117 ਵਿਚੋਂ 13 ਵਿਧਾਇਕ ਪੀਯੂ ਦੇ ਰਹੇ ਹਨ ਵਿਦਿਆਰਥੀ
ਪਟਿਆਲਾ : ਪੰਜਾਬ ਦੇ ਮੌਜੂਦਾ 117 ਵਿਧਾਇਕਾਂ ਵਿੱਚੋਂ 13 ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਤਾਂ ਸਿੱਧੇ ਤੌਰ ‘ਤੇ ‘ਵਰਸਿਟੀ ਕੈਂਪਸ ‘ਚ ਰਹਿ ਕੇ ਪੜ੍ਹੇ ਹਨ ਤੇ ਕੁਝ ਨੇ ਇਸ ਯੂਨੀਵਰਸਿਟੀ ਅਧੀਨ ਪੈਂਦੇ ਕਾਲਜਾਂ ਰਾਹੀਂ ਪੜ੍ਹਾਈ ਕੀਤੀ ਹੈ। ਇਨ੍ਹਾਂ ਵਿਧਾਇਕਾਂ ਵਿੱਚੋਂ ਪੰਜਾਬੀ ਯੂਨੀਵਰਸਿਟੀ ਤੋਂ ਇੱਕ ਨੇ ਪੀਐੱਚਡੀ ਅਤੇ ਦੋ ਨੇ ਐੱਮਫਿਲ ਕੀਤੀ ਹੈ। ਇਸ ਦੇ ਨਾਲ ਹੀ ਤਿੰਨ ਨੇ ਐੱਮਏ, ਦੋ ਨੇ ਐੱਲਐੱਲਬੀ ਤੇ ਤਿੰਨ ਵਿਧਾਇਕਾਂ ਨੇ ਬੀਏ ਕੀਤੀ ਹੈ। ਇਕ ਵਿਧਾਇਕ ਨੇ ਇੱਥੋਂ ਬੀਡੀਐੱਸ ਦੀ ਡਿਗਰੀ ਪ੍ਰਾਪਤ ਕੀਤੀ ਹੈ। ਸੰਗਰੂਰ ਤੋਂ ਦਿੱਗਜਾਂ ਅਤੇ ਧਨਾਢਾਂ ਨੂੰ ਹਰਾ ਕੇ ਵਿਧਾਇਕ ਬਣੀ ਨਰਿੰਦਰ ਕੌਰ ਭਰਾਜ ਨੇ ਜੂਨ 2021 ਦੌਰਾਨ ਹੀ ਪੰਜਾਬੀ ਯੂਨੀਵਰਸਿਟੀ ਤੋਂ ਐੱਲਐੱਲਬੀ ਦੀ ਡਿਗਰੀ ਹਾਸਲ ਕੀਤੀ ਹੈ। ਉੱਧਰ ਮਾਲੇਰਕੋਟਲਾ ਤੋਂ ਵਿਧਾਇਕ ਮੁਹੰਮਦ ਜਮੀਲ-ਉਰ-ਰਹਿਮਾਨ ਨੇ ਇੱਥੋਂ ਪੀਐੱਚਡੀ ਕੀਤੀ ਹੈ। ਉਨ੍ਹਾਂ ਦੇ ਨਿਗਰਾਨ ਰਹੇ ਪ੍ਰੋ. ਮੁਹੰਮਦ ਇਕਬਾਲ ਦੱਸਦੇ ਹਨ ਕਿ ਉਨ੍ਹਾਂ ਆਪਣਾ ਖੋਜ ਕਾਰਜ 2015-16 ਸੈਸ਼ਨ ਦੌਰਾਨ ਪੂਰਾ ਕਰ ਕਰ ਲਿਆ ਸੀ ਤੇ ਇਸ ਸਬੰਧੀ 9 ਦਸੰਬਰ 2021 ਨੂੰ ਯੂਨੀਵਰਸਿਟੀ ਦੀ 39ਵੀਂ ਕਾਨਵੋਕੇਸ਼ਨ ਦੌਰਾਨ ਉਨ੍ਹਾਂ ਨੂੰ ਪੀਐੱਚਡੀ ਦੀ ਡਿਗਰੀ ਦਿੱਤੀ ਗਈ ਹੈ। ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਤਾਂ ਪੰਜਾਬੀ ਯੂਨੀਵਰਸਿਟੀ ਤੋਂ ਐੱਮਏ ਦੀਆਂ ਚਾਰ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਨੇ ਐੱਮਏ ਪੰਜਾਬੀ (1979), ਰਾਜਨੀਤੀ ਸ਼ਾਸਤਰ, (1987), ਅਰਥ ਸ਼ਾਸਤਰ (1990) ਤੇ ਧਰਮ ਅਧਿਐਨ (1998) ਦੀ ਡਿਗਰੀ ਕੀਤੀ ਹੈ। ਪਿਛਲੀ ਸਰਕਾਰ ਦੌਰਾਨ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਹੇ ਅਤੇ ਅੱਜ ਸੂਬੇ ਦੇ ਵਿੱਤ ਤੇ ਯੋਜਨਾ ਮੰਤਰੀ ਬਣਾਏ ਗਏ ਹਲਕਾ ਦਿੜ੍ਹਰਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਵੀ 1998 ਦੌਰਾਨ ਪੰਜਾਬੀ ਯੂਨੀਵਰਸਿਟੀ ਤੋਂ ਹੀ ਬੀਏ ਕੀਤੀ ਸੀ। ਚੀਮਾ ਕੋਲ ਵਕਾਲਤ ਦੀ ਡਿਗਰੀ ਵੀ ਹੈ। ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਲਖਵੀਰ ਸਿੰਘ ਰਾਇ ਨੇ 1994 ਦੌਰਾਨ ਐੱਲਐੱਲਬੀ ਤੇ ਪ੍ਰੋ. ਬਲਜਿੰਦਰ ਕੌਰ ਨੇ 2011 ਦੌਰਾਨ ਐੱਮਫਿਲ ਕੀਤੀ। ਬਾਕੀਆਂ ਵਿੱਚੋਂ ਪਟਿਆਲਾ ਤੋਂ ਵਿਧਾਇਕ ਬਣੇ ਅਜੀਤਪਾਲ ਸਿੰਘ ਕੋਹਲੀ ਨੇ 2016 ‘ਚ ਰਾਜਨੀਤੀ ਸ਼ਾਸਤਰ ਦੀ ਐੱਮਏ ਕੀਤੀ। ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ 1991 ਵਿੱਚ ਇੱਥੋਂ ਬੀਏ ਕੀਤੀ ਸੀ। ਗਾਇਕ ਬਲਕਾਰ ਸਿੱਧੂ ਨੇ 1993 ਵਿੱਚ ਬੀਏ ਮੁਕੰਮਲ ਕੀਤੀ, ਮਨਵਿੰਦਰ ਸਿੰਘ ਗਿਆਸਪੁਰਾ ਨੇ ਐੱਮਏ ਤੇ ਜਸਵੰਤ ਸਿੰਘ ਨੇ ‘ਵਰਸਿਟੀ ਦੇ ਇਤਿਹਾਸ ਵਿਭਾਗ ਤੋਂ ਐੱਮਫਿਲ ਦੀ ਡਿਗਰੀ ਹਾਸਲ ਕੀਤੀ।
ਯੁਵਕ ਮੇਲਿਆਂ ਦਾ ਸ਼ਿੰਗਾਰ ਬਣਦੇ ਰਹੇ ਹਨ ਮੁੱਖ ਮੰਤਰੀ
ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪੰਜਾਬੀ ਯੂਨੀਵਰਸਿਟੀ ਨਾਲ ਹੀ ਸਬੰਧਤ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿੱਚ ਬੀਕੌਮ ਦੇ ਵਿਦਿਆਰਥੀ ਰਹਿੰਦਿਆਂ ‘ਵਰਸਿਟੀ ਨਾਲ ਜੁੜੇ ਰਹੇ ਹਨ। ਭਗਵੰਤ ਮਾਨ ਯੁਵਕ ਮੇਲਿਆਂ ਵਿੱਚ ਹਿੱਸਾ ਲੈਂਦੇ ਰਹੇ ਹਨ। ਉਨ੍ਹਾਂ ਦੀ ਕਲਾਕਾਰੀ ਤੇ ਅਦਾਕਾਰੀ ਕਾਮੇਡੀ ‘ਤੇ ਆਧਾਰਤ ਹੋਣ ਕਾਰਨ ਉਸ ਵੇਲੇ ਉਹ ਯੁਵਕ ਮੇਲਿਆਂ ‘ਚ ਖਿੱਚ ਦਾ ਕੇਂਦਰ ਬਣਦੇ ਰਹੇ ਹਨ।