Breaking News
Home / ਪੰਜਾਬ / ਸਤਲੁਜ ‘ਚ ਸੁੱਟੀ ਲਾਹਣ ਨੇ ਕਈ ਮੱਛੀਆਂ ਦੀ ਲਈ ਜਾਨ

ਸਤਲੁਜ ‘ਚ ਸੁੱਟੀ ਲਾਹਣ ਨੇ ਕਈ ਮੱਛੀਆਂ ਦੀ ਲਈ ਜਾਨ

ਪੰਜਾਬ ਪੁਲਿਸ ਦੀ ਲਾਪਰਵਾਹੀ – ਡੀਜੀਪੀ ਵੱਲੋਂ ਜਾਂਚ ਦੇ ਹੁਕਮ
ਜਲੰਧਰ : ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਫੜੀ ਲਾਹਣ ਸਤਲੁਜ ਦਰਿਆ ਵਿੱਚ ਸੁੱਟਣ ਕਾਰਨ ਵੱਡੀ ਗਿਣਤੀ ਵਿਚ ਮੱਛੀਆਂ ਮਰ ਗਈਆਂ ਹਨ। ਇਨ੍ਹਾਂ ਵਿਚੋਂ ਕੁਝ ਪ੍ਰਜਾਤੀਆਂ ਤਾਂ ਹਾਲ ਹੀ ਵਿੱਚ ਕਰੀਬ ਤਿੰਨ ਦਹਾਕੇ ਬਾਅਦ ਸਤਲੁਜ ਵਿਚ ਪਰਤੀਆਂ ਸਨ। ਪੁਲਿਸ ਦੀ ਲਾਪ੍ਰਵਾਹੀ ਪ੍ਰਤੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਚੁੱਪ ਵੱਟੀ ਬੈਠੇ ਹਨ। ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮਾਮਲੇ ਨੂੰ ਬੋਰਡ ਦੀ ਮੀਟਿੰਗ ਵਿੱਚ ਰੱਖਣ ਦਾ ਫੈਸਲਾ ਕੀਤਾ ਹੈ। ਸਮਾਜ ਸੇਵੀ ਸੰਸਥਾਵਾਂ ਪੁਲਿਸ ਦੇ ਇਸ ਵਤੀਰੇ ਪ੍ਰਤੀ ਸਖ਼ਤ ਨਰਾਜ਼ ਹਨ। ਉਧਰ ਮਰੀਆਂ ਮੱਛੀਆਂ ਦਾ ਸੱਚ ਸਾਹਮਣੇ ਲਿਆਉਣ ਵਾਲੇ ਨੌਜਵਾਨ ਨੂੰ ਪੁਲਿਸ ਆਪਣੇ ਢੰਗ ਤਰੀਕਿਆਂ ਨਾਲ ਤੰਗ ਪ੍ਰੇਸ਼ਾਨ ਕਰਨ ਲੱਗ ਪਈ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਫਿਲੌਰ, ਸ਼ਾਹਕੋਟ ਤੇ ਲੋਹੀਆਂ ਦੇ ਸਤਲੁਜ ਦਰਿਆ ਨੇੜਲੇ ਪਿੰਡਾਂ ਵਿੱਚੋਂ 3 ਲੱਖ 58 ਹਜ਼ਾਰ ਲੀਟਰ ਤੋਂ ਵੱਧ ਲਾਹਣ ਫੜੀ ਸੀ। ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਸਤਲੁਜ ਦਰਿਆ ਵਿੱਚ ਲਾਹਣ ਰੋੜ੍ਹੇ ਜਾਣ ਦੀਆਂ ਸੋਸ਼ਲ ਮੀਡੀਆ ‘ਤੇ ਚੱਲ ਰਹੀ ਚਰਚਾ ਦਾ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸਤਲੁਜ ਵਿਚ ਬੁੱਢੇ ਨਾਲੇ ਤੇ ਚਿੱਟੀ ਵੇਈਂ ਦਾ ਜ਼ਹਿਰੀਲਾ ਪਾਣੀ ਪੈਣ ਨਾਲ ਦਰਿਆ ਵਿਚਲੇ ਜਲ ਜੀਵ ਮਰ ਗਏ ਸਨ। ਮੱਛੀਆਂ ਦੀਆਂ ਕਈ ਦੁਰਲੱਭ ਪ੍ਰਜਾਤੀਆਂ ਸਮਾਪਤ ਹੋ ਗਈਆਂ ਸਨ। ਕਰੋਨਾ ਕਾਰਨ ਲੱਗੀ ਤਾਲਾਬੰਦੀ ਤੇ ਸਤਲੁਜ ਵਿਚ ਛੱਡੇ ਸਾਫ਼ ਪਾਣੀ ਨਾਲ ਇੱਕ ਵਾਰ ਫਿਰ ਤਿੰਨ ਦਹਾਕਿਆਂ ਬਾਅਦ ਜਲ ਜੀਵ ਮੁੜ ਦਰਿਆ ਵਿੱਚ ਪਰਤ ਆਏ ਸਨ ਪਰ ਇਸ ਨੂੰ ਪੁਲਿਸ ਤੇ ਸ਼ਰਾਬ ਮਾਫ਼ੀਆ ਵੱਲੋਂ ਰੋੜ੍ਹੀ ਗਈ ਲਾਹਣ ਨੇ ਇੱਕ ਵਾਰ ਫਿਰ ਤਬਾਹੀ ਦੇ ਕੰਢੇ ਲੈ ਆਂਦਾ ਹੈ। ਨਿਗਰਾਨ ਕਮੇਟੀ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ 1974 ਦੇ ਵਾਟਰ ਐਕਟ ਤਹਿਤ ਕਾਰਵਾਈ ਹੋਵੇ ਤੇ ਸਤਲੁਜ ਵਿਚ ਸਾਫ਼ ਪਾਣੀ ਛੱਡਿਆ ਜਾਵੇ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦੋ ਐੱਸਡੀਓਜ਼ ਨੇ ਸਤਲੁਜ ਦੇ ਪਾਣੀ ਦੇ ਸੈਂਪਲ ਲਏ ਹਨ। ਸਤਲੁਜ ਵਿੱਚ ਮਰੀਆਂ ਮੱਛੀਆਂ ਦੀ ਵੀਡੀਓ ਬਣਾਉਣ ਵਾਲੇ ਸੁਖਬੀਰ ਸਿੰਘ ਵਾਸੀ ਫਤਿਹਪੁਰ ਭੰਗਵਾਂ ਨੇ ਦੱਸਿਆ ਕਿ ਸਵੇਰੇ 6 ਵਜੇ ਵੱਡੀ ਗਿਣਤੀ ਵਿਚ ਮਰੀਆਂ ਮੱਛੀਆਂ ਰੁੜ੍ਹ ਰਹੀਆਂ ਸਨ। ਬਹੁਤ ਸਾਰੀਆਂ ਮੱਛੀਆਂ ਤਾਂ ਦਰਿਆ ਦੇ ਪਾਣੀ ਨਾਲ ਰੁੜ੍ਹ ਵੀ ਗਈਆਂ ਸਨ। ਦੁਪਹਿਰ ਬਾਅਦ ਦਰਿਆ ਵਿੱਚ ਮਰੀਆਂ ਮੱਛੀਆਂ ਦੀ ਗਿਣਤੀ ਘਟਣ ਲੱਗ ਪਈ ਸੀ।
ਦੋ-ਚਾਰ ਮੱਛੀਆਂ ਹੀ ਮਰੀਆਂ: ਐੱਸਐੱਸਪੀ
ਦਿਹਾਤੀ ਪੁਲਿਸ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦਾਅਵਾ ਕੀਤਾ ਪੁਲਿਸ ਨੇ ਦਰਿਆ ਵਿੱਚ ਕੋਈ ਲਾਹਣ ਨਹੀਂ ਰੋੜ੍ਹੀ। ਦਰਿਆ ਵਿੱਚ ਦੋ ਚਾਰ ਹੀ ਮੱਛੀਆਂ ਮਰੀਆਂ ਸਨ। ਜਿਹੜੇ ਮੁੰਡੇ ਨੇ ਵੀਡੀਓ ਬਣਾਈ ਸੀ ਪੁਲਿਸ ਨੇ ਉਸ ਦਾ ਬਿਆਨ ਵੀ ਰਿਕਾਰਡ ਵਿੱਚ ਲੈ ਆਂਦਾ ਹੈ। ਪਾਣੀ ਦੇ ਸੈਂਪਲ ਲੈ ਲਏ ਗਏ ਹਨ, ਬਾਕੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਪਾਣੀ ਵਿੱਚ ਕੀ ਘੁਲਿਆ ਸੀ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …