ਨੌਂ ਵਿਧਾਨ ਸਭਾ ਹਲਕਿਆਂ ਵਿੱਚੋਂ ਸੱਤ ‘ਤੇ ‘ਆਪ’ ਕਾਬਜ਼; ਇੱਕ ‘ਤੇ ਕਾਂਗਰਸ ਅਤੇ ਇੱਕ ‘ਤੇ ਅਕਾਲੀ ਦਲ ਦਾ ਕਬਜ਼ਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ਲੋਕ ਸਭਾ ਹਲਕਾ ਜਿਸ ਨੇ ਕਈ ਨਾਮਵਰ ਆਗੂ ਜਿਤਾਏ ਅਤੇ ਕਈ ਆਗੂਆਂ ਨੂੰ ਧੋਬੀ ਪਟਕਾ ਵੀ ਦਿੱਤਾ ਹੈ। ਹੁਣ 18ਵੀਂ ਲੋਕ ਸਭਾ ਚੋਣ ਲਈ ਇੱਥੋਂ ਛੇ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਮੈਦਾਨ ਵਿੱਚ ਨਿੱਤਰ ਚੁੱਕੇ ਹਨ। ਇਨ੍ਹਾਂ ਵਿੱਚ ਕਾਂਗਰਸ ਵੱਲੋਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਮੁੜ ਉਮੀਦਵਾਰ ਹਨ ।
ਭਾਜਪਾ ਵੱਲੋਂ ਤਰਨਜੀਤ ਸਿੰਘ ਸੰਧੂ, ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ , ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਵੱਲੋਂ ਈਮਾਨ ਸਿੰਘ ਮਾਨ ਅਤੇ ਸੀਪੀਆਈ ਤੇ ਸੀਪੀਐੱਮ ਵੱਲੋਂ ਸਾਂਝੇ ਉਮੀਦਵਾਰ ਵਜੋਂ ਦਸਵਿੰਦਰ ਕੌਰ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਕੁਝ ਆਜ਼ਾਦ ਉਮੀਦਵਾਰ ਵੀ ਮੈਦਾਨ ਵਿੱਚ ਹਨ। ਇਸ ਵਾਰ ਇੱਥੇ ਬਹੁਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
ਗੁਰਜੀਤ ਸਿੰਘ ਔਜਲਾ ਇਸ ਲੋਕ ਸਭਾ ਹਲਕੇ ਤੋਂ ਤੀਜੀ ਵਾਰ ਕਾਂਗਰਸ ਲਈ ਚੋਣ ਲੜ ਰਹੇ ਹਨ। ਉਨ੍ਹਾਂ ਨੇ 2017 ਅਤੇ 2019 ਵਿੱਚ ਭਾਜਪਾ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਹਰਦੀਪ ਸਿੰਘ ਪੁਰੀ ਕੇਂਦਰੀ ਮੰਤਰੀ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਭਾਜਪਾ ਦੇ ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਹਨ ਅਤੇ ਉਹ ਅਮਰੀਕਾ ਵਿੱਚ ਭਾਰਤੀ ਰਾਜਦੂਤ ਰਹੇ ਹਨ। ਉਹ ਸਵਰਗੀ ਸਿੱਖ ਆਗੂ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਹਨ। ਉਨ੍ਹਾਂ ਦੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਰਹੇ ਹਨ। ਤਰਨਜੀਤ ਸਿੰਘ ਸੰਧੂ ਪਹਿਲੀ ਵਾਰ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਇਹ ਸਾਬਤ ਕਰਨ ਲਈ ਜ਼ੋਰ ਲਾਉਣਾ ਪੈ ਰਿਹਾ ਹੈ ਕਿ ਉਹ ਬਾਹਰੋਂ ਆਏ ਉਮੀਦਵਾਰ ਨਹੀਂ ਸਗੋਂ ਅੰਮ੍ਰਿਤਸਰ ਦੇ ਵਾਸੀ ਹਨ । ਆਪਣੀ ਪਛਾਣ ਦੀ ਸਥਾਪਤੀ ਲਈ ਉਨ੍ਹਾਂ ਆਪਣੇ ਨਾਂ ਦੇ ਨਾਲ ‘ਸੰਧੂ ਸਮੁੰਦਰੀ’ ਵੀ ਜੋੜ ਲਿਆ ਹੈ। ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਇਸ ਵੇਲੇ ਪੰਜਾਬ ਸਰਕਾਰ ਵਿੱਚ ਕੈਬਿਨਟ ਮੰਤਰੀ ਹਨ। ਉਹ ਲੋਕ ਸਭਾ ਚੋਣ ਦੂਜੀ ਵਾਰ ਲੜ ਰਹੇ ਹਨ ਇਸ ਤੋਂ ਪਹਿਲਾਂ 2019 ਵਿੱਚ ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਅਜਨਾਲਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਪਹਿਲਾਂ ਭਾਜਪਾ ਵਿੱਚ ਸਨ ਅਤੇ ਹੁਣ ਅਕਾਲੀ ਦਲ ਵਿੱਚ ਹਨ। ਉਹ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਵਿੱਚ ਦੋ ਵਾਰ ਕੈਬਨਿਟ ਮੰਤਰੀ ਰਹੇ ਹਨ। ਉਹ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਈਮਾਨ ਸਿੰਘ ਮਾਨ ਚੋਣ ਲੜ ਰਹੇ ਹਨ ਅਤੇ ਇਹ ਉਨ੍ਹਾਂ ਦੀ ਪਹਿਲੀ ਚੋਣ ਹੈ। ਉਹ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਹਨ। ਖੱਬੇ ਪੱਖੀ ਧਿਰਾਂ ਸੀਪੀਆਈ ਅਤੇ ਸੀਪੀਐੱਮ ਵੱਲੋਂ ਸਾਂਝੇ ਉਮੀਦਵਾਰ ਵੱਜੋਂ ਦਸਵਿੰਦਰ ਕੌਰ ਮੈਦਾਨ ਵਿੱਚ ਹਨ। ਉਹ ਸੀਪੀਆਈ ਵੱਲੋਂ ਤੀਜੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ। ਉਹ ਘਰੇਲੂ ਮਜ਼ਦੂਰ ਔਰਤਾਂ ਦੀ ਬਣੀ ਜਥੇਬੰਦੀ ਦੀ ਕੌਮੀ ਪ੍ਰਧਾਨ ਵੀ ਹਨ। ਰੇਸ਼ਮ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਜੋ ਕਿ 2022 ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਹਨ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …