ਪੰਜਾਬ ਨੇ ਚੰਡੀਗੜ੍ਹ ‘ਤੇ ਆਪਣਾ ਦਾਅਵਾ ਨਹੀਂ ਛੱਡਿਆ: ਮੁੱਖ ਮੰਤਰੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵਿਆਹ ਮਗਰੋਂ ਸੋਮਵਾਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਉਨ੍ਹਾਂ ਗੁਰੂ ਘਰ ਵਿਚ ਮੱਥਾ ਟੇਕਿਆ ਅਤੇ ਆਪਣੇ ਜੀਵਨ ਦੇ ਨਵੇਂ ਪੜਾਅ ਦੀ ਸ਼ੁਰੂਆਤ ਕਰਨ ਲਈ ਆਸ਼ੀਰਵਾਦ ਲਿਆ।
ਮੁੱਖ ਮੰਤਰੀ ਆਪਣੀ ਮਾਂ ਬੀਬੀ ਹਰਪਾਲ ਕੌਰ ਅਤੇ ਭੈਣ ਨਾਲ ਗੁਰੂ ਨਗਰੀ ਵਿਚ ਆਏ। ਇਸ ਮੌਕੇ ਲੋਕਾਂ ਵਲੋਂ ਮੁੱਖ ਮੰਤਰੀ ਨੂੰ ਵਿਆਹ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ ਜਿਨ੍ਹਾਂ ਦਾ ਮੁੱਖ ਮੰਤਰੀ ਤੇ ਉਨ੍ਹਾਂ ਦੇ ਪਰਿਵਾਰ ਨੇ ਧੰਨਵਾਦ ਵੀ ਕੀਤਾ। ਇਸ ਮੌਕੇ ਸੂਚਨਾ ਕੇਂਦਰ ‘ਚ ਸ਼੍ਰੋਮਣੀ ਕਮੇਟੀ ਵਲੋਂ ਮੁੱਖ ਮੰਤਰੀ ਤੇ ਉਨ੍ਹਾਂ ਦੀ ਪਤਨੀ ਦਾ ਸਨਮਾਨ ਕੀਤਾ ਗਿਆ। ਸੂਚਨਾ ਕੇਂਦਰ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਨੇ ਚੰਡੀਗੜ੍ਹ ‘ਤੇ ਕਦੇ ਵੀ ਆਪਣਾ ਦਾਅਵਾ ਨਹੀਂ ਛੱਡਿਆ।
ਇਸ ਬਾਰੇ ਵਿਰੋਧੀ ਧਿਰਾਂ ਵੱਲੋਂ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਮਾਮਲੇ ਵਿਚ ਕਰੜੇ ਹੱਥੀਂ ਲੈਂਦਿਆਂ ਆਖਿਆ ਕਿ ਉਨ੍ਹਾਂ ਨੇ ਅਕਾਲੀ ਸਰਕਾਰ ਵੇਲੇ ਪੰਜਾਬ ਦੇ ਸਾਰੇ ਸਰਕਾਰੀ ਦਫਤਰ ਹੀ ਮੁਹਾਲੀ ਤਬਦੀਲ ਕਰ ਦਿੱਤੇ ਸਨ। ਮੁੱਖ ਮੰਤਰੀ ਨੇ ਆਰੋਪ ਲਾਇਆ ਕਿ ਚੰਡੀਗੜ੍ਹ ‘ਤੇ ਪੰਜਾਬ ਦੇ ਦਾਅਵਿਆਂ ਨੂੰ ਖੋਰਾ ਲਾਉਣ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਕੇਂਦਰ ਸਰਕਾਰਾਂ ਨਾਲ ਮਿਲੀਭੁਗਤ ਰਹੀ ਹੈ।