Breaking News
Home / ਪੰਜਾਬ / ਜਲੰਧਰ ਲੋਕ ਸਭਾ ਹਲਕੇ ‘ਚ ਕੁੰਢੀਆਂ ਦੇ ਸਿੰਗ ਫਸੇ

ਜਲੰਧਰ ਲੋਕ ਸਭਾ ਹਲਕੇ ‘ਚ ਕੁੰਢੀਆਂ ਦੇ ਸਿੰਗ ਫਸੇ

ਜਲੰਧਰ ‘ਚ ਤਿਕੋਣਾ ਚੋਣ ਮੁਕਾਬਲਾ ਹੋਣ ਦੇ ਬਣੇ ਅਸਾਰ
ਜਲੰਧਰ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖ਼ਰੀ ਗੇੜ ਦੀਆਂ ਵੋਟਾਂ ਪਹਿਲੀ ਜੂਨ ਨੂੰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਪੈਣੀਆਂ ਹਨ ਜਿਨ੍ਹਾਂ ਵਿੱਚੋਂ ਜਲੰਧਰ ਚਰਚਿਤ ਸੀਟ ਮੰਨੀ ਜਾਂਦੀ ਹੈ। ਦੇਖਣ ਨੂੰ ਤਾਂ ਇੱਥੇ ਪੰਜ ਕੋਣਾ ਮੁਕਾਬਲਾ ਜਾਪ ਰਿਹਾ ਸੀ ਪਰ ਜਿਉਂ-ਜਿਉਂ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਤਾਂ ਇਹ ਤਿਕੋਣੇ ਮੁਕਾਬਲੇ ਤੱਕ ਸਿਮਟ ਗਿਆ ਜਾਪਦਾ ਹੈ।
ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ, ‘ਆਪ’ ਵੱਲੋਂ ਪਵਨ ਕੁਮਾਰ ਟੀਨੂੰ, ਭਾਜਪਾ ਵੱਲੋਂ ਸੁਸ਼ੀਲ ਕੁਮਾਰ ਰਿੰਕੂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਦਰ ਸਿੰਘ ਕੇਪੀ, ਬਸਪਾ ਵੱਲੋਂ ਬਲਵਿੰਦਰ ਕੁਮਾਰ ਤੇ ਸੀਪੀਐੱਮ ਵੱਲੋਂ ਪ੍ਰਸ਼ੋਤਮ ਲਾਲ ਬਿਲਗਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਬਜੀਤ ਸਿੰਘ ਖਾਲਸਾ ਸਮੇਤ 20 ਉਮੀਦਵਾਰ ਜਲੰਧਰ ਤੋਂ ਚੋਣ ਲੜ ਰਹੇ ਹਨ। ਚੰਨੀ ਨੂੰ ਜਲੰਧਰ ਤੋਂ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਸੀ ਪਰ ਹੁਣ ਵਿਰੋਧੀਆਂ ਵੱਲੋਂ ਕੀਤੇ ਗਏ ਜ਼ੋਰਦਾਰ ਪ੍ਰਚਾਰ ਕਾਰਨ ਮੁਕਾਬਲਾ ਫਸਵਾਂ ਬਣ ਗਿਆ ਹੈ। ਕਾਂਗਰਸ ਦੇ ਫਿਲੌਰ ਤੋਂ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਪਹਿਲੇ ਦਿਨ ਤੋਂ ਉਨ੍ਹਾਂ ਨੂੰ ਉਮੀਦਵਾਰ ਬਣਾਏ ਜਾਣ ਦਾ ਵਿਰੋਧ ਕਰ ਰਹੇ ਹਨ।
ਸਾਬਕਾ ਮੁੱਖ ਮੰਤਰੀ ਡੇਰਾ ਬੱਲਾਂ ਦੇ ਕਰੀਬੀ ਦੱਸੇ ਜਾਂਦੇ ਹਨ। ਉਨ੍ਹਾਂ ਦੀ ਚੋਣ ਮੁਹਿੰਮ ਪਹਿਲਾਂ ਦੇ ਮੁਕਾਬਲੇ ਮੱਠੀ ਪੈਣ ਦੇ ਚਰਚੇ ਹਨ। ਕੁਝ ਸੀਨੀਅਰ ਕਾਂਗਰਸੀ ਆਗੂਆਂ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਚੋਣ ਮੁਹਿੰਮ ਵਿੱਚ ਚੰਨੀ ਦੇ ਪਰਿਵਾਰ ਦਾ ਦਖ਼ਲ ਹੱਦੋਂ ਵਧ ਗਿਆ ਹੈ ਜਿਸ ਕਾਰਨ ਪਾਰਟੀ ਵਰਕਰ ਨਿਰਾਸ਼ ਹਨ।
ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਆਏ ਪਵਨ ਕੁਮਾਰ ਟੀਨੂੰ ਦੀ ਚੋਣ ਮੁਹਿੰਮ ਤੇਜ਼ੀ ਫੜ ਰਹੀ ਹੈ। ਉਨ੍ਹਾਂ ਨੂੰ ਸੱਤਾਧਾਰੀ ਧਿਰ ਦੇ ਉਮੀਦਵਾਰ ਹੋਣ ਦਾ ਲਾਭ ਵੀ ਮਿਲ ਰਿਹਾ ਹੈ। ਚਰਚਾ ਹੈ ਕਿ ਆਦਮਪੁਰ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਪਵਨ ਟੀਨੂੰ ਅਕਾਲੀ ਖੇਮੇ ਵਿੱਚ ਹੀ ਸੰਨ੍ਹ ਲਾ ਰਹੇ ਹਨ। ਜੇਕਰ ਅਕਾਲੀ ਦਲ ਦੀ ਕਾਰਗੁਜ਼ਾਰੀ ਮਾੜੀ ਰਹਿੰਦੀ ਹੈ ਤਾਂ ਵੀ ਇਹ ਦੇਖਣਾ ਹੋਵੇਗਾ ਕਿ ਪਾਰਟੀ ਦੀ ਰਵਾਇਤੀ ਵੋਟ ਬੈਂਕ ਕਿਸਾਨੀ ਕਿਸ ਧਿਰ ਵੱਲ ਭੁਗਤਦੀ ਹੈ।
ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਨੇ ਸਾਲ 2019 ਦੀਆਂ ਚੋਣਾਂ ਵਿੱਚ ਦੋ ਲੱਖ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ ਪਰ ਉਦੋਂ ਉਨ੍ਹਾਂ ਨੂੰ ਕਈ ਹੋਰ ਧਿਰਾਂ ਦੀ ਵੀ ਹਮਾਇਤ ਹਾਸਲ ਸੀ ਜਿਹੜੀ ਕਿ ਹੁਣ ਨਹੀਂ ਹੈ।
ਜ਼ਿਮਨੀ ਚੋਣ ਵਿੱਚ ‘ਆਪ’ ਦੀ ਟਿਕਟ ‘ਤੇ ਸੰਸਦ ਮੈਂਬਰ ਬਣੇ ਸੁਸ਼ੀਲ ਕੁਮਾਰ ਰਿੰਕੂ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਸਮਰੱਥਕਾਂ ਦਾ ਮੰਨਣਾ ਹੈ ਕਿ ਜ਼ਿਮਨੀ ਚੋਣ ‘ਚ ਭਾਜਪਾ ਸ਼ਹਿਰ ਦੇ ਦੋ ਵਿਧਾਨ ਸਭਾ ਹਲਕਿਆਂ ਵਿੱਚੋਂ ਜਿੱਤ ਗਈ ਸੀ ਤੇ ਕਸਬਿਆਂ ਵਿੱਚੋਂ ਵੀ ਚੰਗੀਆਂ ਵੋਟਾਂ ਮਿਲ ਗਈਆਂ ਸਨ। ਰਾਮ ਮੰਦਰ ਬਣਨ ਮਗਰੋਂ ਹਾਲਾਤ ਬਦਲੇ ਹਨ।
ਉਧਰ, ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇ ਅਕਾਲੀ ਦਲ ਪੇਂਡੂ ਇਲਾਕਿਆਂ ਵਿੱਚ ਬਿਹਤਰ ਕਾਰਗੁਜ਼ਾਰੀ ਕਰਦਾ ਹੈ ਤਾਂ ਇਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਹੀ ਹੋਵੇਗਾ ਕਿਉਂਕਿ ਸ਼ਹਿਰੀ ਵੋਟ ਦਾ ਵੱਡਾ ਹਿੱਸਾ ਭਾਜਪਾ ਦੇ ਹੱਕ ਵਿੱਚ ਭੁਗਤੇਗਾ ਤੇ ਪੇਂਡੂ ਇਲਾਕਿਆਂ ਦੀਆਂ ਵੋਟਾਂ ਬਾਕੀ ਸਾਰੇ ਉਮੀਦਵਾਰਾਂ ਵਿੱਚ ਵੰਡੀਆਂ ਜਾਣਗੀਆਂ। ਹੁਣ ਜਦੋਂ ਵੋਟਾਂ ਪੈਣ ਦਾ ਦਿਨ ਨੇੜੇ ਆ ਰਿਹਾ ਹੈ ਤਾਂ ਸਾਰੀਆਂ ਧਿਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਹੈ।

Check Also

ਹੁਸ਼ਿਆਰਪੁਰ ਤੋਂ 4 ਵਾਰ ਸੰਸਦ ਮੈਂਬਰ ਰਹੇ ਕਮਲ ਚੌਧਰੀ ਦਾ ਦਿਹਾਂਤ

3 ਵਾਰ ਕਾਂਗਰਸ ਅਤੇ 1 ਵਾਰ ਭਾਜਪਾ ਦੀ ਟਿਕਟ ’ਤੇ ਜਿੱਤੀ ਸੀ ਚੋਣ ਹੁਸ਼ਿਆਰਪੁਰ/ਬਿਊਰੋ ਨਿਊਜ਼ …