ਅੰਮ੍ਰਿਤਸਰ ਸ਼ਹਿਰ ਦੇ ਵਾਤਾਵਰਣ ਵਿਚ ਜ਼ਹਿਰੀਲੀਆਂ ਗੈਸਾਂ ਬਾਰੇ ਮਿਲੇਗੀ ਜਾਣਕਾਰੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਵਾਸਤੇ ਸਰਕਾਰ ਵੱਲੋਂ ਚਾਰਾਜੋਈ ਸ਼ੁਰੂ ਹੋ ਗਈ ਹੈ। ਇਸ ਦੇ ਪਹਿਲੇ ਪੜਾਅ ਵਿੱਚ ਇੱਥੇ ਪ੍ਰਦੂਸ਼ਣ ਮਾਪਣ ਵਾਲਾ ਟਾਵਰ ਸਥਾਪਤ ਕੀਤਾ ਗਿਆ ਹੈ। ਟਾਵਰ ‘ਤੇ ਸਥਾਪਤ ਸੈਂਸਰ ਇਹ ਪਤਾ ਲਾਉਣਗੇ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵਾਤਾਵਰਣ ਵਿੱਚ ਕਿਸ ਤਰ੍ਹਾਂ ਦਾ ਅਤੇ ਕਿੰਨਾ ਪ੍ਰਦੂਸ਼ਣ ਹੈ। ਇਸ ਦੇ ਆਧਾਰ ‘ਤੇ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਅਗਲੇ ਪੜਾਅ ਵਿੱਚ ਪ੍ਰਦੂਸ਼ਣ ਰੋਕਣ ਲਈ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਲਗਭਗ ਇੱਕ ਕਰੋੜ ਦਸ ਲੱਖ ਰੁਪਏ ਦੀ ਲਾਗਤ ਨਾਲ ਵਿਦੇਸ਼ੀ ਕੰਪਨੀ ਤੋਂ ਮੰਗਵਾਏ ਗਏ ਪ੍ਰਦੂਸ਼ਣ ਮਾਪਕ ਯੰਤਰ ਨੂੰ 14 ਫੁੱਟ ਉਚੇ ਟਾਵਰ ‘ਤੇ ਸ੍ਰੀ ਹਰਿਮੰਦਰ ਸਾਹਿਬ ਦੇ ਆਟਾ ਮੰਡੀ ਚੌਕ ਵਾਲੇ ਪਾਸੇ ઠਗਲਿਆਰੇ ਵਾਲੀ ਥਾਂ ਵਿੱਚ ਸਥਾਪਤ ਕੀਤਾ ਗਿਆ ਹੈ। ਇਸ ਟਾਵਰ ਦੇ ਉਪਰ ਵੱਖ-ਵੱਖ ਤਰ੍ਹਾਂ ਦੇ ਸੈਂਸਰ ਸਥਾਪਤ ਹਨ, ਜੋ ਸ੍ਰੀ ਹਰਿਮੰਦਰ ਸਾਹਿਬ ਦੇ ਡੇਢ ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਇਲਾਕੇ ਵਿੱਚ ਪ੍ਰਦੂਸ਼ਣ ਬਾਰੇ ਪਤਾ ਲਾਉਣਗੇ। ਇਸ ਤੋਂ ਪਤਾ ਲੱਗ ਸਕੇਗਾ ਕਿ ਵਾਤਾਵਰਣ ਵਿੱਚ ਕਿਸ ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਅਤੇ ਹੋਰ ਪ੍ਰਦੂਸ਼ਣ ਕਣ ਹਨ। ઠਇਸ ਤੋਂ ਪਹਿਲਾਂ ਆਈਆਈਟੀ ਦਿੱਲੀ ਵੱਲੋਂ ਕੀਤੇ ਗਏ ਅਧਿਐਨ ਵਿੱਚ ਸਪੱਸ਼ਟ ਹੋ ਚੁੱਕਿਆ ਹੈ ਕਿ ਇਸ ਇਲਾਕੇ ਵਿੱਚ ਫੈਲੇ ਪ੍ਰਦੂਸ਼ਣ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਸੋਨੇ ਅਤੇ ਪੁਰਾਣੇ ਸੰਗਮਰਮਰ ਪੱਥਰ ਦੀ ਚਮਕ ਘੱਟ ਰਹੀ ਹੈ। ਅਧਿਐਨ ਵਿੱਚ ਸਾਹਮਣੇ ਆਇਆ ਸੀ ਕਿ 47 ਫੀਸਦੀ ਪ੍ਰਦੂਸ਼ਣ ਸੜਕਾਂ ਤੇ ਉਡਦੇ ਮਿੱਟੀ ਘੱਟੇ ਕਾਰਨ ਅਤੇ 31 ਫੀਸਦੀ ਪ੍ਰਦੂਸ਼ਣ ਸਨਅਤੀ ਇਕਾਈਆਂ ਦੇ ਕਾਰਨ ਹਨ। ਡੀਜ਼ਲ ਜਨਰੇਟਰ ਅਤੇ ਵਾਹਨਾਂ ਕਾਰਨ 26 ਫੀਸਦ ਪ੍ਰਦੂਸ਼ਣ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਿੱਚ ਵਰਤੇ ਜਾਂਦੇ ਲੱਕੜ ਦੇ ਬਾਲਣ ਕਾਰਨ 12 ਫੀਸਦ ਪ੍ਰਦੂਸ਼ਣ ਫੈਲ ਰਿਹਾ ਹੈ, ਜਿਸ ਨਾਲ ਜ਼ਹਿਰੀਲੀ ਗੈਸ ਵੀ ਪੈਦਾ ਹੋ ਰਹੀ ਹੈ। ਆਲੇ ਦੁਆਲੇ ਹੋਟਲਾਂ ਅਤੇ ਰੈਸਟੋਰੈਂਟਾਂ ਦੀਆਂ ਰਸੋਈਆਂ ਦੇ ਕਾਰਨ ਵੀ ਜ਼ਹਿਰੀਲੀਆਂ ਗੈਸਾਂ ਵੀ ਪੈਦਾ ਹੋ ਗਈਆਂ ਹਨ। ਸਨਅਤੀ ਕੰਮਾਂ ਦੇ ਕਾਰਨ ਸਲਫਰ ਆਕਸਾਈਡ ਵਰਗੀ ਜ਼ਹਿਰੀਲੀ ਗੈਸ ਬਣ ਰਹੀ ਹੈ। ઠਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪ੍ਰਦੂਸ਼ਣ ਮਾਪਕ ਯੰਤਰਾਂ ਵਾਲਾ ਇਹ ਟਾਵਰ ਸਥਾਪਤ ਕਰ ਦਿੱਤਾ ਗਿਆ ਹੈ, ਜਿਸ ‘ਤੇ ਪ੍ਰਦੂਸ਼ਣ ਮਾਪਣ ਦਾ ਤਜਰਬਾ ਸ਼ੁਰੂ ਹੋ ਗਿਆ ਹੈ। ਜਲਦੀ ਹੀ ਇਹ ਕਾਰਵਾਈ ਪੱਕੇ ਤੌਰ ‘ਤੇ ਸ਼ੁਰੂ ਹੋ ਜਾਵੇਗੀ। ਇੱਕ ਕਰੋੜ ਦਸ ਲੱਖ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਗਏ ਪ੍ਰਦੂਸ਼ਣ ਮਾਪਕ ਯੰਤਰਾਂ ਦੀ ਖਰੀਦ ਵਾਸਤੇ 25 ਫੀਸਦ ਸ਼੍ਰੋਮਣੀ ਕਮੇਟੀ ਵੱਲੋਂ, 25 ਫੀਸਦ ਨਗਰ ਨਿਗਮ ਵੱਲੋਂ ਅਤੇ 50 ਫੀਸਦ ਸਰਕਾਰ ਵੱਲੋਂ ਖਰਚ ਕੀਤਾ ਗਿਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਆਉਂਦੇ ਦਿਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਨੂੰ ਵਾਹਨ ਮੁਕਤ ਜ਼ੋਨ ਬਣਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਵਧੇਰੇ ਬਿਜਲੀ ਸਪਲਾਈ ਦੀ ਆਮਦ ਨਾਲ ਹੋਟਲਾਂ ਵੱਲੋਂ ਵਰਤੇ ਜਾਂਦੇ ਜਨਰੇਟਰ ਬੰਦ ਹੋ ਜਾਣਗੇ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਰਾਈ ਜਾ ਰਹੀ ਲੰਗਰ ਹਾਲ ਦੀ ਉਸਾਰੀ ਆਖਰੀ ਪੜਾਅ ‘ਤੇ ਹੈ ਅਤੇ ਇਸ ਦੇ ਮੁਕੰਮਲ ਹੋਣ ਮਗਰੋਂ ਲੰਗਰ ਲਈ ਲੱਕੜ ਦੇ ਬਾਲਣ ਦੀ ਵਰਤੋਂ ਵੀ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ, ਜਿਸ ਨਾਲ ਇਹ ਖੇਤਰ ਪ੍ਰਦੂਸ਼ਣ ਮੁਕਤ ਇਲਾਕਾ ਬਣ ਜਾਵੇਗਾ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …