
ਟੋਕੀਓ ’ਚ 50 ਮੀਟਰ ਰਾਈਫਲ ਈਵੈਂਟ ’ਚ ਜਿੱਤਿਆ ਗੋਲਡ ਮੈਡਲ
ਫਾਜ਼ਿਲਕਾ/ਬਿਊਰੋ ਨਿਊਜ਼
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਢੀਪਾਂਵਾਲੀ ਦੀ ਰਹਿਣ ਵਾਲੀ ਮਾਹਿਤ ਸੰਧੂ ਨੇ ਨਿਸ਼ਾਨੇਬਾਜ਼ੀ ਵਿਚ ਵਰਲਡ ਰਿਕਾਰਡ ਬਣਾਇਆ ਹੈ। ਟੋਕੀਓ ਵਿਚ ਹੋਏ ਡੈਫ ਲਿੰਪਕਸ ਵਿਚ 50 ਮੀਟਰ ਰਾਈਫਲ ਨਿਸ਼ਾਨੇਬਾਜ਼ੀ ਵਿਚ ਮਾਹਿਤ ਨੇ ਜਿੱਤ ਦਰਜ ਕਰਕੇ ਗੋਲਡ ਮੈਡਲ ਹਾਸਲ ਕੀਤਾ ਹੈ। ਮਾਹਿਤ ਸੰਧੂ ਦੀ ਇਸ ਪ੍ਰਾਪਤੀ ਨਾਲ ਉਸਦੇ ਪਿੰਡ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਮਾਹਿਤ ਸੰਧੂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਬੇਟੀ ’ਤੇ ਮਾਣ ਹੈ ਕਿ ਉਨ੍ਹਾਂ ਦੀ ਬੇਟੀ ਨੇ ਪਰਿਵਾਰ ਜਾਂ ਇਲਾਕੇ ਦਾ ਨਹੀਂ, ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ਮਾਹਿਤ ਸੰਧੂ ਨੇ ਮਹਿਲਾ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ਈਵੈਂਟ ਵਿਚ ਗੋਲਡ ਮੈਡਲ ਜਿੱਤ ਕੇ ਇਨ੍ਹਾਂ ਖੇਡਾਂ ਵਿਚ ਆਪਣਾ ਚੌਥਾ ਮੈਡਲ ਜਿੱਤਿਆ ਹੈ।

