ਭਗੌੜੇ ਹੋਏ ਬੈਂਸ ਤੇ ਸਾਥੀਆਂ ਦੇ ਲੁਧਿਆਣਾ ’ਚ ਲੱਗੇ ਪੋਸਟਰ
ਲੁਧਿਆਣਾ/ਬਿਊਰੋ ਨਿਊਜ਼
ਜਬਰ ਜਨਾਹ ਮਾਮਲੇ ’ਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ 6 ਹੋਰ ਸਾਥੀਆਂ ਨੂੰ ਅਦਾਲਤ ਨੇ ਵਾਂਟੇਡ ਕਰਾਰ ਦੇ ਦਿੱਤਾ ਹੈ। ਲੁਧਿਅਣਾ ਵਿਚ ਵੱਖ-ਵੱਖ ਥਾਵਾਂ ’ਤੇ ਇਸ ਸਬੰਧੀ ਪੋਸਟਰ ਲਗਾਏ ਗਏ ਹਨ। ਵਾਂਟੇਡ ਕਰਾਰ ਦਿੱਤੇ ਗਏ ਵਿਅਕਤੀਆਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ। ਪੁਲਿਸ ਨੇ ਸਿਮਰਜੀਤ ਸਿੰਘ ਬੈਂਸ, ਕਰਮਜੀਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਪ੍ਰਦੀਪ ਕੁਮਾਰ, ਸੁਖਚੈਨ ਸਿੰਘ, ਬਲਵਿੰਦਰ ਕੌਰ ਅਤੇ ਜਸਬੀਰ ਕੌਰ ਦੀ ਫੋਟੋ ਵਾਲਾ ਪੋਸਟਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲਗਾ ਦਿੱਤੇ ਗਏ ਹਨ। ਪੰਜਾਬ ਪੁਲਿਸ ਵੱਲੋਂ ਲਗਵਾਏ ਗਏ ਇਨ੍ਹਾਂ ਪੋਸਟਰਾਂ ਰਾਹੀਂ ਆਮ ਲੋਕਾਂ ਤੋਂ ਇਨ੍ਹਾਂ ਬਾਰੇ ਜਾਣਕਾਰੀ ਮੰਗੀ ਹੈ। ਪੁਲਿਸ ਨੇ ਲੋਕਾਂ ਨੂੰੂ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਇਨ੍ਹਾਂ ਸਬੰਧੀ ਕਿਸੇ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਅਤੇ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਨੂੰ ਗੁਪਤ ਰੱਖਿਆ ਜਾਵੇਗਾ। ਜਦਕਿ ਪੁਲਿਸ ਨੇ ਇਨ੍ਹਾਂ ਖਿਲਾਫ਼ ਪਹਿਲਾਂ ਹੀ ਅਪਰਾਧਿਕ ਮਾਮਲਾ ਦਰਜ ਕੀਤਾ ਹੋਇਆ ਹੈ। ਧਿਆਨ ਰਹੇ ਕਿ ਲੰਘੀ 11 ਅਪ੍ਰੈਲ ਨੂੰ ਅਦਾਲਤ ਨੇ ਸਿਰਮਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜਬਰ ਜਨਾਹ ਦੇ ਮਾਮਲੇ ਵਿਚ ਭਗੌੜਾ ਕਰਾਰ ਦਿੱਤਾ।