ਕਿਹਾ : ਇਹ ਦਬਦਬਾ, ਇਹ ਹਕੂਮਤ, ਇਹ ਨਸ਼ਾ ਅਤੇ ਇਹ ਦੌਲਤ ਸਭ ਕਿਰਾਏਦਾਰ, ਮਕਾਨ ਬਦਲੇ ਰਹਿੰਦੇ ਨੇ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਸਖਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਸ਼ਨੀਵਾਰ ਨੂੰ ਪਾਰਟੀ ਨੇ ਨਵਜੋਤ ਸਿੱਧੂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ। ਇਹ ਜਾਣਕਾਰੀ ਪੰਜਾਬ ਕਾਂਗਰਸ ਦੇ ਭਰੋਸੇਯੋਗ ਸੂਤਰਾਂ ਵੱਲੋਂ ਦਿੱਤੀ ਗਈ ਹੈ। ਨੋਟਿਸ ਜਾਰੀ ਹੋਣ ਤੋਂ ਕੁੱਝ ਦੇਰ ਬਾਅਦ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ’ਚ ਟਵੀਟ ਕੀਤਾ, ਜਿਸ ’ਚ ਉਨ੍ਹਾਂ ਲਿਖਿਆ ਕਿ ਇਹ ਦਬਦਬਾ, ਇਹ ਹਕੂਮਤ, ਇਹ ਨਸ਼ਾ ਅਤੇ ਇਹ ਦੌਲਤ! ਸਭ ਕਿਰਾਏਦਾਰ ਹਨ, ਮਕਾਨ ਬਦਲਦੇ ਰਹਿੰਦੇ ਹਨ। ਮੀਡੀਆ ਰਿਪੋਰਟਾਂ ਤੋਂ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ 11 ਫਰਵਰੀ ਨੂੰ ਲੁਧਿਆਣਾ ਦੇ ਸਮਰਾਲਾ ’ਚ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੀ ਰੈਲੀ ਹੈ ਅਤੇ ਇਸ ਰੈਲੀ ਤੋਂ ਬਾਅਦ ਨਵਜੋਤ ਸਿੱਧੂ ਖਿਲਾਫ ਪਾਰਟੀ ਹਾਈ ਕਮਾਂਡ ਵੱਲੋਂ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ’ਚ ਪੰਜਾਬ ਕਾਂਗਰਸ ਦੇ ਸਾਰੇ ਆਗੂ ਵੀ ਪੰਜਾਬ ਕਾਂਗਰਸ ਦੇ ਇੰਚਾਰਜ ਦਵੇਂਦਰ ਯਾਦਵ ਸਾਹਮਣੇ ਇਕਜੁੱਟ ਹਨ।