Breaking News
Home / ਮੁੱਖ ਲੇਖ / ਨਾਰੀ ਸੰਘਰਸ਼ : ਔਰਤਾਂ ਦੀ ਆਮਦ, ਮਰਦ ਦੀ ਵਾਪਸੀ

ਨਾਰੀ ਸੰਘਰਸ਼ : ਔਰਤਾਂ ਦੀ ਆਮਦ, ਮਰਦ ਦੀ ਵਾਪਸੀ

ਸਵਰਾਜਬੀਰ
28 ਮਈ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੁਝ ਪਲ ਅਜਿਹੇ ਹੁੰਦੇ ਹਨ ਜਿਹੜੇ ਹਮੇਸ਼ਾ ਲਈ ਅਮਰ ਹੋ ਕੇ ਇਤਿਹਾਸ ਦਾ ਅਮਿੱਟ ਹਸਤਾਖ਼ਰ ਬਣ ਜਾਂਦੇ ਹਨ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਦੋ ਪੜਾਵਾਂ ਵਿਚ ਹੋਏ ਸਮਾਗਮਾਂ ਵਿਚ ਨਵਾਂ ਸੰਸਦ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਪਹਿਲਾਂ ਮਹਾਤਮਾ ਗਾਂਧੀ ਦੇ ਬੁੱਤ ‘ਤੇ ਫੁੱਲ ਚੜ੍ਹਾਏ ਅਤੇ ਇਸ ਤੋਂ ਬਾਅਦ ਉਹ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨਾਲ ਤਾਮਿਲ ਨਾਡੂ ਤੋਂ ਆਏ ਆਦਿਨਮ ਸੰਤਾਂ ਦੁਆਰਾ ਲਿਆਂਦਾ ਗਿਆ ਸੇਂਗੋਲ (ਰਾਜ-ਚਿੰਨ੍ਹ/ਰਾਜ-ਲੱਠ) ਸਵੀਕਾਰ ਕੀਤਾ। ਉਨ੍ਹਾਂ ਨੇ ਸੇਂਗੋਲ ਸਾਹਮਣੇ ਦੰਡਵਤ ਪ੍ਰਣਾਮ ਕੀਤਾ। ਸੇਂਗੋਲ ਦੱਖਣੀ ਭਾਰਤ ਵਿਚ ਨੌਵੀਂ ਸਦੀ ਵਿਚ ਉੱਸਰੇ ਚੋਲ ਸਾਮਰਾਜ ਦਾ ਪ੍ਰਤੀਕ ਸੀ/ਹੈ। ਸਾਮਰਾਜ ਦੀ ਸਿਖ਼ਰ ‘ਤੇ ਚੋਲ ਸਮਰਾਟਾਂ ਨੇ ਸ੍ਰੀਲੰਕਾ ਦੇ ਕੁਝ ਹਿੱਸਿਆਂ, ਦੱਖਣੀ ਪੂਰਬੀ ਏਸ਼ੀਆ ਵਿਚ ਆਧੁਨਿਕ ਇੰਡੋਨੇਸ਼ੀਆ ਦੇ ਕੁਝ ਹਿੱਸਿਆਂ ਤੇ ਕਈ ਹੋਰ ਖੇਤਰਾਂ ‘ਤੇ ਜਿੱਤ ਹਾਸਲ ਕੀਤੀ। ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਲੋਕ ਸਭਾ ਵਿਚ ਕਰਾਏ ਸਮਾਗਮ ਵਿਚ ਪਹੁੰਚੇ ਤਾਂ ਪੂਰਾ ਹਾਲ ਤਾੜੀਆਂ ਦੀ ਆਵਾਜ਼ ਦੇ ਨਾਲ ਨਾਲ ‘ਮੋਦੀ ਮੋਦੀ’, ‘ਭਾਰਤ ਮਾਤਾ ਕੀ ਜੈ’, ‘ਜੈ ਸ੍ਰੀ ਰਾਮ’ ਅਤੇ ‘ਹਰ ਹਰ ਮਹਾਦੇਵ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਅੰਮ੍ਰਿਤ ਮਹਾਉਤਸਵ ਮਨਾਏ ਜਾਣ ਮੌਕੇ ਭਾਰਤ ਦੇ ਲੋਕਾਂ ਨੇ ਆਪਣੇ ਲੋਕਤੰਤਰ ਨੂੰ ਨਵੇਂ ਸੰਸਦ ਭਵਨ ਦਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਸੰਸਦ ਵਿਚ ਜਿਹੜੇ ਨੁਮਾਇੰਦੇ ਬੈਠਣਗੇ, ਉਹ ਨਵੀਂ ਪ੍ਰੇਰਨਾ ਨਾਲ ਲੋਕਤੰਤਰ ਨੂੰ ਨਵੀਂ ਦਿਸ਼ਾ ਦੇਣ ਦਾ ਯਤਨ ਕਰਨਗੇ।
28 ਮਈ 2023 ਨੂੰ ਹੀ ਨਵੇਂ ਸੰਸਦ ਭਵਨ ਤੋਂ ਕੁਝ ਫਾਸਲੇ ‘ਤੇ ਸਥਿਤ ਜੰਤਰ-ਮੰਤਰ ਵਿਖੇ ਲੋਕਤੰਤਰ ਦੀ ਇਕ ਹੋਰ ਦਿਸ਼ਾ ਦਿਖਾਈ ਦਿੱਤੀ ਜਿੱਥੇ ਦਿੱਲੀ ਪੁਲਿਸ ਨੇ ਜਿਨਸੀ ਸ਼ੋਸ਼ਣ ਵਿਰੁੱਧ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾਂ ਜੋ ਨਵੀਂ ਸੰਸਦ ਇਮਾਰਤ ਵੱਲ ਵਧ ਰਹੀਆਂ ਸਨ, ਨੂੰ ਸੁਰੱਖਿਆ ਘੇਰਾ ਤੋੜਨ ਦੇ ਦੋਸ਼ ਹੇਠ ਹਿਰਾਸਤ ਵਿਚ ਲੈ ਲਿਆ। ਦਿੱਲੀ ਪੁਲਿਸ ਨੇ 109 ਪ੍ਰਦਰਸ਼ਨਕਾਰੀਆਂ ਸਮੇਤ 700 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ। ਮਹਿਲਾ ਪਹਿਲਵਾਨਾਂ ਦੀਆਂ ਆਗੂਆਂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਹੋਰਾਂ ਦੀ ਪੁਲਿਸ ਦੁਆਰਾ ਕੀਤੀ ਗਈ ਖਿੱਚ-ਧੂਹ ਦੀਆਂ ਤਸਵੀਰਾਂ ਅਖ਼ਬਾਰਾਂ ਵਿਚ ਵੀ ਛਪੀਆਂ ਹਨ ਤੇ ਟੈਲੀਵਿਜ਼ਨ ਚੈਨਲਾਂ ‘ਤੇ ਵੀ ਦਿਖਾਈਆਂ ਗਈਆਂ ਹਨ; ਉਹ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋਈਆਂ ਹਨ।
ਪ੍ਰਧਾਨ ਮੰਤਰੀ ਨੇ ਨਵੀਂ ਸੰਸਦ ਵਿਚ ਦਿੱਤੇ ਆਪਣੇ ਭਾਸ਼ਣ ਵਿਚ ਭਾਰਤ ਨੂੰ ਲੋਕਤੰਤਰ ਦੀ ਜਣਨੀ ਦੱਸਿਆ ਅਤੇ ਕਿਹਾ ਕਿ ਸਾਡੇ ਵੇਦ ਸਾਨੂੰ ਸਭਾਵਾਂ ਤੇ ਸਮਿਤੀਆਂ ਦੇ ਲੋਕਤੰਤਰੀ ਆਦਰਸ਼ ਸਿਖਾਉਂਦੇ ਹਨ। ਇਹ ਪ੍ਰਸ਼ਨ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਕੀ ਇਹ ਮਹਿਲਾ ਪਹਿਲਵਾਨ ਲੋਕਤੰਤਰੀ ਆਦਰਸ਼ਾਂ ਅਨੁਸਾਰ ਆਪਣੇ ‘ਤੇ ਹੋਏ ਜਬਰ ਵਿਰੁੱਧ ਰੋਸ ਪ੍ਰਦਰਸ਼ਨ ਨਹੀਂ ਕਰ ਸਕਦੀਆਂ ਅਤੇ ਜਦੋਂ ਉਹ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ ਤਾਂ ਕੀ ਉਨ੍ਹਾਂ ਦੀ ਆਵਾਜ਼ ਸੁਣੀ ਨਹੀਂ ਜਾਣੀ ਚਾਹੀਦੀ? ਇਹ ਸਾਡੇ ਲੋਕਤੰਤਰ-ਗਣਤੰਤਰ ਦੇ ਦੋ ਆਪਾ-ਵਿਰੋਧੀ ਦ੍ਰਿਸ਼ ਸਨ/ਹਨ: ਇਕ ਹੀ ਦਿਨ ਦੇ। ਇਕ ਪਾਸੇ ਰਾਜਤੰਤਰ ਦਾ ਜਾਹੋ-ਜਲਾਲ ਸੀ, ਅਤੀਤ ਦਾ ਜਸ਼ਨ ਸੀ ਤੇ ਦੂਸਰੇ ਪਾਸੇ ਜਲਦਾ ਹੋਇਆ ਵਰਤਮਾਨ। ਇਸ ਦੇ ਬਾਵਜੂਦ ਜੰਤਰ-ਮੰਤਰ ਵਿਚ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਵਿਰੁੱਧ ਧਰਨੇ ‘ਤੇ ਬੈਠਣਾ, ਲੋਕਾਂ ਦਾ ਵੱਡੀ ਪੱਧਰ ‘ਤੇ ਉਨ੍ਹਾਂ ਦੀ ਹਮਾਇਤ ਲਈ ਨਿੱਤਰਨਾ ਅਤੇ 28 ਮਈ ਨੂੰ ਮਹਿਲਾ ਪਹਿਲਵਾਨਾਂ ਦੁਆਰਾ ਪੁਲਿਸ ਕਾਰਵਾਈ ਵਿਰੁੱਧ ਦਿਖਾਈ ਦ੍ਰਿੜਤਾ ਔਰਤਾਂ ਦੇ ਹੱਕਾਂ ਦੇ ਸੰਘਰਸ਼ ਦੇ ਪਿੜ ਵਿਚ ਔਰਤਾਂ ਦੀ ਆਮਦ ਦੇ ਸ਼ਕਤੀਸ਼ਾਲੀ ਦ੍ਰਿਸ਼ ਹਨ। ਇਸ ਤੋਂ ਬਾਅਦ ਕਈ ਹੋਰ ਦ੍ਰਿਸ਼ ਵੀ ਸਾਹਮਣੇ ਆਏ: ਇਕ ਦ੍ਰਿਸ਼ 30 ਮਈ ਦਾ ਹੈ। ਮਹਿਲਾ ਪਹਿਲਵਾਨ ਹਰਿਦੁਆਰ ਪਹੁੰਚਦੀਆਂ ਹਨ। ਉਹ ਹਰ ਕੀ ਪੌੜੀ ਪਹੁੰਚ ਕੇ ਆਪਣੇ ਮੈਡਲ ਗੰਗਾ ਵਿਚ ਪ੍ਰਵਾਹ ਕਰ ਦੇਣਾ ਚਾਹੁੰਦੀਆਂ ਹਨ। ਰਵਾਇਤ ਅਨੁਸਾਰ ਮ੍ਰਿਤਕਾਂ ਦੇ ਫੁੱਲ (ਸੜੀਆਂ ਹੱਡੀਆਂ) ਗੰਗਾ ਵਿਚ ਪ੍ਰਵਾਹ ਕੀਤੇ ਜਾਂਦੇ ਹਨ। ਮਹਿਲਾ ਪਹਿਲਵਾਨ ਆਪਣੀ ਗੱਲ ਨਾ ਸੁਣੇ ਜਾਣ ਨੂੰ ਆਪਣੀਆਂ ਪ੍ਰਾਪਤੀਆਂ ਦੀ ਮੌਤ ਮੰਨ ਰਹੀਆਂ ਹਨ। ਇਸ ਤੋਂ ਵੱਡਾ ਪ੍ਰਤੀਕਮਈ ਰੋਸ ਕੀ ਹੋ ਸਕਦਾ ਸੀ? ਕਿਸਾਨ ਆਗੂ ਨਰੇਸ਼ ਟਿਕੈਤ ਨੇ ਉਨ੍ਹਾਂ ਨੂੰ ਏਦਾਂ ਨਾ ਕਰਨ ਲਈ ਮਨਾਇਆ। ਬਾਅਦ ਵਿਚ ਮਹਿਲਾ ਪਹਿਲਵਾਨਾਂ ਦੀਆਂ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਖੇਡ ਮੰਤਰੀ ਨਾਲ ਮੀਟਿੰਗਾਂ ਹੁੰਦੀਆਂ ਹਨ। ਔਰਤਾਂ ਦੇ ਹੱਕਾਂ ਲਈ ਲੜੀ ਜਾ ਰਹੀ ਲੜਾਈ ਦੇ ਇਸ ਭਖੇ ਹੋਏ ਪਿੜ ਵਿਚ ਮਰਦ ਦੀ ਵਾਪਸੀ ਹੁੰਦੀ ਹੈ, ਮਰਦ-ਕਾਨੂੰਨ, ਮਰਦ-ਪ੍ਰਭਾਵ, ਮਰਦ-ਧੌਂਸ ਤੇ ਪਿਤਾ ਦੇ ਕਾਨੂੰਨ ਦੀ ਵਾਪਸੀ। ਇਹ ਵਾਪਸੀ ਜ਼ਬਰਦਸਤ ਹੈ। ਇਸ ਵਾਪਸੀ ਦੇ ਕਈ ਪੱਖ ਹਨ: ਇਕ ਪੱਖ ਹੈ, ਨਾਬਾਲਗ ਮਹਿਲਾ ਪਹਿਲਵਾਨ ਦੇ ਪਿਤਾ ਦੁਆਰਾ ਪੁਲਿਸ ਤੋਂ ਆਪਣੀ ਧੀ ਦੁਆਰਾ ਦਰਜ ਕਰਾਏ ਗਏ ਕੇਸ ਨੂੰ ਝੂਠਾ ਦੱਸ ਕੇ ਵਾਪਸ ਲੈਣ ਦਾ। ਉਸ ਦੇ ਬਿਆਨ ਪ੍ਰੈੱਸ ਵਿਚ ਉੱਭਰਦੇ ਹਨ: ਉਹ ਦੱਸਦਾ ਹੈ ਕਿ ਉਹਨੇ ਗੁੱਸੇ ਵਿਚ ਝੂਠਾ ਕੇਸ ਦਰਜ ਕਰਵਾਇਆ ਸੀ ਤੇ ਹੁਣ ਉਹ ਵਾਪਸ ਲੈ ਰਿਹਾ ਹੈ।
ਧਿਆਨ ਨਾਲ ਦੇਖੋ, ਏਥੇ ‘ਉਹ’ ਭਾਵ ਮਰਦ ਦੇ ਹੱਥਾਂ ਵਿਚ ਇਹ ਚਾਬੀ ਹੈ ਕਿ ਉਹ ਜਦੋਂ ਮਨ ਕਰੇ ਕੇਸ ਦਰਜ ਕਰਾ ਸਕਦਾ ਹੈ, ਜਦੋਂ ਜੀਅ ਕਰੇ ਵਾਪਸ ਲੈ ਸਕਦਾ ਹੈ; ਇਸ ਵਿਚ ਧੀ/ਔਰਤ ਗ਼ੈਰ-ਹਾਜ਼ਰ ਹੈ; ਉਸ ਨੂੰ ਮਨਫ਼ੀ ਕਰ ਦਿੱਤਾ ਗਿਆ ਹੈ।
ਮਰਦ ਦੀ ਵਾਪਸੀ ਦਾ ਪ੍ਰਮੁੱਖ ਤੇ ‘ਸ਼ਾਨਦਾਰ’ ਦ੍ਰਿਸ਼ 11 ਜੂਨ ਨੂੰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੁਆਰਾ ਉੱਤਰ ਪ੍ਰਦੇਸ਼ ਵਿਚ ਕੀਤੀ ਗਈ ਰੈਲੀ ਦਾ ਹੈ ਜਿਸ ਵਿਚ ਉਹ ਆਪਣੇ ਪੂਰੇ ਵੈਭਵ ਤੇ ਸ਼ਾਨ ਵਿਚ ਹੈ, ਆਪਣੀ ਪਾਰਟੀ ਦੇ ਲਿਬਾਸ ਵਿਚ। ਉਹ ਰੋਡ ਸ਼ੋਅ ਕਰਦਾ ਹੈ, ਲੋਕ ਉਸ ‘ਤੇ ਫੁੱਲ ਬਰਸਾਉਂਦੇ ਤੇ ਫੁੱਲਾਂ ਦੇ ਹਾਰ ਪਾਉਂਦੇ ਹਨ; ਉਸ ਦੀ ਕਾਰ ਫੁੱਲਾਂ ਨਾਲ ਭਰ ਜਾਂਦੀ ਹੈ; ਵਿਜੈ-ਨਾਦ ਕਰਦਾ ਹੋਇਆ ਉਹ ਰੈਲੀ ਵਿਚ ਪਹੁੰਚਦਾ ਹੈ; ਕਾਂਗਰਸ ਰਾਜ ਦੀਆਂ ਗ਼ਲਤੀਆਂ ਤੇ ਗੁਨਾਹ ਗਿਣਾਉਂਦਾ ਹੈ ਅਤੇ ਭਾਜਪਾ ਦੇ ਕੇਂਦਰ ਵਿਚ 9 ਸਾਲ ਸੱਤਾ ਵਿਚ ਰਹਿਣ ਦੀਆਂ ਪ੍ਰਾਪਤੀਆਂ (ਇਸ ਰੈਲੀ ਦਾ ਮਕਸਦ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਦੇ 9 ਸਾਲ ਵਿਚ ਹੋਈ ਪ੍ਰਾਪਤੀਆਂ ਨੂੰ ਉਭਾਰਨਾ ਹੈ) ਬਾਰੇ ਦੱਸਦਾ ਹੈ ਅਤੇ ਗੂੰਜਦੀ ਹੋਈ ਆਵਾਜ਼ ਵਿਚ ਐਲਾਨ ਕਰਦਾ ਹੈ ਕਿ ਉਹ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕੇਸਰਗੰਜ ਹਲਕੇ ਤੋਂ ਚੋਣਾਂ ਲੜੇਗਾ। ਉਸ ਦੇ ਚਿਹਰੇ ‘ਤੇ ਪਛਤਾਵੇ ਜਾਂ ਕੋਈ ਗੁਨਾਹ ਕੀਤੇ ਹੋਣ ਦਾ ਕੋਈ ਚਿੰਨ੍ਹ ਨਹੀਂ। ਮਰਦ ਦੀ ਵਾਪਸੀ ਅਜਿਹੀਆਂ ਰੈਲੀਆਂ, ਦ੍ਰਿਸ਼ਾਂ ਤੇ ਸਮਾਜ ਵਿਚ ਦਿਸਦੇ-ਅਣਦਿਸਦੇ ਮਰਦ-ਕਾਨੂੰਨ ਰਾਹੀਂ ਹੀ ਨਹੀਂ ਹੁੰਦੀ ਹੈ ਸਗੋਂ ਦੇਸ਼ ਦੇ ਪ੍ਰਵਾਨਿਤ ਕਾਨੂੰਨ ਰਾਹੀਂ ਵੀ ਹੁੰਦੀ ਹੈ। ਕਾਨੂੰਨ ਰਾਹੀਂ ਵਾਪਸੀ ਸਭ ਤੋਂ ਪ੍ਰਭਾਵਸ਼ਾਲੀ ਹੈ; ਦਿੱਲੀ ਪੁਲਿਸ ਇਕ ਮਹਿਲਾ ਪਹਿਲਵਾਨ ਨੂੰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਦਿੱਲੀ ਰਿਹਾਇਸ਼ ਵਿਚ ਲੈ ਕੇ ਜਾਂਦੀ ਹੈ ਤਾਂ ਕਿ ਉਹ (ਦਿੱਲੀ ਪੁਲਿਸ) ਉਸ ‘ਤੇ ਹੋਏ ਸਰੀਰਕ ਸ਼ੋਸ਼ਣ ਦੇ ਦ੍ਰਿਸ਼ ਦੀ ਪੁਨਰ-ਰਚਨਾ ਕਰ ਸਕੇ; ਪੁਲਿਸ ਮਹਿਲਾ ਪਹਿਲਵਾਨਾਂ ਨੂੰ ਤਸਵੀਰਾਂ, ਆਡੀਓ ਜਾਂ ਵੀਡਿਓ ਦੇ ਰੂਪ ਵਿਚ ਜਿਨਸੀ ਸ਼ੋਸ਼ਣ ਦੇ ਸਬੂਤ ਦੇਣ ਲਈ ਕਹਿੰਦੀ ਹੈ। ਇਹੀ ਨਹੀਂ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਬਜਰੰਗ ਪੂਨੀਆ ਨੇ ਕਿਹਾ ਹੈ ਕਿ ਉਨ੍ਹਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਉਨ੍ਹਾਂ ਨੂੰ ਵੰਡਣ/ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਨਹੀਂ ਕਿ ਮਰਦ ਦੀ ਇਸ ਵਾਪਸੀ ਵਿਚ ਔਰਤ ਦੇ ਆਪਣੇ ਹੱਕਾਂ ਲਈ ਲੜਨ ਲਈ ਹੋਈ ਆਮਦ ਦੇ ਨਿਸ਼ਾਨ ਮਿਟ ਗਏ ਜਾਂ ਮੱਧਮ ਪੈ ਗਏ ਹਨ; ਔਰਤਾਂ ਲੜ ਰਹੀਆਂ ਹਨ। ਜਦੋਂ ਨਾਬਾਲਗ ਮਹਿਲਾ ਦੇ ਪਿਤਾ ਨੇ ਕੇਸ ਵਾਪਸ ਲਿਆ ਤਾਂ ਵਿਨੇਸ਼ ਫੋਗਾਟ ਦਾ ਟਵੀਟ ਆਇਆ ਕਿ ”ਕੀ ਅਜਿਹੇ ਡਰ ਅਤੇ ਦਹਿਸ਼ਤ ਭਰੇ ਮਾਹੌਲ ਵਿਚ ਧੀਆਂ ਨੂੰ ਇਨਸਾਫ਼ ਮਿਲੇਗਾ।” ਇਕ ਹੋਰ ਟਵੀਟ ਵਿਚ ਉਸ ਨੇ ਕਿਹਾ, ”ਇਨਸਾਫ਼ ਦੀ ਇਸ ਲੜਾਈ ਵਿਚ ਹੋ ਰਹੀ ਦੇਰੀ ਕਾਰਨ, ਇਹ ਧੀਆਂ ਹਾਰ ਨਾ ਜਾਣ, ਪਰਮਾਤਮਾ ਸਭ ਨੂੰ ਹਿੰਮਤ ਬਖ਼ਸ਼ੀਂ।” ਸ਼ਨਿੱਚਰਵਾਰ ਮਹਿਲਾ ਪਹਿਲਵਾਨਾਂ ਨੇ ਸੋਨੀਪਤ ਵਿਚ ਔਰਤਾਂ ਦੀਆਂ ਜਥੇਬੰਦੀਆਂ ਨੂੰ ਸਲਾਹ-ਮਸ਼ਵਰਾ ਕਰਨ ਲਈ ਬੁਲਾਇਆ। ਐਤਵਾਰ ਵਿਨੇਸ਼ ਫੋਗਾਟ ਪੰਜਾਬ ਵਿਚ ਹੋ ਰਹੇ ਕਿਸਾਨਾਂ ਦੇ ਰੋਸ ਮੁਜ਼ਾਹਰੇ ਵਿਚ ਹਿੱਸਾ ਲੈਣ ਲਈ ਪਹੁੰਚੀ। ਮਹਿਲਾ ਪਹਿਲਵਾਨਾਂ ਨੇ ਕਈ ਮਹਾਪੰਚਾਇਤਾਂ ਵਿਚ ਹਿੱਸਾ ਲੈ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ। ਦੁਨੀਆ ਭਰ ਦੇ ਲੋਕਾਂ ਨੇ ਮਹਿਲਾ ਪਹਿਲਵਾਨਾਂ ਦੀ ਆਵਾਜ਼ ਵਿਚ ਆਪਣੀ ਆਵਾਜ਼ ਮਿਲਾਈ ਹੈ।
ਮਹਿਲਾ ਪਹਿਲਵਾਨਾਂ ਨੇ ਕੇਂਦਰੀ ਖੇਡ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਆਪਣਾ ਸੰਘਰਸ਼ ਮੁਅੱਤਲ ਕੀਤਾ ਹੋਇਆ ਹੈ। ਉਨ੍ਹਾਂ ਦੀ ਮੁੱਖ ਮੰਗ ਹੈ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾਏ। ਇਕ ਪਾਸੇ ਮਰਦ ਤਾਕਤ ਹੈ ਜਿਸ ਕੋਲ ਸੱਤਾ ਹੈ ਤੇ ਸਮਾਜ ਵਿਚਲੀ ਮਰਦ-ਪ੍ਰਧਾਨ ਸੋਚ ਦੀ ਹਮਾਇਤ ਪ੍ਰਾਪਤ ਹੈ; ਅਜਿਹੀ ਸੋਚ ਜੋ ਔਰਤਾਂ ਨੂੰ ਇਹ ਦੱਸਦੀ ਆਈ ਹੈ ਕਿ ਉਨ੍ਹਾਂ ਨੂੰ ਚੁੱਪ ਰਹਿਣਾ ਚਾਹੀਦਾ ਹੈ; ਉਨ੍ਹਾਂ ਦੇ ਬੋਲਣ ਨਾਲ ਘਰ-ਪਰਿਵਾਰ, ਭਾਈਚਾਰੇ ਤੇ ਸਮਾਜ ਦੀ ਬਦਨਾਮੀ ਹੁੰਦੀ ਹੈ; ਉਹ ਔਰਤਾਂ ਹਨ ਤੇ ਉਨ੍ਹਾਂ ਨੂੰ ਸਹਾਰੇ ਦੀ ਜ਼ਰੂਰਤ ਹੈ; ਉਨ੍ਹਾਂ ਨੂੰ ਇਹ ਸਹਾਰਾ, ਘਰ, ਪਰਿਵਾਰ, ਭਾਈਚਾਰੇ ਤੇ ਸਮਾਜ ਦੇ ਮਰਦ ਹੀ ਦੇ ਸਕਦੇ ਹਨ। ਦੂਸਰੇ ਪਾਸੇ ਮਹਿਲਾ ਪਹਿਲਵਾਨ ਹਨ ਜਿਹੜੀਆਂ ਹੱਕ-ਸੱਚ ਦੀ ਲੜਾਈ ਲੜਨ ਲਈ ਖ਼ੁਦ ਮੈਦਾਨ ਵਿਚ ਨਿੱਤਰੀਆਂ। ਮਰਦ ਦੀ ਵਾਪਸੀ ਦੇ ਬਾਵਜੂਦ ਇਹ ਸਾਰਾ ਘਟਨਾਕ੍ਰਮ ਸਾਨੂੰ ਇਹ ਦੱਸਦਾ ਹੈ ਕਿ ਸਥਿਤੀਆਂ ਬਦਲਦੀਆਂ ਹਨ। ਔਰਤਾਂ ਆਪਣੇ ਅਪਮਾਨ ਦਾ ਬਦਲਾ ਲੈਣ ਦੀ ਜ਼ਿੰਮੇਵਾਰੀ ਮਰਦਾਂ ਨੂੰ ਨਹੀਂ ਸੌਂਪ ਰਹੀਆਂ; ਉਹ ਮਰਦਾਂ ਨੂੰ ਕਹਿ ਰਹੀਆਂ ਹਨ ਕਿ, ”ਸਾਡੇ ਨਾਲ ਆਓ। ਆਓ, ਸਮੇਂ ਦੀ ਸਰਕਾਰ ਤੋਂ ਨਿਆਂ ਮੰਗੀਏ।” ਨਿਆਂ ਇਕ ਦਿਨ ਵਿਚ ਨਹੀਂ ਮਿਲ ਜਾਂਦਾ; ਨਿਆਂ ਮਿਲਣ ਤੋਂ ਪਹਿਲਾਂ ਨਿਆਂ ਮੰਗਣ ਵਾਲਿਆਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ; ਮਹਿਲਾ ਪਹਿਲਵਾਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ।
ਮਹਿਲਾ ਸਮਾਜਿਕ ਕਾਰਕੁਨ ਇਹ ਤਰਕ ਵੀ ਦੇ ਰਹੀਆਂ ਹਨ ਕਿ ਇਨ੍ਹਾਂ ਪਹਿਲਵਾਨਾਂ ਦੀ ਆਵਾਜ਼ ਸਿਰਫ਼ ਇਸ ਦਲੀਲ ਕਿ ਉਹ ਸਾਡੀਆਂ ਧੀਆਂ-ਭੈਣਾਂ ਹਨ, ਦੇ ਆਧਾਰ ‘ਤੇ ਹੀ ਨਹੀਂ ਸੁਣੀ ਚਾਹੀਦੀ ਸਗੋਂ ਇਸ ਆਧਾਰ ‘ਤੇ ਵੀ ਸੁਣੀ ਜਾਣੀ ਚਾਹੀਦੀ ਹੈ ਕਿ ਉਹ ਇਸ ਦੇਸ਼ ਦੀਆਂ ਨਾਗਰਿਕ ਹਨ; ਇਸ ਦੇਸ਼ ਦੇ ਜੀਵਨ ਵਿਚ ਬਰਾਬਰ ਦੀਆਂ ਹਿੱਸੇਦਾਰ। ਇਹ ਸਵਾਲ ਹਵਾ ਵਿਚ ਗੂੰਜ ਰਿਹਾ ਹੈ ਕਿ ਕੀ ਸ਼ਾਸਕ-ਪ੍ਰਸ਼ਾਸਕ ਮਹਿਲਾ ਪਹਿਲਵਾਨਾਂ ਦੇ ਸੱਚ ਦੀ ਆਵਾਜ਼ ਸੁਣਨਗੇ; ਕੀ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ? ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ”ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ॥” ਭਾਵ ਜਿਨ੍ਹਾਂ ਕੋਲ ਸੱਚਾਈ ਦੀ ਪੂੰਜੀ ਨਹੀਂ, ਉਹ ਕਿਸ ਤਰ੍ਹਾਂ ਆਰਾਮ ਪਾਉਣਗੇ? ਹੈਰਾਨੀ ਵਾਲੀ ਗੱਲ ਹੈ ਕਿ ਸ਼ਾਸਕਾਂ ਦੇ ਸਿਰਾਂ ‘ਤੇ ਕੂੜ ਦੀਆਂ ਪੰਡਾਂ ਲੱਦੀਆਂ ਹੋਈਆਂ ਹਨ ਪਰ ਉਹ ਸੱਤਾ ਦੇ ਹੰਕਾਰ ਤੇ ਹਉਮੈ ਵਿਚ ਏਨੇ ਗਲਤਾਨ ਹਨ ਕਿ ਉਨ੍ਹਾਂ ਨੂੰ ਹੱਕ-ਸੱਚ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਇਹ ਆਵਾਜ਼ ਜਮਹੂਰੀ ਤਾਕਤਾਂ ਦੇ ਇਕੱਠੇ ਹੋਣ ਨਾਲ ਹੀ ਸੁਣਾਈ ਜਾ ਸਕਦੀ ਹੈ; ਉਹ ਲੋਕ, ਜਿਨ੍ਹਾਂ ਕੋਲ ਸੱਚ ਦੀ ਪੂੰਜੀ/ਰਾਸ ਹੈ, ਉਨ੍ਹਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪੈਣਾ ਹੈ। ਔਰਤਾਂ ਤੇ ਕਿਸਾਨਾਂ ਦੀਆਂ ਜਥੇਬੰਦੀਆਂ ਵੱਖ ਵੱਖ ਤਰ੍ਹਾਂ ਨਾਲ ਮਹਿਲਾ ਪਹਿਲਵਾਨਾਂ ਦਾ ਸਾਥ ਦੇਣ ਦਾ ਯਤਨ ਕਰ ਰਹੀਆਂ ਹਨ। ਸਮਾਜ ਦੇ ਸਾਰੇ ਵਰਗਾਂ ਨੂੰ ਮਹਿਲਾ ਪਹਿਲਵਾਨਾਂ ਅਤੇ ਇਨ੍ਹਾਂ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ ਹੈ।
(‘ਪੰਜਾਬੀ ਟ੍ਰਿਬਿਊਨ’ ਵਿਚੋਂ ਧੰਨਵਾਦ ਸਹਿਤ)

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …