ਸੁਨੀਲ ਜਾਖੜ ਨੂੰ ਸੀਐਮ ਨਾ ਬਣਾ ਕੇ ਕਾਂਗਰਸ ਨੇ ਹਿੰਦੂ ਭਾਈਚਾਰੇ ਦਾ ਅਪਮਾਨ ਕੀਤਾ : ਮਜੀਠੀਆ
ਚੰਡੀਗੜ੍ਹ/ਬਿਊਰੋ ਨਿਊਜ਼
79 ਵਿਚੋਂ 42 ਕਾਂਗਰਸੀ ਵਿਧਾਇਕਾਂ ਦੇ ਸਮਰਥਨ ਦੇ ਬਾਵਜੂਦ ਸੀਐਮ ਨਾ ਬਣਾਉਣ ਦੇ ਸੁਨੀਲ ਜਾਖੜ ਦੇ ਦਾਅਵੇ ਤੋਂ ਬਾਅਦ ਕਾਂਗਰਸ ਪਾਰਟੀ ਹੁਣ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ। ਇਸ ਦੇ ਚੱਲਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਅੰਮਿ੍ਰਤਸਰ ਪੂਰਬੀ ਹਲਕੇ ਤੋਂ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਅੰਮਿ੍ਰਤਸਰ ਵਿਚ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਪਾਰਟੀ ਨੂੰ ਸਿਆਸੀ ਨਿਸ਼ਾਨੇ ’ਤੇ ਲਿਆ। ਮਜੀਠੀਆ ਨੇ ਕਿਹਾ ਕਿ ਜਾਖੜ ਨੂੰ ਮੁੱਖ ਮੰਤਰੀ ਨਾ ਬਣਾ ਕੇ ਕਾਂਗਰਸ ਪਾਰਟੀ ਨੇ ਹਿੰਦੂ ਭਾਈਚਾਰੇ ਦਾ ਅਪਮਾਨ ਕੀਤਾ ਹੈ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ’ਚ ਕੋ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਨੇ ਜਾਖੜ ਨੂੰ ਸੀਐਮ ਇਸ ਲਈ ਨਹੀਂ ਬਣਾਇਆ ਕਿਉਂਕਿ ਉਹ ਹਿੰਦੂ ਹੈ। ਚੱਢਾ ਨੇ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਸਮਾਜ ਨੂੰ ਧਰਮ ਅਤੇ ਜਾਤ ਦੇ ਅਧਾਰ ’ਤੇ ਵੰਡਦੀ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਲੰਘੇ ਕੱਲ੍ਹ ਵੱਡਾ ਖੁਲਾਸਾ ਕੀਤਾ ਸੀ। ਜਾਖੜ ਨੇ ਕਿਹਾ ਕਿ ਸਤੰਬਰ 2021 ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਵੋਟਿੰਗ ਕਰਵਾਈ ਸੀ। ਜਿਸ ਵਿਚ 79 ਵਿਧਾਇਕਾਂ ਵਿਚੋਂ 42 ਵਿਧਾਇਕ ਉਨ੍ਹਾਂ ਦੇ ਹੱਕ ਸਨ। ਜਾਖੜ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦਾ ਸਿਰਫ ਦੋ ਵਿਧਾਇਕਾਂ ਨੇ ਹੀ ਸਮਰਥਨ ਕੀਤਾ ਸੀ ਅਤੇ ਇਸਦੇ ਬਾਵਜੂਦ ਵੀ ਚੰਨੀ ਸੀਐਮ ਬਣੇ ਗਏ।