Breaking News
Home / ਪੰਜਾਬ / ਹੁਸ਼ਿਆਰਪੁਰ ‘ਚ ‘ਸੈਲੀਬ੍ਰੇਸ਼ਨ ਫਾਇਰਿੰਗ’ ਵਿਚ ਐਮਬੀਏ ਦੀ ਵਿਦਿਆਰਥਣ ਦੀ ਮੌਤ ਤੋਂ ਬਾਅਦ ਸ਼ੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਨਵਾਂ ਸੰਦੇਸ਼

ਹੁਸ਼ਿਆਰਪੁਰ ‘ਚ ‘ਸੈਲੀਬ੍ਰੇਸ਼ਨ ਫਾਇਰਿੰਗ’ ਵਿਚ ਐਮਬੀਏ ਦੀ ਵਿਦਿਆਰਥਣ ਦੀ ਮੌਤ ਤੋਂ ਬਾਅਦ ਸ਼ੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਨਵਾਂ ਸੰਦੇਸ਼

ਵਿਆਹ ਦੇ ਕਾਰਡ ‘ਤੇ ਛਪਵਾਇਆ, ‘ਕ੍ਰਿਪਾ ਕਰਕੇ ਆਪਣਾ ਅਸਲਾ ਘਰ ਰੱਖ ਕੇ ਹੀ ਆਉਣਾ ਜੀ’
ਇਕ ਸਮਝਦਾਰ ਪਰਿਵਾਰ ਦਾ ਇਕ ਛੋਟਾ ਜਿਹਾ ਇਹ ਯਤਨ ਇਸ ਦਿਸ਼ਾ ‘ਚ
ਵੱਡਾ ਕਦਮ
ਕਪੂਰਥਲਾ : ਹੁਸ਼ਿਆਰਪੁਰ ਵਿਚ ਐਤਵਾਰ ਰਾਤ ਵਿਆਹ ਦੇ ਪ੍ਰੋਗਰਾਮ ਵਿਚ ਡੀਜੇ ਦੀ ਧੁਨ ‘ਤੇ ਨੱਚ ਰਹੇ ਵਿਅਕਤੀਆਂ ਦੀ ‘ਸੈਲੀਬ੍ਰੇਸ਼ਨ ਫਾਇਰਿੰਗ’ ਵਿਚ ਲਾੜੀ ਦੀ ਸਹੇਲੀ ਐਮਬੀਏ ਦੀ ਵਿਦਿਆਰਥਣ ਸਾਕਸ਼ੀ ਦੀ ਜਾਨ ਚਲੀ ਗਈ। ਇਸ ਵਿਦਿਆਰਥਣ ਨੇ ਉਪਰਲੀ ਮੰਜ਼ਿਲ ਤੋਂ ਥੋੜ੍ਹਾ ਜਿਹਾ ਹੇਠਾਂ ਦੇਖਿਆ ਸੀ ਕਿ ਇਕ ਗੋਲੀ ਸਿੱਧੀ ਉਸਦੇ ਮੱਥੇ ‘ਤੇ ਆ ਲੱਗੀ। ਖੁਸ਼ੀ ਵਿਚ ਗੋਲੀ ਚਲਾਉਣ ਵਾਲਿਆਂ ਨੂੰ ਜਦ ਆਪਣੀ ਕਰਤੂਤ ਦਾ ਪਤਾ ਲੱਗਾ ਤਾਂ ਉਹ ਚੋਰਾਂ ਵਾਂਗ ਦੌੜ ਗਏ। ਹੁਸ਼ਿਆਰਪੁਰ ਵਿਚ ਸਾਕਸ਼ੀ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਵਿਆਹਾਂ ਦੌਰਾਨ ਗੋਲੀਆਂ ਚਲਾਉਣ ਦੇ ਰੁਝਾਨ ‘ਤੇ ਫਿਰ ਸਵਾਲ ਉਠਣ ਲੱਗੇ ਹਨ। ਲੋਕ ਭਵਿੱਖ ਵਿਚ ਅਜਿਹੀ ਹਰਕਤ ਤੋਂ ਬਾਜ਼ ਆਉਣਗੇ ਜਾਂ ਨਹੀਂ, ਕਿਹਾ ਨਹੀਂ ਜਾ ਸਕਦਾ, ਪਰ ਇਕ ਸਮਝਦਾਰ ਪਰਿਵਾਰ ਨੇ ਆਪਣੀ ਪੱਧਰ ‘ਤੇ ਇਕ ਛੋਟਾ ਜਿਹਾ ਯਤਨ ਇਸ ਦਿਸ਼ਾ ਵਿਚ ਕੀਤਾ ਹੈ। ਸਾਕਸ਼ੀ ਦੀ ਮੌਤ ਦੇ ਇਕ ਦਿਨ ਬਾਅਦ ਸ਼ੋਸ਼ਲ ਮੀਡੀਆ ‘ਤੇ ਪੰਜਾਬੀ ਵਿਚ ਛਾਪਿਆ ਵਿਆਹ ਦਾ ਕਾਰਡ ਇਸ ਸੰਦੇਸ਼ ਨਾਲ ਨਜ਼ਰ ਆ ਰਿਹਾ ਹਹੈ ਕਿ ‘ਕ੍ਰਿਪਾ ਕਰਕੇ ਆਪਣਾ ਅਸਲਾ ਘਰ ਰੱਖ ਕੇ ਹੀ ਆਉਣ ਜੀ।’ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਵਿਆਹ ਦਾ ਇਹ ਕਾਰਡ ਕਿਥੋਂ ਜਾਰੀ ਹੋਇਆ ਹੈ ਅਤੇ ਕਿਸਦਾ ਵਿਆਹ ਹੈ ਅਤੇ ਵਿਆਹ ਕਦੋਂ ਹੋਣਾ ਹੈ। ਇਸ ਵਿਚ ਛਪਿਆ ਪੰਡਿਤ ਦਾ ਇਹ ਸੰਦੇਸ਼ ਸ਼ਾਇਦ ਅਜਿਹੇ ਲੋਕਾਂ ਦੀਆਂ ਅੱਖਾਂ ਤੋਂ ਪਰਦਾ ਉਠਾ ਸਕੇ ਜੋ ਆਪਣੇ ਦਿਖਾਵੇ ਅਤੇ ਹੰਕਾਰ ਵਿਚ ਅੰਧਾ ਧੁੰਦ ਗੋਲੀਆਂ ਚਲਾਉਂਦੇ ਹੋਏ ਦੂਸਰਿਆਂ ਦੀ ਜਾਨ ਦੀ ਪ੍ਰਵਾਹ ਨਹੀਂ ਕਰਦੇ।
ਕੁੜੀਆਂ ਦੇ ਸੀਨੇ ਵਿਚ ਠਾਹ ਵੱਜਦਾ, ਮੁੰਡਾ ਯੂਪੀ ਦੇ ਨਜਾਇਜ਼ ਹਥਿਆਰ ਵਰਗਾ
‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’, ‘ਚੱਕ ਲਓ ਰਿਵਾਲਵਰ ਰਫਲਾਂ’, ‘ਮਿੱਤਰਾਂ ਨੂੰ ਸ਼ੌਕ ਗੋਲੀਆਂ ਚਲਾਉਣ ਦਾ’, ‘ਗੁੰਡੇ ਨੰਬਰ ਵਨ’, ‘ਤੇਰੇ ਵਿਚ ਬੋਲੇ ਬਿੱਲੋ 32 ਬੋਰ ਦਾ’, ‘ਚੱਕ ਅਸਲਾ’, ‘ਕੁੜੀਆਂ ਦੇ ਸੀਨੇ ਵਿਚ ਠਾਹ ਵੱਜਦਾ, ਮੁੰਡਾ ਯੂਪੀ ਦੇ ਨਜਾਇਜ਼ ਹਥਿਆਰ ਵਰਗਾ’ ਆਦਿ ਫਰਮਾਇਸ਼ੀ ਗੀਤਾਂ ਦੀ ਵਾਨਗੀ ਵਿਚ ਇਹ ਸਮਝਣਾ ਔਖਾ ਨਹੀਂ ਹੈ ਕਿ ਵਿਆਹ ਸਮਾਰੋਹਾਂ ਅਤੇ ਖੁਸ਼ੀਆਂ ਦੇ ਹੋਰ ਅਵਸਰਾਂ ‘ਤੇ ਲੋਕ ਡੀਜੇ ਦੀ ਧੁਨ ‘ਤੇ ਕਿਸ ਮਾਨਸਿਕਤਾ ਵਿਚ ਪਹੁੰਚ ਜਾਂਦੇ ਹਨ।
ਇਕ ਪੰਡਿਤ ਦਾ ਇਹ ਸੰਦੇਸ਼ ਸ਼ਾਇਦ ਅਜਿਹੇ ਵਿਅਕਤੀਆਂ ਦੀਆਂ ਅੱਖਾਂ ਤੋਂ ਪਰਦਾ ਉਠਾਉਣ ਲਈ ਕਾਫੀ
ਹਥਿਆਰਾਂ ਦੀ ਤਾਰੀਫ ਦੇ ਗਾਣੇ-ਸ਼ਰਾਬ ਦਾ ਜਾਨਲੇਵਾ ਕਾਕਟੇਲ
ਵਿਆਹ ਸਮਾਰੋਹਾਂ ਵਿਚ ਫਾਇਰਿੰਗ ਕਰਨ ਦਾ ਮੁੱਖ ਕਾਰਨ ਪੰਜਾਬੀ ਪੌਪ ਗਾਣਿਆਂ ਵਿਚ ਹਥਿਆਰਾਂ ਦਾ ਮਹਿਮਾ ਮੰਡਲ ਹੈ। ਇਹ ਗਾਣੇ ਅਜਿਹੇ ਹਨ ਕਿ ਜਦ ਇਸਦੀ ਧੁੰਨ ਵੱਜਦੀ ਹੈ, ਲੋਕ ਦੀਵਾਨੇ ਹੋ ਕੇ ਫਾਇਰਿੰਗ ਕਰਨ ਲਈ ਉਤਾਵਲੇ ਹੋ ਜਾਂਦੇ ਹਨ। ਕਈ ਬਰਾਤੀਆਂ ਨਸ਼ੇ ਵਿਚ ਹੁੰਦੇ ਹਨ। ਅਜਿਹੇ ਵਿਚ ਇਨ੍ਹਾਂ ਗੀਤਾਂ ਨੂੰ ਸੁਣ ਕੇ ਉਤੇਜਿਤ ਹੋਣਾ ਆਮ ਗੱਲ ਹੈ।
ਆਰੋਪੀ ਦਾ ਰਿਮਾਂਡ ਲਿਆ
ਹੁਸ਼ਿਆਰਪੁਰ ਵਿਚ ਵਿਆਹ ਦੇ ਸਮਾਰੋਹ ਵਿਚ ਫਾਇਰਿੰਗ ਕਰਕੇ ਲੜਕੀ ਸਾਕਸ਼ੀ ਦੀ ਜਾਨ ਲੈਣ ਦੇ ਆਰੋਪੀ ਅਸ਼ੋਕ ਖੋਸਲਾ ਦਾ ਪੁਲਿਸ ਨੇ ਰਿਮਾਂਡ ਲਿਆ ਹੈ। ਘਟਨਾ ਨਾਲ ਜੁੜੀ ਇਕ ਪਿਸਤੌਲ ਪੁਲਿਸ ਨੇ ਬਰਾਮਦ ਕਰ ਲਈ ਹੈ। ਦੂਜੇ ਆਰੋਪੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵਿਆਹ ਸਮਾਰੋਹ ਵਿਚ ਹਥਿਆਰ ‘ਤੇ ਪਾਬੰਦੀ ਹੈ : ਐਸਐਸਪੀ
ਕਪੂਰਥਲਾ ਦੇ ਐਸਐਸਪੀ ਸੰਦੀਪ ਸ਼ਰਮਾ ਨੇ ਕਿਹਾ ਕਿ ਵਿਆਹ ਸਮਾਰੋਹ ਵਿਚ ਹਥਿਆਰ ਲਿਆਉਣ ‘ਤੇ ਪਾਬੰਦੀ ਹੈ। ਹਰ ਰਿਜੌਰਟ ਵਿਚ ਲਿਖ ਕੇ ਲਗਾਇਆ ਗਿਆ ਹੈ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ‘ਤੇ ਕਾਰਵਾਈ ਕੀਤੀ ਜਾਵੇਗੀ।
ਖੁਸ਼ੀ ਦੀਆਂ ਗੋਲੀਆਂ ਨੇ ਇਸ ਤਰ੍ਹਾਂ ਸਜਾਈ ਹੱਸਦੇ-ਗਾਉਂਦੇ ਬਰਾਤੀਆਂ ਦੀ ਅਰਥੀ
25 ਜਨਵਰੀ 2014 : ਸਰਕੂਲਰ ਰੋਡ ‘ਤੇ ਜਾਗੋ ਦੇ ਸਮੇਂ ਢੋਲੀ ਨੂੰ ਗੋਲੀ ਲੱਗੀ।
2015 : ਹੁਸ਼ਿਆਰਪੁਰ ਦੇ ਬਜਵਾੜਾ ਵਿਚ ਗੋਲੀ ਚੱਲਣ ਨਾਲ ਨੌਜਵਾਨ ਦੀ ਮੌਤ।
3 ਦਸੰਬਰ 2016 : ਬਠਿੰਡਾ ਵਿਚ ਡਾਂਸਰ ਕੁਲਵਿੰਦਰ ਕੌਰ ਦੀ ਗੋਲੀ ਲੱਗਣ ਨਾਲ ਮੌਤ।
26 ਫਰਵਰੀ 2017 : ਮਾਛੀਆਂ ਦੇ ਪੈਲੇਸ ਵਿਚ ਫੋਟੋਗ੍ਰਾਫੀ ਕਰ ਰਹੇ ਨੌਜਵਾਨ ਨੂੰ ਗੋਲੀ ਲੱਗੀ।
20 ਨਵੰਬਰ 2017 : ਕੋਟਕਪੂਰਾ ਵਿਚ ਫਾਇਰਿੰਗ ਦੌਰਾਨ ਹੋਈ ਮੌਤ।
6 ਜਨਵਰੀ 2018 : ਤਰਨਤਾਰਨ ਵਿਚ ਲਾੜੇ ਦੇ ਦੋਸ ਜਤਿੰਦਰ ਸਿੰਘ ਦੇ ਗੋਲੀ ਲੱਗੀ, ਮੌਤ।
10 ਫਰਵਰੀ 2018 : ਹੁਸ਼ਿਆਰਪੁਰ ‘ਚ ਡੀਜੇ ‘ਤੇ ਡਾਂਸ ਦੌਰਾਨ ਗੋਲੀ ਚੱਲਣ ਨਾਲ ਐਮਬੀਏ ਦੀ ਵਿਦਿਆਰਥਣ ਸਾਕਸ਼ੀ ਅਰੋੜਾ ਦੀ ਹੋਈ ਮੌਤ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …