Breaking News
Home / ਪੰਜਾਬ / ਨਵਜੋਤ ਸਿੱਧੂ ਵਲੋਂ ਵੀ ਮਹਿਲਾਵਾਂ ਲਈ ਵਾਅਦਿਆਂ ਦੀ ਝੜੀ

ਨਵਜੋਤ ਸਿੱਧੂ ਵਲੋਂ ਵੀ ਮਹਿਲਾਵਾਂ ਲਈ ਵਾਅਦਿਆਂ ਦੀ ਝੜੀ

ਹਰ ਮਹੀਨੇ ਦੋ ਹਜ਼ਾਰ ਰੁਪਏ ਤੇ ਸਾਲ ‘ਚ 8 ਸਿਲੰਡਰ ਮੁਫਤ ਦੇਣ ਦਾ ਕੀਤਾ ਐਲਾਨ
ਸ਼ਹਿਣਾ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਭਰਮਾਉਣ ਲਈ ਵਾਅਦਿਆਂ ਦੀ ਦੌੜ ‘ਚ ਸ਼ਾਮਲ ਹੁੰਦਿਆਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਵਾਅਦਾ ਕੀਤਾ ਕਿ ਜੇਕਰ ਕਾਂਗਰਸ ਪਾਰਟੀ ਮੁੜ ਸੱਤਾ ‘ਚ ਆਈ ਤਾਂ ਮਹਿਲਾਵਾਂ ਨੂੰ ਦੋ-ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਇਕ ਸਾਲ ‘ਚ ਅੱਠ ਰਸੋਈ ਗੈਸ ਸਿਲੰਡਰ ਵੀ ਮੁਫ਼ਤ ‘ਚ ਦਿੱਤੇ ਜਾਣਗੇ।
ਸਿੱਧੂ ਨੇ ਹਰੇਕ ਲੜਕੀ ਨੂੰ ਪ੍ਰਿਯੰਕਾ ਗਾਂਧੀ ਅਤੇ ਕਲਪਨਾ ਚਾਵਲਾ ਬਣਨ ਦਾ ਸੱਦਾ ਦਿੰਦਿਆਂ ਕਾਲਜਾਂ ‘ਚ ਦਾਖ਼ਲੇ ਲੈਣ ਵਾਲੀਆਂ ਲੜਕੀਆਂ ਨੂੰ ਦੋਪਹੀਆ ਵਾਹਨ, 12ਵੀਂ ਜਮਾਤ ਪਾਸ ਕਰਨ ‘ਤੇ 20 ਹਜ਼ਾਰ ਰੁਪਏ, 10ਵੀਂ ਪਾਸ ਕਰਨ ‘ਤੇ 15 ਹਜ਼ਾਰ ਰੁਪਏ ਅਤੇ ਪੰਜਵੀਂ ਪਾਸ ਕਰਨ ‘ਤੇ 5 ਹਜ਼ਾਰ ਰੁਪਏ ਦੇਣ ਦੇ ਵਾਅਦੇ ਵੀ ਕੀਤੇ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਕਾਲਜ ਜਾਣ ਲਈ ਦੋਪਹੀਆ ਵਾਹਨ ਦਿੱਤੇ ਜਾਣਗੇ। ਸ਼ਹਿਣਾ ਦੇ ਕੈਪਟਨ ਕਰਮ ਸਿੰਘ ਸਟੇਡੀਅਮ ‘ਚ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਾਅਦਿਆਂ ਦੀ ਝੜੀ ਲਗਾ ਦਿੱਤੀ। ਸਿੱਧੂ ਨੇ ਮਹਿਲਾਵਾਂ ਦੇ ਸ਼ਕਤੀਕਰਨ ‘ਤੇ ਜ਼ੋਰ ਦਿੰਦਿਆਂ ਇਹ ਵੀ ਵਾਅਦਾ ਕੀਤਾ ਕਿ ਉਚੇਰੀ ਸਿੱਖਿਆ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ ਕੰਪਿਊਟਰ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇ ਨਾਮ ‘ਤੇ ਪ੍ਰਾਪਰਟੀ ਮੁਫ਼ਤ ‘ਚ ਟਰਾਂਸਫਰ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਸਰਕਾਰ ਬਣਨ ‘ਤੇ ਸੂਬੇ ‘ਚ ਮਹਿਲਾਵਾਂ ਲਈ 23 ਹੁਨਰ ਵਿਕਾਸ ਕੇਂਦਰ ਵੀ ਖੋਲ੍ਹੇ ਜਾਣਗੇ। ਅਰਵਿੰਦ ਕੇਜਰੀਵਾਲ ‘ਤੇ ਸਿਆਸੀ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗੀ ਸੀ ਜਦਕਿ ਕਾਂਗਰਸ ਸਰਕਾਰ ਨੇ ਮਜੀਠੀਆ ਨੂੰ ਲੁਕਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰੇਤ ਦੀ ਟਰਾਲੀ 3500 ਰੁਪਏ ‘ਚ ਵਿਕ ਰਹੀ ਹੈ ਅਤੇ ਕਾਂਗਰਸ ਸਰਕਾਰ ਰੇਤ ਮਾਫੀਏ ਨੂੰ ਜੜ੍ਹ ਤੋਂ ਮਿਟਾ ਕੇ ਰਹੇਗੀ। ਬਾਦਲਾਂ ‘ਤੇ ਵਰ੍ਹਦਿਆਂ ਸਿੱਧੂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਕੋਲ ਸਿਰਫ਼ ਦੋ ਹੀ ਬੱਸਾਂ ਸਨ ਪਰ ਹੁਣ 6000 ਬੱਸਾਂ ਹਨ ਅਤੇ ਇਹ ਸਾਰਾ ਲੁੱਟ ਦਾ ਮਾਲ ਹੈ। ਉਨ੍ਹਾਂ ਕਿਹਾ ਕਿ ਰੇਤ ਮਾਫੀਆ ਦੀ ਜੇਬ੍ਹ ‘ਚ ਜਾਂਦੇ 3000 ਕਰੋੜ ਰੁਪਏ ਬਚਾਅ ਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਜਵਾਨੀ ਨੂੰ ਵਿਦੇਸ਼ ਜਾਣ ਤੋਂ ਰੋਕਿਆ ਜਾਵੇਗਾ। ਉਨ੍ਹਾਂ ਕਾਂਗਰਸ ਸਰਕਾਰ ਬਣਨ ‘ਤੇ ਦਾਲਾਂ ਅਤੇ ਬੀਜਾਂ ਉੱਤੇ ਐੱਮਐੱਸਪੀ ਦੇਣ ਦਾ ਵੀ ਐਲਾਨ ਕੀਤਾ।

 

Check Also

ਪੰਜਾਬ ਸਣੇ ਦੇਸ਼ ਭਰ ’ਚ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਗਏ

ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਕੀਤਾ ਟਰੈਕਟਰ ਮਾਰਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਣੇ …