਵੇਟ ਥਰਮਲ ਪਲਾਂਟਾਂ ਕੋਲ 36 ਘੰਟੇ ਦਾ ਕੋਲਾ ਬਚਿਆ ਹੈ। ਪਾਵਰਕਾਮ ਦੇ ਸੀ.ਐਮ.ਡੀ. ਏ. ਵੇਣੂਪ੍ਰਸਾਦ ਨੇ ਕਿਹਾ ਕਿ ਲੋੜ ਮੁਤਾਬਕ ਕੋਲਾ ਨਹੀਂ ਆ ਰਿਹਾ। ਸਾਨੂੰ 22 ਰੈਕ ਕੋਲੇ ਦੀ ਲੋੜ ਸੀ, ਪਰ ਸਿਰਫ 11 ਰੈਕ ਹੀ ਮਿਲੇ ਹਨ। ਵੇਣੂਗੋਪਾਲ ਹੋਰਾਂ ਨੇ ਉਮੀਦ ਕੀਤੀ ਕਿ ਆਉਂਦੇ ਚਾਰ ਦਿਨਾਂ ਵਿਚ ਬਿਜਲੀ ਦੇ ਹਾਲਾਤ ਸੁਧਰਨੇ ਸ਼ੁਰੂ ਹੋ ਜਾਣਗੇ। ਅਜਿਹੇ ਸਥਿਤੀ ਵਿਚ ਸੂਬੇ ’ਚ 15 ਅਕਤੂਬਰ ਤੱਕ 4 ਤੋਂ 6 ਘੰਟੇ ਤੱਕ ਰੋਜ਼ਾਨਾ ਬਿਜਲੀ ਕੱਟ ਲੱਗ ਸਕਦੇ ਹਨ। ਧਿਆਨ ਰਹੇ ਕਿ ਪੰਜਾਬ ਵਿਚ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਥਾਂ-ਥਾਂ ਧਰਨਾ ਪ੍ਰਦਰਸ਼ਨ ਵੀ ਹੋ ਰਹੇ ਹਨ।