ਨਾਟਕ ‘ਮੱਸਿਆ ਦੀ ਰਾਤ’ ਲਈ ਮਿਲੇਗਾ ਇਨਾਮ
ਚੰਡੀਗੜ੍ਹ : ਪੰਜਾਬ ਵਿਚ ਜਨਮੇ ਡਾ. ਸਵਰਾਜਬੀਰ ਸਿੰਘ ਪੰਜਾਬੀ ਨਾਟਕ ‘ਮੱਸਿਆ ਦੀ ਰਾਤ’ ਲਈ ਸਾਹਿਤ ਅਕਾਦਮੀ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਨਾਟਕ ਉਨ੍ਹਾਂ ਨੇ 2013 ਵਿਚ ਲਿਖਿਆ ਸੀ। ਡਾ. ਸਵਰਾਜਬੀਰ ਸਿੰਘ 1986 ਦੇ ਅਸਾਮ-ਮੇਘਾਲਿਆ ਬੈਚ ਦੇ ਆਈਪੀਐਸ ਅਧਿਕਾਰੀ ਹਨ ਤੇ ਇਸ ਵੇਲੇ ਮੇਘਾਲਿਆ ਵਿਚ ਡੀਜੀਪੀ ਹਨ। ਉਹਨਾਂ ਦੇ ਲਿਖੇ ਨਾਟਕ ‘ਸ਼ਾਇਰੀ’ ਤੇ ‘ਮੱਸਿਆ ਦੀ ਰਾਤ’ ਦੇਸ਼ ਭਰ ਤੋਂ ਇਲਾਵਾ ਪਾਕਿਸਤਾਨ ਵਿਚ ਵੀ ਮੰਚਿਤ ਹੋ ਚੁੱਕੇ ਹਨ। ‘ਸ਼ਾਇਰੀ’ ਨਾਟਕ ਨੂੰ ਸਕੂਲ ਆਫ ਡਰਾਮਾ ਦੇ ਰੰਗ ਮਹਾਉਤਸਵ ਵਿਚ ਵੀ ਪੇਸ਼ ਕੀਤਾ ਜਾ ਚੁੱਕਾ ਹੈ।
ਡਾ. ਸਵਰਾਜਬੀਰ ਸਿੰਘ ਨੇ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਤੇ ਸੰਘਰਸ਼ਾਂ ਨੂੰ ਬੜਾ ਨੇੜਿਓਂ ਵੇਖਦੇ ਆਏ ਹਨ ਤੇ ਉਹ ਉਨ੍ਹਾਂ ਬਾਰੇ ਵੀ ਲਿਖਦੇ ਹਨ। ਉਨ੍ਹਾਂ ਆਪਣੇ ਇਸ ਪੁਰਸਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਕਾਰਨ ਹੀ ਉਨ੍ਹਾਂ ਨੂੰ ਇਹ ਇਨਾਮ ਮਿਲਿਆ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਰਮਦਾਸ ਕੋਲ ਪਿੰਡ ਧਰਮਵਾਦ ਦੇ ਵਾਸੀ ਡਾ. ਸਵਰਾਜਬੀਰ ਸਿੰਘ ਨੇ ਅੰਮ੍ਰਿਤਸਰ ਦੇ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਹਾਇਰ ਸੈਕੰਡਰੀ ਸਕੂਲ ਤੋਂ ਸਿਰਫ ਤੇ ਸਿਰਫ 13 ਸਾਲ ਦੀ ਉਮਰ ਵਿਚ 1971 ਵਿਚ ਦਸਵੀਂ ਕਰਨ ਬਾਅਦ 1981 ਵਿਚ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮਬੀਬੀਐਸ ਕੀਤੀ ਸੀ। ਉਨ੍ਹਾਂ ਨੇ 1983-84 ਵਿਚ ਕੋਟ ਟੋਡਰ ਮੱਲ ਡਿਸਪੈਂਸਰੀ ਵਿਚ ਪੀਸੀਐਮਐਸ ਅਧਿਕਾਰੀ ਦੇ ਤੌਰ ‘ਤੇ ਸੇਵਾਵਾਂ ਵੀ ਦਿੱਤੀਆਂ ਸਨ। 1986 ਵਿਚ ਆਈਪੀਐਸ ਬਣਨ ‘ਤੇ ਉਨ੍ਹਾਂ ਨੂੰ ਮੇਘਾਲਿਆ ਕਾਡਰ ਮਿਲਿਆ ਸੀ। ‘ਆਪਣੀ ਆਪਣੀ ਰਾਤ’ ਪੁਸਤਕ ਲਈ ਉਨ੍ਹਾਂ ਨੂੰ 1986 ਵਿਚ ਭਾਈ ਮੋਹਨ ਸਿੰਘ ਪੁਰਸਕਾਰ ਮਿਲਿਆ। 1994 ਵਿਚ ’23 ਮਾਰਚ’ ਕਵਿਤਾ ਸੰਗ੍ਰਹਿ ਤੇ 2000 ਵਿਚ ‘ਧਰਮ ਗੁਰੂ’ ਨਾਟਕ ਲਈ ਪੰਜਾਬੀ ਅਕਾਦਮੀ ਦਿੱਲੀ ਵੀ ਉਨ੍ਹਾਂ ਨੂੰ ਸਨਮਾਨਿਤ ਕਰ ਚੁੱਕੀ ਹੈ। ਉਨ੍ਹਾਂ ਦੀਆਂ ਪ੍ਰਕਾਸ਼ਤ ਕਿਤਾਬਾਂ ਵਿਚ ‘ਸਾਹਾਂ ਬਾਣੀ’ (ਕਵਿਤਾ, 1989), ‘ਕ੍ਰਿਸ਼ਣ’ (ਨਾਟਕ, 2000), ‘ਮੇਦਨੀ’ (ਨਾਟਕ, 2002), ‘ਸ਼ਾਇਰੀ’ (2015), ‘ਅਗਨੀਕੁੰਡ’ (ਨਾਟਕ, 2016) ਆਦਿ ਸ਼ਾਮਲ ਹਨ।
Check Also
ਮੁੱਖ ਮੰਤਰੀ ਭਗਵੰਤ ਮਾਨ ’ਤੇ ਭੜਕੇ ਪਰਗਟ ਸਿੰਘ
ਸੀਐਮ ਮਾਨ ’ਤੇ ਚੁਟਕਲੇ ਸੁਣਾਉਣ ਦੇ ਲਗਾਏ ਆਰੋਪ ਚੰਡੀਗੜ੍ਹ/ਬਿਊਰੋ ਨਿਊਜ਼ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ …