Breaking News
Home / ਪੰਜਾਬ / ਕਿਸਾਨਾਂ ਵਲੋਂ ਆਰ-ਪਾਰ ਦੀ ਲੜਾਈ ਦੇ ਐਲਾਨ ਨਾਲ ਧਰਨਾ ਸਮਾਪਤ

ਕਿਸਾਨਾਂ ਵਲੋਂ ਆਰ-ਪਾਰ ਦੀ ਲੜਾਈ ਦੇ ਐਲਾਨ ਨਾਲ ਧਰਨਾ ਸਮਾਪਤ

ਸੰਘਰਸ਼ ਦੇ ਅਗਲੇ ਪੜਾਅ ਦਾ ਐਲਾਨ
27 ਅਕਤੂਬਰ ਨੂੰ
ਪਟਿਆਲਾ : ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਮਹਿਮਦਪੁਰ ਵਿਚਲੀ ਅਨਾਜ ਮੰਡੀ ਵਿਚ ਲਾਇਆ ਗਿਆ ਪੰਜ ਰੋਜ਼ਾ ਧਰਨਾ ਮੰਗਲਵਾਰ ਨੂੰ ਪਰਾਲੀ ਦੇ ਮੁੱਦੇ ‘ਤੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦੇ ਐਲਾਨਨਾਮੇ ਨਾਲ ਖ਼ਤਮ ਹੋ ਗਿਆ। ਧਰਨੇ ਦੌਰਾਨ ਸੰਕੇਤਕ ਰੂਪ ਵਿਚ ਪਰਾਲੀ ਸਾੜ ਕੇ ਸਰਕਾਰ ਨੂੰ ਵੰਗਾਰਦਿਆਂ ਕਿਸਾਨਾਂ ਨੇ ਕਿਹਾ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਝੋਨੇ ‘ਤੇ ਪ੍ਰਤੀ ਏਕੜ ਛੇ ਹਜ਼ਾਰ ਰੁਪਏ ਬੋਨਸ ਨਾ ਦਿੱਤੇ ਜਾਣ ਦੀ ਸੂਰਤ ਵਿੱਚ ਉਹ ਪਰਾਲੀ ਨੂੰ ਜ਼ਰੂਰ ਸਾੜਨਗੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਰੋਕਣ ਜਾਂ ਜੁਰਮਾਨੇ ਆਦਿ ਲਾਉਣ ‘ਤੇ ਤਿੱਖੇ ਰੋਹ ਦਾ ਸ਼ਿਕਾਰ ਹੋਣਾ ਪਵੇਗਾ। ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਇਕ ਮਹੀਨੇ ਵਿਚ ਮਸਲਿਆਂ ਦਾ ਹੱਲ ਨਾ ਹੋਇਆ ਤਾਂ 27 ਅਕਤੂਬਰ ਨੂੰ ਅੰਦੋਲਨ ਦੇ ਅਗਲੇ ਪੜਾਅ ਦਾ ਐਲਾਨ ਕੀਤਾ ਜਾਵੇਗਾ।
ਧਰਨੇ ਵਿਚ ਭਾਵੇਂ ਕਰਜ਼ਾ ਮੁਕਤੀ ਸਮੇਤ ਹੋਰ ਮਸਲੇ ਵੀ ਰਿੜਕੇ ਗਏ, ਪਰ ਝੋਨੇ ਦਾ ਸੀਜ਼ਨ ਸਿਰ ‘ਤੇ ਹੋਣ ਕਰਕੇ ਪਰਾਲੀ ਸਾੜਨ ਦਾ ਮੁੱਦਾ ਭਾਰੂ ਰਿਹਾ। ਧਰਨੇ ਦੇ ਆਖਰੀ ਦਿਨ ਬਠਿੰਡਾ, ਮਾਨਸਾ, ਬਰਨਾਲ਼ਾ ਤੇ ਸੰਗਰੂਰ ਆਦਿ ਜ਼ਿਲ੍ਹਿਆਂ ਵਿਚੋਂ ਵੱਡੀ ਗਿਣਤੀ ਕਿਸਾਨਾਂ ਨੇ ਸ਼ਿਰਕਤ ਕੀਤੀ।
ਪਟਿਆਲਾ ਖੇਤਰ ਵਿਚੋਂ ਵੀ ਹਜ਼ਾਰਾਂ ਕਿਸਾਨ ਸ਼ਾਮਲ ਹੋਏ। ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂੰ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਜੀਤ ਸਿੰਘ ਝੀਤਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਮਹਿਮਾ ਆਦਿ ਨੇ ਸੰਬੋਧਨ ਕੀਤਾ।
ਇਸ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਦੋ ਸੌ ਕਿਸਾਨਾਂ ਨੂੰ ਸਟੇਜ ਤੋਂ ਸਨਮਾਨਿਤ ਵੀ ਕੀਤਾ ਗਿਆ। ਬੁਲਾਰਿਆਂ ਨੇ ਧਰਨੇ ਦੌਰਾਨ ਟਰਾਲੀ ਤੋਂ ਡਿੱਗਣ ਕਰਕੇ ਰੀੜ੍ਹ ਦੀ ਹੱਡੀ ‘ਤੇ ਸੱਟ ਲੁਆ ਬੈਠੇ ਕਿਸਾਨ ਕਾਬਲ ਸਿੰਘ ਸਭਰਾ ਦਾ ਸਰਕਾਰੀ ਖਰਚੇ ‘ਤੇ ਇਲਾਜ ਕਰਾਏ ਜਾਣ ਦੀ ਮੰਗ ਵੀ ਕੀਤੀ। ਧਰਨੇ ਦੀ ਸਮਾਪਤੀ ‘ਤੇ ਕਿਸਾਨਾਂ ਨੇ ਭਵਾਨੀਗੜ੍ਹ ਤੱਕ ਟਰੈਕਟਰ ਮਾਰਚ ਕੀਤਾ ਤੇ ਇਸ ਦੌਰਾਨ ਮੁਕੰਮਲ ਅਨੁਸ਼ਾਸਨ ਦਾ ਸਬੂਤ ਦਿੱਤਾ। ਪੁਲਿਸ ਨੇ ਹਾਲਾਂਕਿ ਪਟਿਆਲਾ ਵੱਲ ਨੂੰ ਜਾਂਦੀ ਸੜਕ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ।
ਮੋਰਚੇ ‘ਚ ਮਾਨਸਾ ਦੇ ਕਿਸਾਨ ਦੀ ਹੋਈ ਮੌਤ
ਮੋਤੀ ਮਹਿਲ (ਪਟਿਆਲਾ) ਅੱਗੇ ਕਰਜ਼ ਮੁਆਫੀ ਨੂੰ ਲੈ ਕੇ ਲਾਏ ਗਏ ਕਿਸਾਨ ਮੋਰਚੇ ਵਿਚ ਸ਼ਨੀਵਾਰ ਦੁਪਹਿਰ ਵੇਲੇ ਮਾਨਸਾ ਦੇ ਕਿਸਾਨ ਮੁਖਤਿਆਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮੁਖਤਿਆਰ ਸਿੰਘ ਨੂੰ ਦੌਰਾ ਪੈਣ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਉਸਦੇ ਘਰ ਪਤਨੀ ਤੋਂ ਇਲਾਵਾ ਦੋ ਲੜਕੇ ਅਤੇ ਤਿੰਨ ਲੜਕੀਆਂ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਮੁਖਤਿਆਰ ਸਿੰਘ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
ਕਿਸਾਨ ਧਰਨੇ ‘ਚ ਬੀਬੀਆਂ ਨੇ ਵੀ ਕੀਤੀ ਸ਼ਮੂਲੀਅਤ
ਪਟਿਆਲਾ : ਮੌਸਮ ਦੀ ਕਰੋਪੀ, ਸਰਕਾਰੀ ਬੇਰੁਖ਼ੀ ਤੇ ਬੱਚਿਆਂ ਦੀਆਂ ਘਰੇਲੂ ਜ਼ਿੰਮੇਵਾਰੀਆਂ ਦੇ ਬਾਵਜੂਦ ਬਹੁਤ ਸਾਰੀਆਂ ਬੀਬੀਆਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਧਰਨੇ ਵਿੱਚ ਡਟੀਆਂ ਹੋਈਆਂ ਹਨ। ਪੜ੍ਹਾਈ-ਨੌਕਰੀਆਂ ਦੇ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਬੀਬੀਆਂ ਹੁਣ ਸੰਘਰਸ਼ੀ ਪਿੜ੍ਹਾਂ ਅੰਦਰ ਵੀ ਮੁੱਖ ਆਗੂ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੋ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ, ਉਗਰਾਹਾਂ) ਨੇ ਔਰਤਾਂ ਨੂੰ ਜਥੇਬੰਦੀ ਦੇ ਅਲੱਗ ਵਿੰਗ ਦੇ ਤੌਰ ਉਤੇ ਲਾਮਬੰਦ ਕਰਨ ਦੀ ਨੀਤੀ ਤਹਿਤ ਬੀਬੀਆਂ ਨੂੰ ਅਜ਼ਾਦ ਵਿਚਰਨ ਅਤੇ ਉਨ੍ਹਾਂ ਦੇ ਵਾਹਨ ਦਾ ਪ੍ਰਬੰਧ ਕਰਨ ਦਾ ਤਰੀਕਾ ਅਪਣਾਇਆ ਹੈ। ਬਠਿੰਡਾ ਜ਼ਿਲ੍ਹੇ ਦੀ ਪ੍ਰਧਾਨ ਹਰਿੰਦਰ ਬਿੰਦੂ ਪੂਰੇ ਜਜ਼ਬੇ ਨਾਲ ਪਿੰਡਾਂ ਵਿੱਚ ਵਿਚਰਦੀ ਹੈ। ਬਿੰਦੂ ਨੇ ਕਿਹਾ ਕਿ ਉਨ੍ਹਾਂ ਕੋਲ ਜਥੇਬੰਦੀ ਦੀ ਗੱਡੀ ਹੈ। ਔਰਤਾਂ ਦਾ ਗਰੁੱਪ ਪਿੰਡ-ਪਿੰਡ ਜਾ ਕੇ ਬੀਬੀਆਂ ਨੂੰ ਕਿਸਾਨੀ ਸਮੱਸਿਆਵਾਂ, ਸਰਕਾਰੀ ਨੀਤੀਆਂ ਤੇ ਸੰਘਰਸ਼ਾਂ ਦੀ ਲੋੜ ਦੇ ਮੁੱਦੇ ‘ਤੇ ਲਾਮਬੰਦ ਕਰਨ ਦੇ ਨਾਲ ਕਮੇਟੀਆਂ ਵੀ ਬਣਾਈਆਂ ਜਾ ਰਹੀਆਂ ਹਨ।
‘ਆਪ’ ਆਗੂ ਡਾ.ਬਲਬੀਰ ਸਿੰਘ ਕਿਸਾਨਾਂ ਦੀ ਹਮਾਇਤ ਲਈ ਪੁੱਜੇ
ਪਟਿਆਲਾ : ਪਟਿਆਲਾ ਤੋਂ ‘ਆਪ’ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਡਾ. ਬਲਬੀਰ ਸਿੰਘ ਕਿਸਾਨਾਂ ਦੀ ਹਮਾਇਤ ਲਈ ਮਹਿਮਦਪੁਰ ਅਨਾਜ ਮੰਡੀ ਪੁੱਜੇ ਤਾਂ ਕੁਝ ਮਹਿਲਾ ਆਗੂਆਂ ਨੇ ਕਿਹਾ ਕਿ ਇਹ ਸਿਰਫ਼ ਕਿਸਾਨਾਂ ਦਾ ਧਰਨਾ ઠਹੈ, ਜਿਸ ਦਾ ਕੋਈ ਵੀ ઠਰਾਜਸੀ ਆਗੂ ਲਾਹਾ ਲੈਣ ਦੀ ઠਕੋਸ਼ਿਸ਼ ਨਾ ઠਕਰੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਾਰਟੀ ਪੱਧਰ ઠਤੋਂ ਉਪਰ ਉਠ ਕੇ ਕਿਸਾਨਾਂ ਦੇ ਹਮਦਰਦ ਵਜੋਂ ਇਥੇ ਆਏ ਸਨ।

Check Also

ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ 267 ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ ਫਿਰ ਗਰਮਾਇਆ

ਸੇਵਾ ਸਿੰਘ ਸੇਖਵਾਂ ਸਣੇ 5 ਸ਼੍ਰੋਮਣੀ ਕਮੇਟੀ ਮੈਂਬਰ ਇਸ ਮਸਲੇ ਨੂੰ ਲੈ ਕੇ ਜਥੇਦਾਰ ਗਿਆਨੀ …