Breaking News
Home / ਪੰਜਾਬ / ਹੇਮਕੁੰਟ ਸਾਹਿਬ ਦੇ ਕਿਵਾੜ ਬੰਦ; ਯਾਤਰਾ ਸੰਪੰਨ

ਹੇਮਕੁੰਟ ਸਾਹਿਬ ਦੇ ਕਿਵਾੜ ਬੰਦ; ਯਾਤਰਾ ਸੰਪੰਨ

2 ਲੱਖ 40 ਹਜ਼ਾਰ ਦੇ ਕਰੀਬ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚੇ
ਅੰਮ੍ਰਿਤਸਰ/ਬਿਊਰੋ ਨਿਊਜ਼ : ਲਗਭਗ 140 ਦਿਨ ਚੱਲੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਮੰਗਲਵਾਰ ਨੂੰ ਪੰਥਕ ਰਵਾਇਤਾਂ ਅਨੁਸਾਰ ਅਰਦਾਸ ਅਤੇ ਹੁਕਮਨਾਮੇ ਮਗਰੋਂ ਸੰਪੰਨ ਹੋ ਗਈ ਹੈ। ਗੁਰਦੁਆਰੇ ਦੇ ਕਿਵਾੜ ਸੰਗਤ ਲਈ ਬੰਦ ਕਰ ਦਿੱਤੇ ਗਏ ਹਨ ਅਤੇ ਪਾਵਨ ਸਰੂਪ ਸੁਖਆਸਨ ਲਈ ਸੁਸ਼ੋਭਿਤ ਕੀਤੇ ਗਏ ਹਨ। ਉਤਰਾਖੰਡ ਸਥਿਤ ਲਗਭਗ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਸ ਵਾਰ 24 ਮਈ ਨੂੰ ਆਰੰਭ ਹੋਈ ਸੀ, ਜੋ ਮੰਗਲਵਾਰ ਨੂੰ ਸਮਾਪਤ ਹੋ ਗਈ ਹੈ। ਇਸ ਵਾਰ ਲਗਭਗ ਦੋ ਲੱਖ 40 ਹਜ਼ਾਰ ਯਾਤਰੂ ਇੱਥੇ ਮੱਥਾ ਟੇਕਣ ਲਈ ਪੁੱਜੇ ਹਨ, ਜੋ ਕਿ ਪਿਛਲੇ ਵਰ੍ਹੇ ਨਾਲੋਂ ਲਗਭਗ 75 ਹਜ਼ਾਰ ઠਵੱਧ ਹਨ। ਦੱਸਣਯੋਗ ਹੈ ਕਿ 2013 ਵਿੱਚ ਹੜ੍ਹ ਆਉਣ ਕਾਰਨ ਇਸ ਯਾਤਰਾ ਸਮੇਤ ਚਾਰ ਧਾਮਾਂ ਦੀ ਯਾਤਰਾ ਬੰਦ ਹੋ ਗਈ ਸੀ।
ਉਤਰਾਖੰਡ ਵਿੱਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ ਇੱਥੇ ਵਿਕਾਸ ਲਈ ਵੱਡੇ ਯਤਨ ਕੀਤੇ ਗਏ ਹਨ ਪਰ ਪਿਛਲੇ ਚਾਰ ਸਾਲਾਂ ਵਿੱਚ ਵੀ ਯਾਤਰੂਆਂ ਦੀ ਗਿਣਤੀ ਵਿੱਚ ਪਹਿਲਾਂ ਵਾਂਗ ਵਾਧਾ ਨਹੀਂ ਹੋਇਆ ਹੈ। ਇੱਥੇ ਆਉਣ ਵਾਲੇ ਸ਼ਰਧਾਲੂਆਂ ਦੇ ਮਨਾਂ ਵਿਚ ਕੁਦਰਤੀ ਆਫਤ ਦਾ ਸਹਿਮ ਬਣਿਆ ਰਹਿੰਦਾ ਹੈ, ਜਿਸ ਕਾਰਨ ਯਾਤਰੂਆਂ ਦੀ ਗਿਣਤੀ ਘੱਟ ਹੈ। ਜੇਕਰ ਪਿਛਲੇ ਅੰਕੜਿਆਂ ‘ਤੇ ਝਾਤ ਮਾਰੀ ਜਾਵੇ ਤਾਂ 2011 ਵਿੱਚ ਹੇਮਕੁੰਟ ਸਾਹਿਬ ਆਉਣ ਵਾਲੇ ਯਾਤਰੂਆਂ ਦੀ ਗਿਣਤੀ ਪੰਜ ਲੱਖ ਤੋਂ ਵਧੇਰੇ ਸੀ, 2012 ਵਿੱਚ ਚਾਰ ਲੱਖ 75 ਹਜ਼ਾਰ, 2013 ਵਿਚ ਹੜ੍ਹਾਂ ਕਾਰਨ ਯਾਤਰਾ ਵਿਚਾਲੇ ਹੀ ਰੋਕੀ ਸੀ, 2014 ਵਿੱਚ ਸਿਰਫ 65 ਹਜ਼ਾਰ ਯਾਤਰੀ, 2015 ਵਿੱਚ ਇੱਕ ਲੱਖ 25 ਹਜ਼ਾਰ ਅਤੇ 2016 ਵਿੱਚ ਯਾਤਰੂਆਂ ਦੀ ਗਿਣਤੀ 1 ਲੱਖ 65 ਹਜ਼ਾਰ ਸੀ। ਇਸ ਵਰ੍ਹੇ ਸ਼ਰਧਾਲੂਆਂ ਦੀ ਗਿਣਤੀ ਦੋ ਲੱਖ 40 ਹਜ਼ਾਰ ਤੱਕ ਪੁੱਜ ਗਈ ਹੈ ਪਰ ਪਹਿਲਾਂ ਦੇ ਮੁਕਾਬਲੇ ਅਜੇ ਵੀ ਘੱਟ ਹੈ। ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਦੇ ਗਲਤ ਪ੍ਰਚਾਰ ਕਾਰਨ ਵਧੇਰੇ ਯਾਤਰਾ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜੁਲਾਈ-ਅਗਸਤ ਵਿੱਚ ਬਰਸਾਤਾਂ ਕਾਰਨ ਬਦਰੀਨਾਥ ਨੇੜੇ ਲਾਮਬੱਗੜ ਥਾਂ ‘ਤੇ ਅਕਸਰ ਹੀ ਪਹਾੜ ਟੁੱਟਦੇ ਹਨ ਅਤੇ ਰਸਤਾ ਬੰਦ ਹੋ ਜਾਂਦਾ ਹੈ।
ਇਸ ਸਬੰਧ ਵਿੱਚ ਜੋ ਖਬਰ ਪ੍ਰਕਾਸ਼ਿਤ ਹੁੰਦੀ ਹੈ, ਉਸ ਵਿੱਚ ਰਿਸ਼ੀਕੇਸ਼-ਬਦਰੀਨਾਥ ઠਮਾਰਗ ਬੰਦ ਕਿਹਾ ਜਾਂਦਾ ਹੈ ਜਦੋਂਕਿ ਗੋਬਿੰਦਘਾਟ ਤੱਕ ਜਾਣ ਲਈ ਕੋਈ ਮੁਸ਼ਕਲ ਨਹੀਂ ਹੁੰਦੀ ਪਰ ਯਾਤਰਾ ਇਸ ਸੂਚਨਾ ਤੋਂ ਬਾਅਦ ਪ੍ਰਭਾਵਿਤ ਹੋ ਜਾਂਦੀ ਹੈ। ਉਂਜ ਵੀ ਲੋਕਾਂ ਦੇ ਦਿਲਾਂ ਵਿੱਚੋਂ ਕੁਦਰਤੀ ਆਫਤ ਪ੍ਰਤੀ ਡਰ ਨਹੀਂ ਗਿਆ ਹੈ।
ਸਮਾਪਤੀ ਸਮਾਗਮ ਬਾਰੇ ਉਨ੍ਹਾਂ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਵਿਖੇ ਸੁਖਮਨੀ ਸਾਹਿਬ ਦਾ ਪਾਠ, ਕੀਰਤਨ, ਅਰਦਾਸ ਕਰਨ ਮਗਰੋਂ ਹੁਕਮਨਾਮਾ ਲਿਆ ਗਿਆ। ਫੌਜ ਦੇ ਇੰਜਨੀਅਰ ਕੋਰ ਦੇ ਜਵਾਨਾਂ ਨੇ ਗੁਰਨਾਮ ਸਿੰਘ ਦੀ ਅਗਵਾਈ ਹੇਠ ਪਾਵਨ ਸਰੂਪ ਨੂੰ ਸਲਾਮੀ ਦਿੱਤੀ ਅਤੇ ਮਗਰੋਂ ਗੁਰਮਤਿ ਮਰਿਆਦਾ ਅਨੁਸਾਰ ਪਾਵਨ ਸਰੁਪ ਸੁਖਆਸਨ ਵਾਲੀ ਥਾਂ ‘ਤੇ ਸੁਸ਼ੋਭਿਤ ਕੀਤੇ ਗਏ। ਸਮਾਪਤੀ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
ਲਗਭਗ ਡੇਢ ਵਜੇ ਗੁਰਦੁਆਰੇ ਦੇ ਕਿਵਾੜ ਬੰਦ ਕਰ ਦਿੱਤੇ ਗਏ ਅਤੇ ਸੰਗਤ ਹੇਠਾਂ ਗੁਰਦੁਆਰਾ ਗੋਬਿੰਦਧਾਮ ਪਰਤ ਆਈ। ਸ੍ਰੀ ਹੇਮਕੁੰਟ ਸਾਹਿਬ ਟਰਸੱਟ ਦੇ ਮੀਤ ਪ੍ਰਧਾਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਯਾਤਰਾ ਦੇ ਸਹਿਯੋਗ ਲਈ ਸਥਾਨਕ ਪ੍ਰਸ਼ਾਸਨ, ਅਧਿਕਾਰੀਆਂ, ਲੋਕਾਂ ਅਤੇ ਸੰਗਤ ਦਾ ਧੰਨਵਾਦ ਕੀਤਾ।ਮਿਲੇ ਵੇਰਵਿਆਂ ਮੁਤਾਬਕ ਸ੍ਰੀ ਹੇਮਕੁੰਟ ਸਾਹਿਬ ਵਾਸਤੇ ਤਿਆਰ ਹੋਣ ਵਾਲੇ ਰੋਪਵੇਅ ਦਾ ਕੰਮ ਇਸ ਵਰ੍ਹੇ ਵੀ ਸ਼ੁਰੂ ਨਹੀਂ ਹੋ ਸਕਿਆ। ਇਸ ਯੋਜਨਾ ਨੂੰ 2016 ਵਿੱਚ ਪ੍ਰਵਾਨਗੀ ਦਿੱਤੀ ਗਈ ਸੀ।

Check Also

ਪਠਾਨਕੋਟ ਦਾ ਮਰਚੈਂਟ ਨੇਵੀ ਅਫਸਰ ਓਮਾਨ ਦੇ ਸਮੁੰਦਰ ’ਚ ਲਾਪਤਾ

ਪਿਛਲੇ ਦਿਨੀਂ ਓਮਾਨ ਦੇ ਸਮੁੰਦਰ ’ਚ ਪਲਟ ਗਿਆ ਸੀ ਤੇਲ ਵਾਲਾ ਸਮੁੰਦਰੀ ਟੈਂਕਰ ਨਵੀਂ ਦਿੱਲੀ/ਬਿਊਰੋ …