Breaking News
Home / ਪੰਜਾਬ / ਬਾਜਵਾ ਦਾ ਭਾਸ਼ਣ ਰੋਕਣ ਲਈ ਰਣ ‘ਚ ਉਤਰੇ ਰਾਣਾ ਗੁਰਜੀਤ

ਬਾਜਵਾ ਦਾ ਭਾਸ਼ਣ ਰੋਕਣ ਲਈ ਰਣ ‘ਚ ਉਤਰੇ ਰਾਣਾ ਗੁਰਜੀਤ

PARTAP-SINGH-BAJWA-RANA-GURJIT-SINGHਬਾਜਵਾ ਦੇ ਸਮਰਥਕ ਆਗੂ ਵੀਵੀਆਈਪੀਜ਼ ਵਾਲੀ ਥਾਂ ਪੁੱਜਣ ਲਈ ਹੋਏ ਖੱਜਲ ਖੁਆਰ
ਜਲੰਧਰ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵੱਲੋਂ ਦਿੱਤੇ ਰੋਸ ਧਰਨੇ ਵਿਚ ਪਾਰਟੀ ਲੀਡਰਸ਼ਿਪ ਵੱਲੋਂ ਇਕਜੁਟਤਾ ਦਿਖਾਉਣ ਦੇ ਕੀਤੇ ਯਤਨਾਂ ਦੇ ਬਾਵਜੂਦ ਕੈਪਟਨ ਧੜੇ ਨੇ ਬਾਜਵਾ ਧੜੇ ਨੂੰ ਨੁੱਕਰੇ ਲਾਉਣ ਵਿੱਚ ਕਸਰ ਨਹੀਂ ਛੱਡੀ। ਬਾਜਵਾ ਖੇਮੇ ਦੇ ਕਾਂਗਰਸੀ ਆਗੂਆਂ ਨੂੰ ਵੀਵੀਆਈਪੀਜ਼ ਵਾਲੀ ਥਾਂ ਜਾਣ ਤੋਂ ਰੋਕਿਆ ਗਿਆ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਤੇ ਸਟੇਜ ਸੰਚਾਲਕ ਰਾਣਾ ਗੁਰਜੀਤ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਭਾਸ਼ਣ ਵਿਚਾਲੇ ਹੀ ਰੋਕਣ ਲਈ ਆਖ ਦਿੱਤਾ। ਬਹੁਤੇ ਆਗੂ ਸੁਰੱਖਿਆ ਮੁਲਾਜ਼ਮਾਂ ਨਾਲ ਬਹਿਸ ਕਰਨ ਤੋਂ ਬਾਅਦ ਵੀਵੀਆਈਪੀਜ਼ ਵਾਲੀ ਥਾਂ ਪੁੱਜੇ। ਸੁਰੱਖਿਆ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇਸ ਖ਼ਾਸ ਥਾਂ ‘ਤੇ ਬੈਠਣ ਵਾਲੇ ਆਗੂਆਂ ਦੀ ਸੂਚੀ ਵਿੱਚ ਜਿਹੜੇ ਆਗੂਆਂ ਦਾ ਨਾਂ ਨਹੀਂ ਸੀ, ਉਨ੍ਹਾਂ ਨੂੰ ਹੀ ਉਥੇ ਜਾਣ ਤੋਂ ਰੋਕਿਆ ਗਿਆ।
ਕੈਪਟਨ ਦੇ ਵਿਰੋਧੀ ਧੜੇ ਵਿਚ ਰਹੇ ਪੰਜਾਬ ਕਾਂਗਰਸ ਦੇ ਸਕੱਤਰ ਵਰਿੰਦਰ ਸ਼ਰਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਵੀਵੀਆਈਪੀ ਕੌਰੀਡੋਰ ਵਿੱਚ ਜਾਣ ਤੋਂ ਰੋਕਿਆ ਗਿਆ ਤੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੇ ਆਪਣਾ ਦਾਖ਼ਲਾ ਯਕੀਨੀ ਬਣਾਇਆ। ਇਸੇ ਤਰ੍ਹਾਂ ਕੈਪਟਨ ਵਿਰੋਧੀ ਧੜੇ ਦੇ ਇੱਕ ਹੋਰ ਆਗੂ ਅਨਿਲ ਦੱਤਾ ਨੂੰ ਵੀ ਸੁਰੱਖਿਆ ਕਰਮੀਆਂ ਨੇ ਰੋਕਿਆ। ਉਹ ਲੰਬਾ ਸਮਾਂ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਕਰਦੇ ਰਹੇ ਤੇ ਆਖ਼ਰ ਧੱਕੇ ਨਾਲ ਉਹ ਇਸ ਕੌਰੀਡੋਰ ਵਿੱਚ ਦਾਖ਼ਲ ਹੋਏ। ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਜਸਲੀਨ ਸੇਠੀ ਨੂੰ ਵੀ ਅੱਗੇ ਵਧਣ ਤੋਂ ਰੋਕਿਆ ਗਿਆ। ਉਨ੍ਹਾਂ ਨੂੰ ਪੰਜਾਬ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਕਿੱਟੂ ਗਰੇਵਾਲ ਨੇ ਜੱਦੋਜਹਿਦ ਕਰ ਕੇ ਅੰਦਰ ਲੰਘਾਇਆ। ઠਧਰਨੇ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਹੱਥ ਤਾਂ ਜ਼ਰੂਰ ਮਿਲਾਇਆ ਪਰ ਕੋਈ ਗੱਲਬਾਤ ਨਹੀਂ ਕੀਤੀ। ਜਦੋਂ ਪ੍ਰਤਾਪ ਸਿੰਘ ਬਾਜਵਾ ਧਰਨੇ ਨੂੰ ਸੰਬੋਧਨ ਕਰ ਰਹੇ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਵਿੱਚੋਂ ਹੀ ਉੱਠ ਕੇ ਚਲੇ ਗਏ।  ਬਾਜਵਾ ਦਾ ਭਾਸ਼ਣ ਲੰਬਾ ਹੁੰਦਾ ਦੇਖ ਕੇ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਤੇ ਸਟੇਜ ਸੰਚਾਲਕ ਰਾਣਾ ਗੁਰਜੀਤ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਭਾਸ਼ਣ ਵਿਚਾਲੇ ਹੀ ਰੋਕਣ ਲਈ ਆਖ ਦਿੱਤਾ, ਪਰ  ਬਾਜਵਾ ਆਪਣੀ ਪੂਰੀ ਗੱਲ ਕਹਿਣ ‘ਤੇ ਅੜ ਗਏ। ਉਹ ਕਹਿਣ ਲੱਗੇ ਕਿ ਉਹ ਤਾਂ ਆਪਣੇ ਮਨ ਦੀਆਂ ਗੱਲਾਂ ਕਰਕੇ ਹੀ ਹਟਣਗੇ। ਉਨ੍ਹਾਂ ਨੇ ਰਾਣਾ ਗੁਰਜੀਤ ਨੂੰ ਇਹ ਵੀ ਕਹਿ ਦਿੱਤਾ ਕਿ ਰਾਣਾ ਨੇ ਤਾਂ ਉਨ੍ਹਾਂ ਨਾਲ ਅਜਿਹਾ ਹੀ ਕਰਨੀ ਸੀ।

ਹਾਈ ਕਮਾਂਡ ਕੋਲ ਰੱਖਾਂਗਾ ਮਾਮਲਾ
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਕਾਂਗਰਸੀ ਆਗੂਆਂ ਨੂੰ ਸੁਰੱਖਿਆ ਕਰਮੀਆਂ ਵੱਲੋਂ ਰੋਕੇ ਜਾਣ ਦਾ ਮਾਮਲਾ ਦਿੱਲੀ ਵਿਖੇ ਪਾਰਟੀ ਹਾਈ ਕਮਾਂਡ ਕੋਲ ਰੱਖਣਗੇ।
ਦਮਦਮੀ ਟਕਸਾਲ ਦੇ ਕਥਾਵਾਚਕ ਦੀ ਕਾਰ ‘ਤੇ ਹਮਲਾ
ਕਥਾ ਵਾਚਕ ਸੰਦੀਪ ਸਿੰਘ ਤੇ ਸਾਥੀ ਗੁਰਦੀਪ ਸਿੰਘ ਜ਼ਖ਼ਮੀ
ਲੁਧਿਆਣਾ/ਬਿਊਰੋ ਨਿਊਜ਼
ਦਮਦਮੀ ਟਕਸਾਲ ਨਾਲ ਸਬੰਧਤ ਕਥਾਵਾਚਕ ਸੰਦੀਪ ਸਿੰਘ ਦੀ ਕਾਰ ‘ਤੇ ਐਤਵਾਰ ਨੂੰ ਹਮਲਾ ਹੋ ਗਿਆ। ਕਾਰ ਵਿੱਚ ਸੰਦੀਪ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਕੁਝ ਸਾਥੀ ਵੀ ਸਨ। ਹਮਲੇ ਕਾਰਨ ਸੰਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀ ਗੁਰਦੀਪ ਸਿੰਘ ਦੇ ਸੱਟਾਂ ਲੱਗੀਆਂ ਹਨ।
ਡਰਾਈਵਰ ਨੇ ਹਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਥਾਣਾ ਸ਼ਿਮਲਾਪੁਰੀ ਦੇ ਐਸਐਚਓ ਸਬ ਇੰਸਪੈਕਟਰ ਸੰਜੀਵ ਕਪੂਰ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪੁੱਜ ਗਏ। ਪੁਲਿਸ ਨੇ ਸੰਦੀਪ ਸਿੰਘ ਨੂੰ ਇਲਾਜ ਲਈ ਡੀਐਮਸੀ ਹਸਪਤਾਲ ਦਾਖ਼ਲ ਕਰਵਾਇਆ। ਪੁਲਿਸ ਨੇ ਕੇਸ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਸ਼ਿਮਲਾਪੁਰੀ ਇਲਾਕੇ ਵਿੱਚ ਇੱਕ ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਦਮਦਮੀ ਟਕਸਾਲ ਦੇ ਕਥਾਵਾਚਕ ਸੰਦੀਪ ਸਿੰਘ ਆਪਣੇ ਸਾਥੀਆਂ ਨਾਲ ਉਥੇ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਸ਼ਾਮਲ ਇੱਕ ਧੜੇ ਨਾਲ ਸਬੰਧਿਤ ਹਨ। ਸੰਦੀਪ ਸਿੰਘ ਆਪਣੇ ਸਾਥੀਆਂ ਨਾਲ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਗੁਰਦੁਆਰੇ ਤੋਂ ਜਾਣ ਲੱਗੇ ਤਾਂ ਉਨ੍ਹਾਂ ਦੀ ਕਾਰ ‘ਤੇ ਹਮਲਾ ਹੋ ਗਿਆ।
ਹਮਲਾਵਰਾਂ ਨੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਇਸ ਕਾਰਨ ਸੰਦੀਪ ਸਿੰਘ ਅਤੇ ਉਨ੍ਹਾਂ ਦਾ ਸਾਥੀ ਗੁਰਦੀਪ ਸਿੰਘ ਜ਼ਖ਼ਮੀ ਹੋ ਗਏ। ਥਾਣਾ ਸ਼ਿਮਲਾਪੁਰੀ ਦੇ ਐਸਐਚਓ ਸੰਜੀਵ ਕਪੂਰ ਨੇ ਕਿਹਾ ਕਿ ਜੋਗਾ ਸਿੰਘ, ਵਿਸਾਖਾ ਸਿੰਘ, ਹਰਸਿਮਰਨ ਸਿੰਘ ਜੱਸੀ, ਅਮਨਦੀਪ ਸਿੰਘ, ਮੋਹਨ ਸਿੰਘ, ਅੰਮ੍ਰਿਤ ਸਿੰਘ ਤੇ ਗੁਰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਨੇ ઠਜੋਗਾ ਸਿੰਘ, ਹਰਸਿਮਰਨ ਸਿੰਘ ਤੇ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Check Also

ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਹੋਇਆ ਬੰਦ

10 ਜੁਲਾਈ ਨੂੰ ਵੋਟਾਂ ਅਤੇ ਨਤੀਜੇ 13 ਜੁਲਾਈ ਨੂੰ ਜਲੰਧਰ/ਬਿਊਰੋ ਨਿਊਜ਼ ਜਲੰਧਰ ਪੱਛਮੀ ਵਿਧਾਨ ਸਭਾ …