ਈਟੀਟੀ ਅਧਿਆਪਕਾਂ ਨੇ ਸਿੱਖਿਆ ਮੰਤਰੀ ’ਤੇ ਵਾਅਦੇ ਪੂਰੇ ਨਾ ਕਰਨ ਦੇ ਲਗਾਏ ਆਰੋਪ
ਬਰਨਾਲਾ/ਬਿਊਰੋ ਨਿਊਜ਼
ਈਟੀਟੀ ਅਧਿਆਪਕਾਂ ਵੱਲੋਂ ਡੈਪੂਟੇਸ਼ਨ ਰੱਦ ਕਰਨ ਦੀ ਮੰਗ ਲਈ ਅੱਜ ਬਰਨਾਲਾ ਵਿੱਚ ਦੂਜੀ ਵਾਰ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਅੱਗੇ ਮੋਰਚਾ ਲਗਾ ਦਿੱਤਾ ਗਿਆ। ਅੱਜ ਵੱਡੀ ਗਿਣਤੀ ਵਿੱਚ ਈਟੀਟੀ ਅਧਿਆਪਕਾਂ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚ ਕੇ ਸਿੱਖਿਆ ਮੰਤਰੀ ਦੇ ਘਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕਾਂ ਦੇ ਇਸ ਪ੍ਰਦਰਸ਼ਨ ਨੂੰ ਦੇਖਦਿਆਂ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਦੇ ਘਰ ਨੂੰ ਜਾਂਦੀ ਗਲੀ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ। ਈਟੀਟੀ ਅਧਿਆਪਕਾਂ ਦੇ ਮਨਾਂ ਵਿਚ ਰੋਸ ਹੈ ਕਿ ਸਿੱਖਿਆ ਮੰਤਰੀ ਨੇ ਮੀਟਿੰਗ ਦੌਰਾਨ ਕੀਤੇ ਗਏ ਵਾਅਦੇ ਅਜੇ ਤੱਕ ਲਾਗੂ ਨਹੀਂ ਕੀਤੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਅਧਿਆਪਕਾਂ ਨੇ ਸਿਖ਼ਰ ਦੁਪਹਿਰੇ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰੋਸ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਵਿਚ ਮਨੀਸ਼ ਕੁਮਾਰ, ਬਿਮਲਾ ਰਾਣੀ ਅਤੇ ਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਡੈਪੂਟੇਸ਼ਨਾਂ ਰੱਦ ਕਰਕੇ ਬਦਲੀਆਂ ਦੇ ਨਿਰਦੇਸ਼ ਜਾਰੀ ਕਰਨ ਦੀ ਹੈ। ਈਟੀਟੀ ਅਧਿਆਪਕਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਡੈਪੂਟੇਸ਼ਨਾਂ ਰੱਦ ਕਰਕੇ ਬਦਲੀ ਦੇ ਹੁਕਮ ਜਾਰੀ ਨਹੀਂ ਹੁੰਦੇ ਉਦੋਂ ਤੱਕ ਉਹ ਆਪਣਾ ਮੋਰਚਾ ਖਤਮ ਨਹੀਂ ਕਰਨਗੇ।