Breaking News
Home / ਪੰਜਾਬ / ਡੇਰਾ ਸੱਚਾ ਸੌਦਾ ਪ੍ਰਬੰਧਕਾਂ ਨੇ ਬਿਨਾ ਆਗਿਆਂ ਤੋਂ ਬਠਿੰਡਾ ‘ਚ ਕੀਤਾ ਇਕੱਠ

ਡੇਰਾ ਸੱਚਾ ਸੌਦਾ ਪ੍ਰਬੰਧਕਾਂ ਨੇ ਬਿਨਾ ਆਗਿਆਂ ਤੋਂ ਬਠਿੰਡਾ ‘ਚ ਕੀਤਾ ਇਕੱਠ

ਕਰੋਨਾ ਨਿਯਮਾਂ ਦੀਆਂ ਵੀ ਉਡੀਆਂ ਧੱਜੀਆਂ
ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਪੰਜਾਬ ਅੰਦਰ ਇਕ ਹੋਰ ਨਵੇਂ ਵਿਵਾਦ ਵਿਚ ਘਿਰ ਗਿਆ ਹੈ। ਲੰਘੀ 9 ਜਨਵਰੀ ਨੂੰ ਬਠਿੰਡਾ ਸਥਿਤ ਡੇਰਾ ਸਲਾਬਤਪੁਰਾ ‘ਚ ਬਿਨਾ ਆਗਿਆ ਤੋਂ ਡੇਰਾ ਪ੍ਰਬੰਧਕਾਂ ਵੱਲੋਂ ਇਕ ਵੱਡਾ ਇਕੱਠ ਕੀਤਾ ਗਿਆ, ਜਿਸ ਵਿਚ ਕਰੋਨਾ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆਂ ਗਈਆਂ। ਇਥੇ ਲੱਖਾਂ ਦੀ ਗਿਣਤੀ ਵਿਚ ਇਕੱਠੀ ਹੋਈ ਸੰਗਤ ਵੱਲੋਂ ਜਨਤਕ ਦੂਰੀ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਿਆ ਗਿਆ ਜਦਕਿ ਮਾਸਕ ਵੀ ਬਹੁਤ ਥੋੜ੍ਹੇ ਲੋਕਾਂ ਨੇ ਪਾਇਆ ਹੋਇਆ ਸੀ। ਇਥੇ ਹੋਏ ਸਮਾਗਮ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਡੇਰੇ ਨੂੰ ਨੋਟਿਸ ਭੇਜਿਆ ਗਿਆ ਹੈ, ਜਿਸ ‘ਚ ਪ੍ਰਬੰਧਾਂ ਤੋਂ ਜਵਾਬ ਮੰਗਿਆ ਗਿਆ ਹੈ। ਡੇਰੇ ਦੇ ਇਸ ਸਮਾਗਮ ‘ਚ ਕਈ ਰਾਜਨੀਤਿਕ ਆਗੂ ਵੀ ਬੈਠੇ ਹੋਏ ਨਜ਼ਰ ਆਏ। ਜਦਕਿ ਚਰਚਾ ਇਹ ਵੀ ਹੈ ਕਿ ਚੋਣਾਂ ਤੋਂ ਪਹਿਲਾਂ ਡੇਰੇ ਵੱਲੋਂ ਕੀਤਾ ਇਹ ਇਕ ਸ਼ਕਤੀ ਪ੍ਰਦਰਸ਼ਨ ਹੈ, ਜਿਸ ‘ਚ ਭਾਜਪਾ ਆਗੂ ਹਰਜੀਤ ਗਰੇਵਾਲ, ਸੁਰਜੀਤ ਜਿਆਣੀ, ਕਾਂਗਰਸੀ ਆਗੂ ਵਿਜੇ ਇੰਦਰ ਸਿੰਗਲਾ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ‘ਆਪ’ ਆਗੂ ਜਗਰੂਪ ਗਿੱਲ ਵੀ ਪਹੁੰਚੇ ਹੋਏ ਸਨ। ਬਠਿੰਡਾ ਜ਼ਿਲ੍ਹੇ ਦੇ ਚੋਣ ਅਫ਼ਸਰ ਡੀਸੀ ਅਰਵਿੰਦਪਾਲ ਸਿੰਘ ਸੰਧੂ ਨੇ ਕਿਹਾ ਕਿ ਭੀੜ ਇਕੱਠੀ ਕਰਨ ਦੇ ਲਈ ਕੋਈ ਪਰਮਿਸ਼ਨ ਨਹੀਂ ਲਈ ਗਈ ਸੀ, ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਰਾਮਪੁਰਾ ਫੂਲ ਦੇ ਰਿਟਰਨਿੰਗ ਅਫ਼ਸਰ ਤੋਂ ਰਿਪੋਰਟ ਮੰਗੀ ਗਈ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਚੋਣ ਕਮਿਸ਼ਨ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਜਦਕਿ ਡੇਰਾ ਸਲਾਬਤਪੁਰ ਦੇ ਪ੍ਰਬੰਧਕ ਹਰਚਰਨ ਸਿੰਘ ਨੇ ਕਿਹਾ ਕਿ ਇਹ ਕੋਈ ਚੋਣ ਪ੍ਰੋਗਰਾਮ ਨਹੀਂ ਸੀ ਬਲਕਿ ਹਰ ਸਾਲ ਮਨਾਇਆ ਜਾਣ ਵਾਲਾ ਭੰਡਾਰਾ ਸੀ, ਜਿਸ ਸਬੰਧੀ ਦਿਆਲਪੁਰਾ ਪੁਲਿਸ ਥਾਣੇ ਨੂੰ ਸੂਚਨਾ ਦਿੱਤੀ ਗਈ ਸੀ। ਇਸ ਤੋਂ ਇਲਾਵਾ ਇਥੇ ਪਹੁੰਚੇ ਲੋਕਾਂ ਨੇ ਮਾਸਕ ਪਹਿਨੇ ਹੋਏ ਅਤੇ ਸੈਨੇਟਾਈਜ਼ ਕਰਨ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ।

Check Also

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮਿ੍ਤਾ ਵੜਿੰਗ ਨੇ ਮਾਤਾ ਚਿੰਤਪੁਰਨੀ ਮੰਦਰ ’ਚ ਟੇਕਿਆ ਮੱਥਾ 

ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਹਿਮਾਚਲ …