-8.3 C
Toronto
Wednesday, January 21, 2026
spot_img
Homeਮੁੱਖ ਲੇਖਕੈਮਲੂਪਸ ਦੇ ਰਿਹਾਇਸ਼ੀ ਸਕੂਲ ਦੇ ਦੁਖਾਂਤ ਸਬੰਧੀ

ਕੈਮਲੂਪਸ ਦੇ ਰਿਹਾਇਸ਼ੀ ਸਕੂਲ ਦੇ ਦੁਖਾਂਤ ਸਬੰਧੀ

ਬਸਤੀਵਾਦੀ ਹਾਕਮਾਂ, ਕੈਨੇਡੀਅਨ ਸਰਕਾਰਾਂ ਤੇ ਧਰਮਾਂ ਦਾ ਅਣਮਨੁੱਖੀ ਵਰਤਾਰਾ
ਪਰਮਿੰਦਰ ਕੌਰ ਸਵੈਚ
604 760 4794

28 ਮਈ, 2021 ਕੈਨੇਡਾ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਣ ਵਾਲਾ ਉਹ ਭਿਆਨਕ ਦਿਹਾੜਾ ਸੀ ਜਿਸ ਦਿਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕੈਮਲੂਪਸ ਦੇ ਇੱਕ ਸਾਬਕਾ ਰੈਜ਼ੀਡੈਸ਼ੀਅਲ ਸਕੂਲ ਜੋ 1890 ਵਿੱਚ ਖੁੱਲ੍ਹਿਆ ਤੇ 1969 ਤੱਕ ਚਲਦਾ ਰਿਹਾ ਸੀ, ਜਿਸ ਵਿੱਚੋਂ ਇੱਥੋਂ ਦੇ ਮੂਲ ਨਿਵਾਸੀਆਂ ਦੇ ਤਿੰਨ ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਦੇ ਸਕੂਲ ਪੜ੍ਹਦੇ ਬੱਚਿਆਂ ਦੇ ਪਿੰਜਰ ਮਿਲੇ ਹਨ। ਇਹ ਇੱਕ ਅਤਿ ਦੁਖਦਾਇਕ ਗੱਲ ਹੈ ਕਿ ਮਨੁੱਖੀ ਹੱਕਾਂ ਦੇ ਅਲੰਬਰਦਾਰ ਕਹਾਉਂਦੇ ਦੇਸ਼ ਦੇ ਮੱਥੇ ਤੇ ਐਡਾ ਘਿਨਾਉਣਾ ਕਲੰਕ ਜੋ ਬਹੁਤੀ ਪੁਰਾਣੀ ਗੱਲ ਵੀ ਨਹੀਂ ਪਰ ਕੋਝੇ ਰੂਪ ਵਿੱਚ ਲੱਗ ਗਿਆ ਹੈ। ਸਭਿਅਕ ਦੇਸ਼ ਜੋ ਦੁਨੀਆਂ ਵਿੱਚ ਆਪਣੀ ਪੈਂਠ ਬਣਾ ਕੇ ਚੱਲਦੇ ਹਨ ਉੱਥੇ ਅਜਿਹੀਆਂ ਗੱਲਾਂ ਬੇਸ਼ੱਕ ਓਪਰੀਆਂ ਤਾਂ ਲੱਗਦੀਆਂ ਹਨ ਪਰ ਸੱਚ ਇਹ ਹੈ ਕਿ ਦੁਨੀਆਂ ਤੇ ਉਸਰਿਆ ਬਰਤਾਨਵੀ ਸਾਮਰਾਜੀ ਢਾਂਚਾ ਉੱਥੋਂ ਦੇ ਲੋਕਾਂ ਦੀ ਤਬਾਹੀ ਦਾ ਮੁਜੱਸਮਾ ਹੀ ਰਿਹਾ ਹੈ। ਜਿਸ ਦੀਆਂ ਪਰਤਾਂ ਦਿਨ-ਬ-ਦਿਨ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਇਹ ਘਿਨਾਉਣਾ ਅਪਰਾਧ ਤਾਂ ਧਰਮ ਦੀ ਦੁਹਾਈ ਦੇਣ ਵਾਲੇ ਕੈਥੋਲਿਕ ਚਰਚ ਦੇ ਮੁਖੀਆਂ ਦੇ ਜਾਂਗਲੀਪੁਣੇ ਦਾ ਸਬੂਤ ਹਨ, ਜੋ ਮੂਲ ਵਾਸੀਆਂ ਦੇ ਬੱਚਿਆਂ ਨੂੰ ਜਾਂਗਲੀਪੁਣੇ ‘ਚੋਂ ਬਾਹਰ ਕੱਢ ਕੇ ਸਭਿਅਕ ਮਨੁੱਖ ਬਣਾਉਣ ਦੇ ਢੋਂਗ ਹੇਠ ਨੰਨੀਆਂ ਜਾਨਾਂ ਦੀ ਬਲੀ ਲੈ ਰਹੇ ਸਨ। ਕਿਹਾ ਜਾਂਦਾ ਹੈ ਕਿ ਜੇ ਕਿਸੇ ਨਸਲ ਨੂੰ ਖ਼ਤਮ ਕਰਨਾ ਹੋਵੇ ਤਾਂ ਉਹਨਾਂ ਨੂੰ ਉਹਨਾਂ ਦੀ ਭਾਸ਼ਾ, ਬੋਲੀ ਤੇ ਸਭਿਆਚਾਰ ਨਾਲੋਂ ਤੋੜ ਦਿਓ ਤਾਂ ਉਹ ਆਪਣੇ ਆਪ ਖ਼ਤਮ ਹੋ ਜਾਣਗੇ ਜਿਸਦੀ ਜ਼ਿੰਦਾ ਮਿਸਾਲ ਅੱਜ ਸਾਡੇ ਸਾਹਮਣੇ ਹੈ ਕਿ ਸਕੂਲੀ ਬੱਚਿਆਂ ਨੂੰ ਵੱਖਵਾਦੀ ਯੋਜਨਾਬੱਧ ਤਰੀਕੇ ਨਾਲ ਮਾਪਿਆਂ, ਬੋਲੀ ਤੇ ਸਭਿਆਚਾਰ ਨਾਲੋਂ ਹੀ ਨਹੀਂ ਤੋੜਿਆ ਸਗੋਂ ਉਹਨਾਂ ਦਾ ਨਸਲੋਂ ਨਬੂਦ ਕਰਕੇ ਧਰਤੀ ਵਿੱਚ ਦੱਬ ਦਿੱਤਾ। ਸੋਚਿਆ ਜਾਵੇ ਕਿ ਇਹ ਬੱਚੇ ਇੱਕ ਦਿਨ ਤਾਂ ਨਹੀਂ ਮਾਰੇ ਗਏ ਹੋਣਗੇ, ਸਗੋਂ ਇਹਨਾਂ ਦੇ ਜ਼ੁਲਮਾਂ ਦੀ ਦਾਸਤਾਨ ਕਿਹੋ ਜਿਹੀ ਖ਼ਤਰਨਾਕ ਹੋਵੇਗੀ, ਜੋ ਹਰ ਰੋਜ਼ ਆਪਣੀ ਹੋਣੀ ਨਾਲ ਟੱਕਰਦੇ ਹੋਣਗੇ। ਸੋਚ ਕੇ ਵੀ ਕੰਬਣੀ ਛਿੜਦੀ ਹੈ ਕਿ ਤਿੰਨ ਸਾਲ ਦੇ ਬੱਚੇ ਦਾ ਕੀ ਕਸੂਰ ਹੋਵੇਗਾ? ਉਹ ਇਸਾਈ ਧਰਮ ਦੇ ਪੈਰੋਕਾਰਾਂ ਦੇ ਨਿਰਦਈਪੁਣੇ ਦੀ ਵਹਿਸ਼ੀ ਜ਼ਿਹਨੀਅਤ ਇੱਕ ਸਕੂਲ ਦੀ ਦਾਸਤਾਨ ਨਹੀਂ ਲੱਗਦੀ ਕਿਉਂਕਿ ਜਿਹੜੇ ਵਿਦਿਆਰਥੀ ਇਹਨਾਂ ਸਕੂਲਾਂ ਵਿੱਚੋਂ ਪੜ੍ਹ ਕੇ ਬਾਹਰ ਵੀ ਆਏ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਉਹਨਾਂ ‘ਤੇ ਹੋਏ ਜ਼ੁਲਮਾਂ ਦੀ ਸ਼ਾਹਦੀ ਭਰਦੀਆਂ ਹਨ। ਹੁਣ ਹੋਰ ਸਕੂਲਾਂ ਬਾਰੇ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਇਹ ਤਾਂ ਅੱਜ ਦੀ ਗੱਲ ਹੈ ਦੁੱਖ ਇਸ ਗੱਲ ਦਾ ਹੈ ਕਿ ਉਸ ਸਮੇਂ ਹੋ ਰਹੇ ਇਹਨਾਂ ਜ਼ੁਲਮਾਂ ਨੂੰ ਸਰਕਾਰਾਂ ਕਿਵੇਂ ਅੱਖੋਂ ਪਰੋਖੇ ਕਰਦੀਆਂ ਰਹੀਆਂ ਹੋਣਗੀਆਂ। ਕੋਈ ਵੀ ਜ਼ਿੰਮੇਵਾਰ ਨੁਮਾਇੰਦੇ ਨੇ ਇਹਨਾਂ ਲੋਕਾਂ ਦੀ ਅਵਾਜ਼ ਸੁਣੀ ਹੀ ਨਹੀਂ ਸਗੋਂ ਇਹਨਾਂ ਨੂੰ ਘਟੀਆ ਸਮਝ ਕੇ ਹਾਸ਼ੀਏ ਦੇ ਉਸ ਪਾਰ ਹੀ ਧੱਕਿਆ ਜਾਂਦਾ ਰਿਹਾ ਹੈ। ਇਹ ਲੋਕ ਇਸ ਬਦਸਲੂਕੀ ਦਾ ਸ਼ਿਕਾਰ ਕਿਵੇਂ ਬਣੇ? ਇਸ ਬਾਰੇ ਇਤਿਹਾਸ ਨੂੰ ਹੰਗਾਲਣਾ ਪਵੇਗਾ।
ਕੈਨੇਡਾ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ ਮਿਲਦਾ। ਇਹ ਤਾਂ ਜਦੋਂ ਕੋਲੰਬਸ ਘੁੰਮਦਾ ਫਿਰਦਾ 1492 ਵਿੱਚ ਅਮਰੀਕਾ ਪਹੁੰਚਦਾ ਹੈ ਤੇ ਸਮੁੰਦਰੋਂ ਪਾਰ ਇਹ ਧਰਤੀ ਲੱਭ ਲੈਂਦਾ ਹੈ ਜਿਹੜੀ ਖਣਿਜ ਪਦਾਰਥਾਂ ਨਾਲ ਭਰੀ ਪਈ ਹੈ। ਉਸਤੋਂ ਬਾਅਦ ਯੂਰਪੀਅਨ ਲੋਕਾਂ ਦਾ ਇੱਥੇ ਆਉਣਾ ਜਾਣਾ ਸ਼ੁਰੂ ਹੋਇਆ। ਕੈਨੇਡਾ ਦੀ ਧਰਤੀ ਤੇ ਆਉਣ ਵਾਲਾ ਪਹਿਲਾ ਯੂਰਪੀਅਨ ਜੋਹਨ ਕੇਬਟ 24 ਜੂਨ 1497 ਨੂੰ ਇੱਥੇ ਪਹੁੰਚਿਆ। ਪਹਿਲਾਂ ਪਹਿਲ ਉਹ ਵਿਉਪਾਰ ਦੇ ਬਹਾਨੇ ਜਿਵੇਂ ਲੋਕਾਂ ਤੋਂ ਜੰਗਲੀ ਜਾਨਵਰਾਂ ਦੀ ਫਰ ਲੈ ਜਾਣੀ ਤੇ ਉਹਨਾਂ ਨੂੰ ਲੋਹੇ ਦੇ ਯੰਤਰਾਂ ਨਾਲ ਵਟਾਂਦਰਾਂ ਕਰ ਲੈਣਾ। ਮੂਲ ਨਿਵਾਸੀਆਂ ਨੂੰ ਵੀ ਇਹਨਾਂ ਯੰਤਰਾਂ ਨਾਲ ਸ਼ਿਕਾਰ ਕਰਨਾ ਸੌਖਾ ਲੱਗਿਆ ਤੇ ਸੁਤੇ ਸੁਭਾ ਹੀ ਉਹ ਇਸ ਖਲਜਗਣ ਵਿੱਚ ਧੱਸਦੇ ਚਲੇ ਗਏ। ਸਮਾਂ ਪਾ ਕੇ ਯੂਰਪੀਅਨ ਜਿਵੇਂ ਦੁਨੀਆਂ ਭਰ ਵਿੱਚ ਫੈਲਦੇ ਗਏ ਤੇ ਹਰ ਥਾਂ ਆਪਣੇ ਬਿਜ਼ਨਿਸ ਸੈਟਲ ਕਰਦੇ ਗਏ ਤੇ ਧਰਤੀ ਤੇ ਕਬਜ਼ਾ ਵੀ ਕਰਦੇ ਗਏ, ਇੱਥੇ ਵੀ ਉਹਨਾਂ ਇਵੇਂ ਹੀ ਕੀਤਾ। ਇੱਥੋਂ ਦੇ ਵਸ਼ਿੰਦੇ ਥੋੜ੍ਹੇ ਸਨ ਤੇ ਰਹਿੰਦੇ ਵੀ ਸਮੁੰਦਰ ਕੰਢੇ ਛੋਟੇ ਛੋਟੇ ਕਬੀਲਿਆਂ ਵਿੱਚ ਸਨ। ਇਹਨਾਂ ਲੋਕਾਂ ਦਾ ਮੁੱਖ ਕਿੱਤਾ ਮੱਛੀ ਫੜ੍ਹਨਾ ਸੀ। ਮੱਛੀ ਜਾਂ ਜਾਨਵਰਾਂ ਦੇ ਸ਼ਿਕਾਰ ਜਾਂ ਫਲਾਂ ਆਦਿ ਨਾਲ ਖਾਣ ਅਤੇ ਜਾਨਵਰਾਂ ਦੀ ਖੱਲ ਪਹਿਨ ਕੇ ਗੁਜ਼ਾਰਾ ਕਰਨ ਨਾਲ ਇਹਨਾਂ ਦਾ ਆਤਮ ਨਿਰਭਰਤਾ ਦਾ ਮਸਲਾ ਹੱਲ ਹੁੰਦਾ ਸੀ। ਇਹਨਾਂ ਦੀਆਂ ਲੋੜਾਂ ਸੀਮਤ ਸਨ ਤੇ ਲੋਕ ਅਰਾਮ ਦੀ ਜ਼ਿੰਦਗੀ ਜਿਉਂ ਰਹੇ ਸਨ। ਯੂਰਪੀਅਨਾਂ ਨੇ ਸੱਤਾ ਦੀ ਪ੍ਰਾਪਤੀ ਤੇ ਲਾਲਚ ਦੀ ਹੱਦ ਤੋਂ ਪਾਰ ਜਾ ਕੇ ਇਹਨਾਂ ਨੂੰ ਨਵੇਂ ਨਵੇਂ ਸਬਜ਼ਬਾਗ਼ ਦਿਖਾ ਕੇ, ਲਾਲਚ ਦੇ ਕੇ, ਔਰਤਾਂ ਨਾਲ ਸਬੰਧ ਬਣਾ ਕੇ, ਬੱਚੇ ਪੈਦਾ ਕਰਕੇ, ਭਰਮਾ ਕੇ ਇਸ ਧਰਤੀ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ।
ਬਸਤੀਵਾਦੀ ਬ੍ਰਿਟਿਸ਼ ਸਰਕਾਰ ਜਿਸਨੇ ਸਾਰੇ ਦੇਸ਼ਾਂ ਤੇ ਕਬਜ਼ਾ ਕਰਨ ਲਈ ਆਪਣੀ ਨਸਲਵਾਦੀ ਨੀਤੀ ਦੇ ਤਹਿਤ ਆਪਣੇ ਆਪ ਨੂੰ ਸਭ ਤੋਂ ਉੱਤਮ ਗਰਦਾਨਕੇ ਦੁਜਿਆਂ ਨੂੰ ਨੀਵਾਂ ਤੇ ਘਟੀਆ ਦਰਸਾਉਣ ਲਈ ਉਹਨਾਂ ਨੂੰ ਆਪਣੇ ਵਰਗਾ ਵਧੀਆ ਬਣਾਉਣ ਲਈ 20ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਮੂਲ ਨਿਵਾਸੀਆਂ ਦੇ ਬੱਚਿਆਂ ਨੂੰ ਅੰਗਰੇਜ਼ੀ ਦੀ ਸਿੱਖਿਆ ਤੇ ਰਹਿਣ ਸਹਿਣ ਦੇ ਤਰੀਕੇ ਸਿਖਾਉਣ ਦੀ ਜ਼ਿੰਮੇਵਾਰੀ ਸਮਝਦੇ ਹੋਏ ਇਸਾਈ ਮਿਸ਼ਨਰੀਆਂ ਨੂੰ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਜ਼ਰੀਏ ਇਹਨਾਂ ਦੀ ਸਰਪ੍ਰਸਤੀ ਸੰਭਾਲ ਦਿੱਤੀ। ਇਹ ਰਿਹਾਇਸ਼ੀ 139 ਸਕੂਲ ਖੋਲ਼੍ਹੇ ਗਏ ਤੇ ਮੂਲ ਨਿਵਾਸੀਆਂ ਦੇ 150,000 ਬੱਚੇ ਸਕੂਲਾਂ ਵਿੱਚ ਜਬਰੀ ਦਾਖਲ ਕੀਤੇ ਗਏ ਸਨ, ਜਿਨ੍ਹਾਂ ਦੀ ਉਮਰ 5 ਸਾਲ ਤੋਂ 18 ਸਾਲ ਤੱਕ ਹੁੰਦੀ ਸੀ। ਇਹਨਾਂ ਸਕੂਲਾਂ ਨੂੰ ਸਰਕਾਰ ਫੰਡ ਦਿੰਦੀ ਸੀ। ਇਸਤੋਂ ਇਲਾਵਾ ਵੀ ਬਿਨ੍ਹਾ ਸਰਕਾਰੀ ਮੱਦਦ ਤੋਂ ਵੀ ਬਹੁਤ ਸਕੂਲ ਖੋਲ੍ਹੇ ਗਏ ਸਨ। ਇਹਨਾਂ ਰਿਹਾਇਸ਼ੀ ਸਕੂਲਾਂ ਵਿੱਚ ਕੈਨੇਡਾ ਦੇ ਆਦਿਵਾਸੀਆਂ ਦੇ ਸਾਰੇ ਫਸਟ ਨੇਸ਼ਨ, ਮੇਟੀਜ਼ ਤੇ ਇਨਯੂਇਟ ਕਬੀਲਿਆਂ ਦੇ ਬੱਚਿਆਂ ਨੂੰ ਮਾਪਿਆਂ ਤੋਂ ਦੂਰ ਬੇਸ਼ੱਕ ਸਭਿਅਕ ਤੇ ਯੂਰਪੀਅਨਾਂ ਦੇ ਵਿੱਚ ਅਭੇਦ ਕਰਨ ਲਈ ਰੱਖਿਆ ਗਿਆ ਸੀ ਪਰ ਉੱਥੇ ਉਹਨਾਂ ਨੂੰ ਇਸਾਈ ਮੱਤ ਦੀ ਧਾਰਮਿਕ ਸਿੱਖਿਆ ਜਾਂ ਸਕੂਲ ਨੂੰ ਚਲਾਉਣ ਲਈ ਹੀ ਕੰਮ ਕਰਵਾਏ ਜਾਂਦੇ ਸਨ। ਜਿਵੇਂ ਮੁੰਡਿਆਂ ਤੋਂ ਖੇਤੀ ਦਾ ਕੰਮ, ਲੱਕੜੀ ਅਤੇ ਲੋਹੇ ਆਦਿ ਦੇ ਕੰਮ ਤੇ ਕੁੜੀਆਂ ਤੋਂ ਸਿਲਾਈ, ਕਢਾਈ, ਖਾਣਾ ਬਣਾਉਣਾ, ਕੱਪੜੇ ਧੋਣਾ ਤੇ ਸਫ਼ਾਈ ਦਾ ਕੰਮ ਕਰਵਾਇਆ ਜਾਂਦਾ ਸੀ। ਜਦੋਂ ਬੱਚੇ ਇਹਨਾਂ ਸਕੂਲਾਂ ਵਿੱਚ ਦਾਖਲ ਹੁੰਦੇ ਤਾਂ ਪਹਿਲਾਂ ਕੰਮ ਉਹਨਾਂ ਦਾ ਨਾਂ ਬਦਲ ਦਿੱਤਾ ਜਾਂਦਾ ਸੀ ਜਿਸਦੀ ਵਜ੍ਹਾ ਕਰਕੇ ਅੱਜ ਮਾਰੇ ਗਏ ਬੱਚਿਆਂ ਦੀ ਪਛਾਣ ਨਹੀਂ ਹੋ ਰਹੀ। ਕਈ ਸਕੂਲਾਂ ਵਿੱਚ ਉਹ ਸਾਰੇ ਸਾਲ ਵਿੱਚੋਂ 1-2 ਮਹੀਨਿਆਂ ਜਾਂ ਹਫ਼ਤਿਆਂ ਲਈ ਹੀ ਘਰ ਜਾ ਸਕਦੇ ਸਨ। ਜੇ ਕਦੇ ਮਾਪੇ ਉਹਨਾਂ ਨੂੰ ਮਿਲਣ ਆਉਂਦੇ ਤਾਂ ਉਹਨਾਂ ਤੇ ਸਖ਼ਤੀ ਕੀਤੀ ਜਾਂਦੀ ਕਿ ਉਹ ਸਿਰਫ਼ ਆਪਣੇ ਮਾਪਿਆਂ ਨਾਲ ਅੰਗਰੇਜ਼ੀ ਵਿੱਚ ਹੀ ਗੱਲ ਕਰ ਸਕਦੇ ਸਨ, ਉੱਧਰ ਮਾਪਿਆਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਤੇ ਦੋਨੋਂ ਧਿਰਾਂ ਰੋਂਦੇ ਕਲਾਉਂਦੇ ਹੀ ਮੁੜ ਜਾਂਦੇ। ਜੇ ਉਹ ਕਬੀਲੇ ਦੀ ਭਾਸ਼ਾ ਬੋਲਦੇ ਤਾਂ ਉਹਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ। ਉਹ ਇੱਕੋ ਸਕੂਲ ਵਿੱਚ ਪੜ੍ਹਦੇ ਆਪਣੇ ਭੈਣਾਂ ਭਰਾਵਾਂ ਨੂੰ ਵੀ ਨਹੀਂ ਸੀ ਮਿਲ ਸਕਦੇ ਜੇ ਕਿਤੇ ਕੁਤਾਹੀ ਹੋ ਜਾਂਦੀ ਤਾਂ ਮੰਜਿਆਂ ਨਾਲ ਬੰਨ੍ਹ ਦਿੱਤਾ ਜਾਂਦਾ, ਮਾਤ ਭਾਸ਼ਾ ਬੋਲਣ ਤੇ ਜੀਭ ਵਿੱਚ ਸੂਈਆਂ ਮਾਰੀਆਂ ਜਾਂਦੀਆਂ, ਭੁੱਖੇ ਰੱਖਣਾ, ਕੁੱਟਣਾ, ਮਾਰਨਾ, ਬਿਮਾਰੀ ਦੀ ਹਾਲਤ ਵਿੱਚ ਵੀ ਸਖ਼ਤ ਕੰਮ ਕਰਵਾਉਣੇ। ਇਸ ਸਮੇਂ ਦੇ ਦੌਰਾਨ ਟੀਬੀ ਤੇ ਫਲੂ ਵਰਗੀਆਂ ਭਿਆਨਕ ਬਿਮਾਰੀਆਂ ਦੀ ਵੈਕਸੀਨ ਜੋ ਅੱਜ ਜਾਨਵਰਾਂ ਤੇ ਟੈਸਟ ਕੀਤੀ ਜਾਂਦੀ ਹੈ ਉਦੋਂ ਇਹਨਾਂ ਵਿਦਿਆਰਥੀਆਂ ਤੇ ਹੀ ਟੈਸਟ ਕੀਤੀ ਜਾਂਦੀ ਸੀ ਜਿਸਦੇ ਰਜਲਟ ਵਿੱਚ ਅਨੇਕਾਂ ਹੀ ਬੱਚੇ ਮਰ ਜਾਂਦੇ ਸਨ।
ਸਰਕਾਰੀ ਸਿਹਤ ਇੰਸਪੈਕਟਰ ਪੀ. ਐੱਚ. ਬਰਾਈਸ ਨੇ 1907 ਵਿੱਚ ਰਿਪੋਰਟ ਕੀਤਾ ਸੀ ਕਿ ਮੂਲ ਨਿਵਾਸੀ ਸਿਹਤਮੰਦ ਬੱਚੇ ਜੋ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਜਬਰੀ ਲਿਆਂਦੇ ਗਏ ਉਹਨਾਂ ਦੀ ਉੱਥੇ ਆ ਕੇ 24% ਦੀ ਮੌਤ ਹੋ ਗਈ ਹੈ ਜੋ ਕਈ ਸਕੂਲਾਂ ਵਿੱਚ ਇਸਤੋਂ ਵੀ ਵੱਧ ਕੇ 47% ਤੇ 75% ਵੀ ਹੋਈ ਪਰ ਜੋ ਬੱਚੇ ਬਿਮਾਰ ਹੋਣ ਤੇ ਘਰਾਂ ਨੂੰ ਭੇਜੇ ਗਏ ਤੇ ਜਾਣ ਸਾਰ ਮਰ ਗਏ, ਉਹ ਇਹਨਾਂ ਵਿੱਚ ਸ਼ਾਮਲ ਨਹੀਂ ਹਨ। ਇਸ ਰਿਪੋਰਟ ਨੂੰ ਉਦੋਂ ਜਨਤਕ ਨਹੀਂ ਕੀਤਾ ਗਿਆ ਸਗੋਂ 1922 ਵਿੱਚ ਜਾ ਕੇ ਇਹ ਪਬਲਿਸ਼ ਹੋਈ ਸੀ। ਇਹਨਾਂ ਸਕੂਲਾਂ ਵਿੱਚ ਬੱਚਿਆਂ ਦੀਆਂ ਮੌਤਾਂ ਤਸ਼ੱਦਦ, ਕੁਪੋਸ਼ਣ, ਬਲਾਤਕਾਰ, ਮਾਪਿਆਂ ਦੇ ਹੇਰਵੇ, ਅੱਗ ਵਿੱਚ ਝੁਲਸ ਕੇ ਤੇ ਸਕੂਲੋਂ ਭੱਜਣ ਸਮੇਂ ਬਰਫ਼ ਵਿੱਚ ਜੰਮ ਕੇ ਤੇ ਭਿਆਨਕ ਮਹਾਂਮਾਰੀਆਂ ਦੇ ਦੌਰਾਨ ਹੋਈਆਂ ਦੱਸੀਆਂ ਜਾ ਰਹੀਆਂ ਹਨ। ਜੂਨ 2015 ਵਿੱਚ ਟਰੁਥ ਐਂਡ ਰੀਕੌਂਸੀਲੇਸ਼ਨ ਕਮਿਸ਼ਨ ਆਫ਼ ਕੈਨੇਡਾ ਨੇ ਰਿਪੋਰਟ ਕੀਤਾ ਕਿ ਤਕਰੀਬਨ 6000 ਤੋਂ ਵੱਧ ਬੱਚੇ ਇਹਨਾਂ ਸਕੂਲਾਂ ਵਿੱਚ ਮਾਰੇ ਗਏ ਹਨ ਪਰ ਅਜੇ ਅੰਕੜੇ ਅਧੂਰੇ ਹਨ। 3201 ਦੀ ਪੁਸ਼ਟੀ ਹੋਈ ਹੈ ਪਰ ਇਹਨਾਂ ਵਿੱਚੋਂ ਤੀਜਾ ਹਿੱਸਾ ਬੱਚਿਆਂ ਦੇ ਨਾਂਵਾਂ ਦਾ ਨਹੀਂ ਪਤਾ ਲੱਗ ਸਕਿਆ, ਚੌਥੇ ਹਿੱਸੇ ਦੀ ਕੋਈ ਲਿੰਗਕ ਪਛਾਣ ਨਹੀਂ ਤੇ ਅੱਧੇ ਮਰਨ ਵਾਲਿਆਂ ਦੇ ਕਾਰਣ ਦਾ ਨਹੀਂ ਪਤਾ ਲੱਗਿਆ ਕਿ ਉਹ ਕਿਵੇਂ ਮਰੇ ਸਨ। 80,000 ਤੋਂ ਵੱਧ ਜੋ ਇਸ ਸਕੂਲੀ ਤਸ਼ੱਦਦ ਦਾ ਸ਼ਿਕਾਰ ਬਣੇ ਤੇ ਜਿਨ੍ਹਾਂ ਨੇ ਇਸ ਸਭਿਆਚਾਰਕ ਨਸਲਕੁਸ਼ੀ ਦੀਆਂ ਕਹਾਣੀਆਂ ਆਪਣੀਆਂ ਹੱਡਬੀਤੀਆਂ ਲੋਕਾਂ ਨਾਲ ਸਾਂਝੀਆਂ ਕੀਤੀਆਂ ਹਨ ਅਜੇ ਵੀ ਅਤੀਤ ਦਾ ਅਮਾਨਵੀ ਤਸ਼ੱਸ਼ਦ ਮੋਢਿਆਂ ਉੱਤੇ ਚੁੱਕ ਕੇ ਜੀਅ ਰਹੇ ਹਨ। ਟੀ. ਆਰ.ਸੀ. ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ 6750 ਪੀੜ੍ਹਤ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਇੰਟਰਵਿਊਆਂ ਰਾਹੀਂ ਡਾਕੂਮੈਂਟ ਵੀ ਕੀਤਾ ਹੈ। ਕਹਿ ਸਕਦੇ ਹਾਂ ਕਿ ਉੱਥੇ ਹਰ ਤਰ੍ਹਾਂ ਦੇ ਸਰੀਰਕ, ਮਾਨਸਿਕ, ਜਿਨਸੀ ਸ਼ੋਸ਼ਣ ਤੇ ਦਿਮਾਗੀ ਤਸੀਹੇ ਦਿੱਤੇ ਜਾਂਦੇ ਸਨ ਜਿਸ ਨਾਲ ਇਹ ਨਿਰਾਸ਼ ਬੱਚੇ ਸਕੂਲ ਤੋਂ ਬਾਹਰ ਨਿਕਲ ਕੇ ਵੀ ਪੜ੍ਹਨ ਵੱਲ ਉੱਕਾ ਹੀ ਨਾ ਜਾਂਦੇ ਕਿਉਂਕਿ ਉਹਨਾਂ ਦੇ ਬਚਪਨ ਦੀ ਨੀਂਹ ਮਾਪਿਆਂ ਤੋਂ ਦੂਰ ਸਕੂਲਾਂ ਦੇ ਨਾਂ ਤੇ ਕਸਾਈਖਾਨਿਆਂ ਵਿੱਚ ਰੱਖੀ ਜਾਂਦੀ ਸੀ। ਬਚਪਨ ਵਿੱਚ ਸਹੇ ਜ਼ੁਲਮ ਉਹਨਾਂ ਤੇ ਅਜਿਹਾ ਅਸਰ ਕਰਦੇ ਕਿ ਬਾਅਦ ਵਿੱਚ ਵੀ ਉਹ ਜਰਾਇਮ ਪੇਸ਼ਾਵਰ ਹੋ ਨਿਬੜਦੇ ਸਨ ਜਿਵੇਂ ਕਿ ਅੰਕੜੇ ਦਰਸਾ ਰਹੇ ਹਨ ਕਿ ਸਭ ਤੋਂ ਵੱਧ ਇਹਨਾਂ ਲੋਕਾਂ ਵਿੱਚ ਹਿੰਸਕ ਲੜਾਈ ਝਗੜੇ ਹੁੰਦੇ ਹਨ।
ਕੈਨੇਡਾ ਵਿੱਚ ਮੂਲ ਨਿਵਾਸੀਆਂ ਦੇ ਦੁਖਾਂਤ ਦਾ ਸਿਰਫ਼ ਇਹੀ ਪੰਨਾ ਨਹੀਂ ਹੈ ਸਗੋਂ ਇਹਨਾਂ ਨਾਲ ਵੱਖਵਾਦੀ, ਨਸਲਵਾਦੀ ਰਵੱਈਆ ਅਪਣਾ ਕੇ, ਸ਼ਹਿਰਾਂ ਨਾਲੋਂ ਤੋੜ ਕੇ, ਇਹਨਾਂ ਦੀ ਐਡੀ ਵੱਡੀ ਧਰਤੀ ਤੋਂ ਵਾਂਝਿਆਂ ਕਰਕੇ ਸਿਰਫ਼ 0.2% ਰੀਜ਼ਰਵ ਥਾਂਵਾਂ ਤੇ ਡੱਕ ਦਿੱਤਾ ਗਿਆ ਹੈ। ਇਹਨਾਂ ਦਾ ਜੱਦੀ ਮੁੱਖ ਕਿੱਤਾ ਮੱਛੀ ਫੜ੍ਹਨਾ ਤੇ ਸ਼ਿਕਾਰ ਕਰਨਾ ਸੀ ਉਹ ਵੀ ਕਾਨੂੰਨ ਬਣਾ ਕੇ ਸੀਮਤ ਕਰ ਦਿੱਤਾ ਕਿ ਸਿਰਫ਼ ਇਹਨਾਂ ਥਾਵਾਂ ਤੋਂ ਹੀ ਤੁਸੀਂ ਸ਼ਿਕਾਰ ਤੇ ਮੱਛੀ ਫੜ੍ਹ ਸਕਦੇ ਹੋ। ਹੁਣ ਇਹਨਾਂ ਦੀਆਂ ਬਹੁਤ ਸਾਰੀਆਂ ਉਪ-ਬੋਲੀਆਂ ਤਾਂ ਖ਼ਤਮ ਹੀ ਹੋ ਗਈਆਂ ਹਨ ਤੇ ਉੰਜ ਵੀ ਸਿਰਫ਼ 4% ਲੋਕ ਹੀ ਆਪਣੀਆਂ ਭਾਸ਼ਾਵਾਂ ਬੋਲਦੇ ਰਹਿ ਗਏ ਹਨ ਜਿਨ੍ਹਾਂ ਦੀ ਗਿਣਤੀ 260,550 ਦੱਸੀ ਜਾ ਰਹੀ ਹੈ। ਲੋਕਾਂ ਨਾਲ ਅੰਨ੍ਹੇ ਵਿਤਕਰੇ ਦੀ ਵਜ੍ਹਾ ਕਰਕੇ ਜ਼ੁਲਮ ਦੀ ਦਰ ਵੀ ਇਹਨਾਂ ਵਿੱਚ ਜ਼ਿਆਦਾ ਹੈ ਜਿਸਦੇ ਸਿੱਟੇ ਵਜੋਂ ਕੈਨੇਡਾ ਦੀਆਂ ਜੇਲ੍ਹਾਂ ਵਿੱਚ 30% ਤੋਂ ਵੀ ਜ਼ਿਆਦਾ ਕੈਦੀ, ਮੂਲ ਵਾਸੀ ਹਨ। ਇਸ ਸਮੇਂ ਕੈਨੇਡਾ ਵਿੱਚ ਡਰੱਗ ਓਵਰਡੋਜ਼ ਦਾ ਪ੍ਰਕੋਪ ਬਹੁਤ ਜ਼ਿਆਦਾ ਹੈ ਉਸ ਵਿੱਚ ਵੀ ਮੂਲ ਨਿਵਾਸੀਆਂ ਦੀ ਮਰਨ ਦਰ ਸਭ ਤੋਂ ਵੱਧ ਹੈ। ਸੀ ਟੀ ਵੀ ਨਿਊਜ਼ ਚੈਨਲ ਮੁਤਾਬਕ ਬੇਸ਼ੱਕ ਸਕੂਲ ਬੰਦ ਹੋ ਗਏ ਪਰ ਹੁਣ ਵੀ ਮੂਲ ਵਾਸੀਆਂ ਦੇ 14 ਸਾਲ ਤੋਂ ਘੱਟ ਉਮਰ ਦੇ ਬੱਚੇ 52.2% ਫੋਸਟਰ ਕੇਅਰ ਘਰਾਂ ਵਿੱਚ ਰਹਿੰਦੇ ਹਨ ਜਾਣਿ ਕਿ ਕੁੱਲ 28,665 ਵਿੱਚੋਂ 14,970 ਬੱਚੇ। ਹੁਣ ਕਾਨੂੰਨ ਮੁਤਾਬਕ ਉਹਨਾਂ ਤੋਂ ਖੋਹ ਲਿਆ ਜਾਂਦਾ ਹੈ ਕਿ ਤੁਸੀਂ ਵਧੀਆ ਪ੍ਰਵਰਿਸ਼ ਨਹੀਂ ਕਰ ਸਕਦੇ ਪਰ ਫੋਸਟਰ ਮਾਪਿਆਂ ਨੂੰ ਕਿਤੇ ਜ਼ਿਆਦਾ ਤਨਖ਼ਾਹ ਦਿੱਤੀ ਜਾਂਦੀ ਹੈ। ਜਦੋਂ ਪਰਿਵਾਰਾਂ ਦੀਆਂ ਨਸਲਾਂ ਦੀ ਜ਼ਿਹਨੀਅਤ ਵਿੱਚ ਗਰੀਬੀ ਤੇ ਗੁਲਾਮੀ ਦੀ ਨੀਂਹ ਦਾ ਐਨੀ ਪ੍ਰਪੱਕਤਾ ਨਾਲ ਟੀਕਾਕਰਣ ਕਰ ਦਿੱਤਾ ਗਿਆ ਹੈ ਉਸ ਵਿੱਚੋਂ ਕੱਢਣ ਦੀ ਵਜਾਇ ਡਰੱਗਾਂ ਵਿੱਚ ਧੱਕ ਦਿੱਤਾ ਜਾਂਦਾ ਹੈ। ਉਹਨਾਂ ਦੀ ਮਜ਼ਬੂਰੀ ਸਮਝਣ ਦੀ ਵਜਾਇ ਕਸੂਰਵਾਰ ਠਹਿਰਾ ਦਿੱਤਾ ਜਾਂਦਾ ਹੈ ਪਰ ਉਹਨਾਂ ਨੂੰ ਬਣਦੀ ਮੱਦਦ ਨਹੀਂ ਦਿੱਤੀ ਜਾਂਦੀ। 2016 ਦੇ ਸਰਕਾਰੀ ਅੰਕੜਿਆਂ ਮੁਤਾਬਕ ਦੁੱਖ ਦੀ ਗੱਲ ਹੈ ਕਿ ਕੈਨੇਡਾ ਦੀ ਕੁੱਲ ਜਨਸੰਖਿਆ ਵਿੱਚੋਂ ਲੋਕ 10% ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਹਨ ਪਰ ਮੂਲ ਵਾਸੀਆਂ ਦੇ ਬੱਚੇ 40% ਗਰੀਬੀ ਰੇਖਾ ਤੋਂ ਥੱਲੇ ਪਲ਼ ਰਹੇ ਹਨ। ”ਦਾ ਗਾਰਡੀਅਨ” ਵਿੱਚ 7 ਸਤੰਬਰ, 2020 ਨੂੰ ਛਪੀ ਰਿਪੋਰਟ ਮੁਤਾਬਕ ਪਿਛਲੇ 30 ਸਾਲਾਂ ਵਿੱਚ 4000 ਤੋਂ ਵੀ ਵੱਧ ਮੂਲਵਾਸੀ ਔਰਤਾਂ ਮਾਰੀਆਂ ਗਈਆਂ ਜਾਂ ਅਲੋਪ ਹਨ ਤੇ ਇਹਨਾਂ ਔਰਤਾਂ ਨਾਲ ਹੋਣ ਵਾਲੇ ਬਲਾਤਕਾਰ ਕੇਸਾਂ ਦੀ ਗਿਣਤੀ ਕਿਤੇ ਵੱਧ ਹੈ।ਯਾਦ ਕਰਨਾ ਬਣਦਾ ਹੈ ਕਿ ਕੁੱਝ ਸਾਲ ਪਹਿਲਾਂ ਬੀ.ਸੀ. ਦੇ ਸ਼ਹਿਰ ਕੋਕਿਟਲਮ ਦੇ ਸੂਰ ਫਾਰਮ ਦਾ ਮਾਲਕ ਕਿੰਨੀਆਂ ਹੀ ਔਰਤਾਂ ਨਾਲ ਬਲਾਤਕਾਰ ਕਰਦਾ ਰਿਹਾ ਤੇ ਬਾਅਦ ਵਿੱਚ ਮਾਰ ਕੇ ਸੁਰਾਂ ਨੂੰ ਮਾਸ ਖਵਾਉਂਦਾ ਰਿਹਾ, ਇਹ ਵੀ ਅੱਤ ਘਿਨਾਉਣੀ ਗੱਲ ਸੀ। 1980ਵਿਆਂ ਵਿੱਚ ਕੈਨੇਡੀਅਨ ਲੀਗਲ ਸਿਸਟਮ ਨੇ ਮੂਲ ਵਾਸੀ ਪੀੜਤਾਂ ਦੁਆਰਾ ਲਾਏ ਗਏ ਇਲਜ਼ਾਮਾਂ ਨੂੰ ਨੋਟਿਸ ਵਿੱਚ ਲਿਆਂਦਾ ਜਿਨ੍ਹਾਂ ਵਿੱਚ 38000 ਸੈਕਸੂਅਲ, ਸਰੀਰਕ ਤੇ ਮਾਨਸਿਕ ਸ਼ੋਸ਼ਣ ਦੇ ਕੇਸ ਦਾਖਲ ਕੀਤੇ ਗਏ ਸਨ ਜਿਨ੍ਹਾਂ ਵਿਚੋਂ 50 ਤੋਂ ਵੀ ਘੱਟ ਨੂੰ ਸਜ਼ਾਵਾਂ ਹੋਈਆਂ। ਇਹ ਸਾਰੇ ਕੇਸ ਪਾਦਰੀਆਂ, ਸਰਕਾਰ ਤੇ ਕੈਥੋਲਿਕ ਚਰਚ ਕੈਨੇਡਾ ਦੇ ਖਿਲਾਫ਼ ਦਰਜ਼ ਕੀਤੇ ਗਏ ਸਨ। ਅੱਜ ਵੀ ਸੁਣਨ ਵਿੱਚ ਆਉਂਦਾ ਹੈ ਰੀਜ਼ਰਵਾਂ ਵਿੱਚ ਸੁੱਖ ਸਹੂਲਤਾਂ ਨਹੀਂ ਹਨ ਤੇ ਲੋਕਾਂ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਹੁੰਦਾ ਹੈ। ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨ ਨਹੀਂ ਕੀਤੇ ਜਾ ਰਹੇ ਸਗੋਂ ਉਹਨਾਂ ਥਾਵਾਂ ਤੇ ਸ਼ਰਾਬ ਜਾਂ ਕੋਕ ਵੱਧ ਮਿਲਦਾ ਹੈ, ਸਾਫ਼ ਪਾਣੀ ਅਤੇ ਸਫ਼ਾਈ ਲਈ ਉਹ ਦਰ ਬਦਰ ਭਟਕਦੇ ਹਨ।
13 ਸਤੰਬਰ, 2007 ਨੂੰ ਯੂਨਾਈਟਡ ਨੇਸ਼ਨਜ਼ ਵਲੋਂ ਘੋਸ਼ਣਾ ਕੀਤੀ ਗਈ ਕਿ ਦੁਨੀਆਂ ਭਰ ਦੇ ਆਦਿ ਵਾਸੀ ਲੋਕਾਂ ਨੂੰ ਉਹਨਾਂ ਦੇ ਮੁੱਢਲੇ ਹੱਕ ਜਿਹੜੇ ਨਿੱਜੀ ਜਾਂ ਸਾਂਝੇ ਹੋਣ ਉਹ ਮਿਲਣੇ ਚਾਹੀਦੇ ਹਨ ਜਿਵੇਂ ਸਿੱਖਿਆ, ਰੁਜ਼ਗਾਰ, ਸਿਹਤ ਸਹੂਲਤਾਂ, ਭਾਸ਼ਾ, ਬੋਲੀ, ਹੋਂਦ ਅਰਥਾਤ ਪਛਾਣ ਆਦਿ। ਜਿੱਥੇ ਬਹੁਤ ਸਾਰੇ ਦੇਸ਼ਾਂ ਨੇ ਇਸਦੇ ਹੱਕ ਵਿੱਚ ਵੋਟ ਪਾਈ, ਉੱਥੇ ਅਫ਼ਸੋਸ ਹੈ ਕਿ ਕੈਨੇਡਾ ਨੇ ਵੀ ਆਪਣੇ ਤਿੰਨ ਸਾਥੀਆਂ ਸਮੇਤ ਮਿਲ ਕੇ ਅਮਰੀਕਾ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਨੇ ਵਿਰੋਧ ਵਿੱਚ ਵੋਟ ਪਾਈ ਸੀ। ਅਜੇ ਤਾਂ ਹੱਕ ਮਿਲਣੇ ਦੀ ਚੱਲੀ ਸੀ ਜਦੋਂ ਹੱਕ ਦੇਣ ਦੀ ਗੱਲ ਹੋਵੇਗੀ ਤਾਂ ਇਹ ਸਰਕਾਰਾਂ ਕਿਸ ਤਰ੍ਹਾਂ ਦਾ ਪ੍ਰਤੀਕਰਮ ਦੇਣਗੀਆਂ, ਯਕੀਨ ਨਹੀਂ ਕਰ ਸਕਦੇ। ਬਾਅਦ ਵਿੱਚ ਕੈਨੇਡਾ ਨੇ 2016 ਵਿੱਚ ਇਸ ਘੋਸ਼ਣਾ ਵਿੱਚ ਸ਼ਾਮਲ ਹੋਣ ਦੀ ਹਾਮੀ ਭਰੀ ਸੀ। ਇਹ ਲੋਕ ਜਿਨ੍ਹਾਂ ਦੀ ਧਰਤੀ ਨੂੰ ਹਥਿਆ ਕੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਉਹਨਾਂ ਨੂੰ ਤਾਂ ਇਹਨਾਂ ਲੋਕਾਂ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਅੱਜ ਤੱਕ ਮੂਲ ਨਿਵਾਸੀ ਲੋਕਾਂ ਨਾਲ ਜੋ ਵੀ ਬਸਤੀਵਾਦੀ ਹਕੂਮਤਾਂ ਵਲੋਂ ਯੋਜਨਾਬੱਧ ਤਰੀਕੇ ਨਾਲ ਚਾਹੇ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਗੱਲ ਹੋਵੇ ਜਾਂ ਜ਼ਮੀਨਾਂ ਖੋਹ ਕੇ ਰੀਜ਼ਰਵਾਂ ਵਿੱਚ ਧੱਕਣ ਦੀ ਜਾਂ ਸੁੱਖ ਸਹੂਲਤਾਂ ਤੋਂ ਵਾਂਝੇ ਕਰਕੇ ਨਾ ਬਰਾਬਰੀ ਤੇ ਨਸਲਵਾਦੀ ਰਵੱਈਏ ਦੀ, ਤਾਂ ਹੀ ਭਰਪਾਈ ਹੋ ਸਕਦੀ ਹੈ ਅਗਰ ਅੱਜ ਵੀ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਤੇ ਉਹਨਾਂ ‘ਤੇ ਹੋ ਰਹੇ ਜ਼ੁਲਮਾਂ ਦੀ ਕਹਾਣੀ ਨੂੰ ਖ਼ਤਮ ਕੀਤਾ ਜਾਵੇ ਤੇ ਆਮ ਸ਼ਹਿਰੀਆਂ ਵਾਂਗ ਹਰ ਵਸਤ ਦੇ ਮਾਲਕ ਉਹ ਆਪ ਹੋਣ ਤੇ ਦੋਮ ਦਰਜ਼ੇ ਨੂੰ ਖ਼ਤਮ ਕੀਤਾ ਜਾਵੇ। ਉਹਨਾਂ ਦੇ ਪਿੰਡਾਂ ਤੱਕ ਸਭ ਸਹੂਲਤਾਂ ਪਹੁੰਚਾਉਣ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਪੈਸਾ ਕੁੱਝ ਲੋਕਾਂ ਤੱਕ ਹੀ ਪਹੁੰਚਾਇਆ ਜਾਵੇ। ਮੂਲ ਨਿਵਾਸੀਆਂ ਵਲੋਂ ਸਾਂਝੇ ਤੌਰ ਤੇ ਉਹਨਾਂ ਵਲੋਂ ਦਿੱਤੇ ਫੈਸਲਿਆਂ ਤੇ ਫੁੱਲ ਚੜ੍ਹਾਏ ਜਾਣੇ ਚਾਹੀਦੇ ਹਨ।
ਕੈਨੇਡਾ ਅਜਿਹਾ ਦੇਸ਼ ਹੈ ਜਿੱਥੇ ਬਾਹਰੋਂ ਆ ਕੇ ਲੋਕ ਰਹਿ ਰਹੇ ਹਨ ਉਨ੍ਹਾਂ ਨੂੰ ਇੱਥੋਂ ਦੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਇਹ ਧਰਤੀ ਦੇ ਲੋਕ ਜਿਨ੍ਹਾਂ ਦਾ ਮਾਣ ਹੋਣਾ ਚਾਹੀਦਾ ਸੀ, ਉਹ ਹਮੇਸ਼ਾਂ ਵਿਤਕਰਾ ਸਹਿੰਦੇ ਹੋਏ ਤਸ਼ੱਦਦ ਦਾ ਪਾਤਰ ਹੀ ਕਿਵੇਂ ਬਣੇ ਰਹੇ ਹਨ?ਅਜੇ ਵੀ ਉਹਨਾਂ ਕੋਲ ਸਕੂਲਾਂ, ਹਸਪਤਾਲਾਂ, ਪਾਣੀ, ਵਧੀਆ ਖੁਰਾਕ ਤੇ ਸਫ਼ਾਈ ਦਾ ਪ੍ਰਬੰਧ ਕਿਉਂ ਨਹੀਂ ਹੈ?ਉਹਨਾਂ ਦੇ ਆਪਣੇ ਮੁਢਲੇ ਹੱਕ, ਆਜ਼ਾਦੀ ਤੇ ਸਰਕਾਰ ਬਣਾਉਣ ਦਾ ਅਧਿਕਾਰ ਕਿਉਂ ਨਹੀਂ ਹੈ? ਇਹਨਾਂ ਬੱਚਿਆਂ ਦੇ ਦੁੱਖ ਵਿੱਚ ਸ਼ਰੀਕ ਹੋਣ ਦਾ ਮਤਲਬ, ਸਹੀ ਅਰਥਾਂ ਵਿੱਚ ਤਾਂ ਹੋਵੇਗਾ ਅਗਰ ਇਹਨਾਂ ਭਾਈਚਾਰਿਆਂ ਨੂੰ ਮੁਢਲੇ ਹੱਕ ਦਵਾਉਣ ਦੇ ਅਸੀਂ ਭਾਗੀਦਾਰ ਬਣੀਏ। ਕਿਹਾ ਜਾ ਰਿਹਾ ਹੈ ਕਿ ਇਹ ਕੈਨੇਡਾ ਦੇ ਇਤਿਹਾਸ ਦਾ ਕਾਲ਼ਾ ਪੰਨਾ ਹੈ ਪਰ ਨਹੀਂ, ਇਹ 25-30 ਸਾਲ ਪੁਰਾਣੀਆਂ ਗੱਲਾਂ ਇਤਿਹਾਸ ਨਹੀਂ ਅੱਜ ਦੇ ਮੌਜੂਦਾ ਕੈਨੇਡਾ ਦੀ ਅਸਲੀ ਤਸਵੀਰ ਹੈ ਜਿੱਥੇ ਇਹ ਵਿਤਕਰੇ ਅੱਜ ਵੀ ਜਿਉਂ ਦੀ ਤਿਉਂ ਹਨ। ਹੁਣ ਸਰਕਾਰਾਂ ਵਲੋਂ ਮਾਫ਼ੀਆਂ ਮੰਗੀਆਂ ਜਾ ਰਹੀਆਂ ਹਨ, ਮਾਫ਼ੀਆਂ ਦਾ ਤਾਂ ਹੀ ਫ਼ਾਇਦਾ ਹੈ ਅਗਰ ਇਹਨਾਂ ਗ਼ਲਤੀਆਂ ਨੂੰ ਮੁੜ ਤੋਂ ਕਦੇ ਦੁਹਰਾਇਆ ਨਾ ਜਾਵੇ। ਕੈਥੋਲਿਕ ਚਰਚ ਜੇ ਅੱਜ ਮਾਫ਼ੀ ਵੀ ਨਹੀਂ ਮੰਗ ਰਹੀ ਤਾਂ ਇਸ ਤੋਂ ਸਾਫ਼ ਹੈ ਕਿ ਉਹ ਧਰਮ ਦੇ ਨਾਂ ‘ਤੇ ਹੋਣ ਵਾਲੇ ਕੁਕਰਮ ਨੂੰ ਹਮੇਸ਼ਾਂ ਜਾਰੀ ਰੱਖਣ ਵਿੱਚ ਯਕੀਨ ਕਰਦੇ ਹਨ ਅਤੇ ਆਪ ਸਹੀ ਹੋਣ ਦਾ ਦਾਅਵਾ ਕਰਦੇ ਹਨ। ਸ਼ਰਮ ਦੀ ਗੱਲ ਹੈ ਕਿ 21ਵੀਂ ਸਦੀ ਜੋ ਵਿਗਿਆਨ ਦੇ ਢਾਂਚੇ ਦੀ ਦੇਣ ਹੈ ਇਸ ਵਿੱਚ ਅਜੇ ਵੀ ਲੋਕ ਧਰਮਾਂ ਦੇ ਸੰਗਲਾਂ ਵਿੱਚ ਜਕੜੇ ਪਏ ਹਨ ਤੇ ਲੋਕਾਂ ਨੂੰ ਵਰਗਲ਼ਾ ਤੇ ਫੁਸਲ਼ਾ ਕੇ ਧਰਮਾਂ ਦਾ ਚੋਲ਼ਾ ਪਵਾ ਕੇ ਆਪਸ ਵਿੱਚ ਲੜਾ ਰਹੇ ਹਨ। ਚਰਚ ਦਾ ਮੁਖੀ ਪੋਪ ਬੇਕਸੂਰ ਬੱਚਿਆਂ ਦੇ ਕਤਲ ਤੇ ਹਿਰਦੇਵੇਧਕ ਘਟਨਾ ਨੂੰ ਅੰਜ਼ਾਮ ਦੇ ਕੇ ਹੋਈ ਗਲਤੀ ਨੂੰ ਗਲਤੀ ਕਹਿਣ ਵਿੱਚ ਸ਼ਰਮ ਮਹਿਸੂਸ ਕਰ ਰਿਹਾ ਹੈ। ਬਰਨਾਤਵੀ ਬਸਤੀਵਾਦੀਆਂ ਤੇ ਕੈਨੇਡੀਅਨ ਸਰਕਾਰਾਂ ਵਲੋਂ ਚੀਨੀਆਂ, ਜਪਾਨੀਆਂ, ਭਾਰਤੀਆਂ, ਯਹੂਦੀਆਂ ਤੇ ਹੋਰ ਘੱਟ ਗਿਣਤੀ ਜਿਨ੍ਹਾਂ ਨੇ ਇਸ ਦੇਸ਼ ਦੀ ਤਰੱਕੀ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ, ਸਮੇਂ ਸਮੇਂ ਤੇ ਉਹਨਾਂ ਨਾਲ ਵੀ ਵਧੀਕੀਆਂ ਕੀਤੀਆਂ ਤੇ ਇੱਥੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਉਹਨਾਂ ਤੋਂ ਵੀ ਹੁਣ ਮਾਫ਼ੀਆਂ ਮੰਗੀਆਂ ਜਾ ਰਹੀਆਂ ਹਨ। ਅਸਲ ਵਿੱਚ ਬ੍ਰਿਟਿਸ਼ ਹਕੂਮਤ ਨੇ ਜੋ ਨਸਲਵਾਦ ਦਾ ਬੀਜ ਲੋਕਾਂ ਦੇ ਮਨਾਂ ਵਿੱਚ ਬੀਜਿਆ ਸੀ ਉਹ ਅਜੇ ਵੀ ਕਿਤੇ ਨਾ ਕਿਤੇ, ਸਮੇਂ ਸਮੇਂ ਤੇ ਪੁੰਗਰ ਹੀ ਰਿਹਾ ਹੈ, ਇਹ ਰਹੇਗਾ ਵੀ ਜਿਨ੍ਹਾਂ ਚਿਰ ਸਰਕਾਰਾਂ ਵਲੋਂ ਅਣਸੁਣੀ, ਅਣਦੇਖੀ ਕੀਤੀ ਜਾ ਰਹੀ ਹੈ ਤੇ ਮਨੁੱਖਤਾਵਾਦੀ ਕਦਰਾਂ ਕੀਮਤਾਂ ਤੇ ਕੰਮ ਨਹੀਂ ਕੀਤਾ ਜਾ ਰਿਹਾ। ਇਸਦਾ ਹੀ ਕਾਰਣ ਹੈ ਕਿ ਟੋਰਾਂਟੋ ਦੇ ਨੇੜੇ ਲੰਡਨ ਵਿੱਚ ਇੱਕ ਮੁਸਲਿਮ ਪਰਿਵਾਰ ਨੂੰ ਨਸਲਵਾਦੀ ਗੋਰੇ ਵਲੋਂ ਪਿਕ ਅੱਪ ਟਰੱਕ ਥੱਲੇ ਕੁਚਲ ਕੇ ਮਾਰ ਦੇਣਾ। ਇਹੋ ਜਿਹੇ ਕਾਰਨਾਮਿਆਂ ਤੇ ਦੁੱਖ ਪ੍ਰਗਟ ਕਰਕੇ ਸਮੱਸਿਆ ਹੱਲ ਨਹੀਂ ਹੋਣੀ ਸਗੋਂ ਇਸ ਨਸਲਘਾਤ ਦੀ ਜੜ੍ਹ ਪੁੱਟਣ ਲਈ ਯੋਗ ਕਦਮ ਤੇ ਲਗਾਤਾਰ ਕੰਮ ਹੋਣਾ ਚਾਹੀਦਾ ਹੈ। ਆਸ ਕਰਦੇ ਹਾਂ ਕਿ ਅੱਜ ਸਾਰੇ ਲੋਕ ਇਕਜੁੱਟ ਹੋ ਕੇ ਕੈਨੇਡੀਅਨ ਢਾਂਚੇ ਵਿੱਚ ਹੋਈ ਨਾਬਰਾਬਰੀ, ਅਣਮਨੁੱਖੀ ਜਬਰ ਦੀ ਦਾਸਤਾਨ ਲਈ ਇਨਸਾਫ਼ ਦੀ ਲੜਾਈ ਇਕਜੁੱਟ ਹੋ ਕੇ ਲੜਨ ਤਾਂ ਕਿ ਇਹ ਜ਼ੁਲਮੀ ਇਤਿਹਾਸ ਕਦੇ ਦੁਹਰਾਇਆ ਨਾ ਜਾ ਸਕੇ। ਇਸ ਜ਼ੁਲਮ ਦੀਆਂ ਪੈੜਾਂ ਦਾ ਖੁਰਾਖੋਜ ਮਿਟਾਉਣ ਤੇ ਮੂਲ ਨਿਵਾਸੀਆਂ ਦੇ ਅੱਲੇ ਜ਼ਖ਼ਮਾਂ ਤੇ ਮਲ਼੍ਹਮ ਲਾਉਣ ਲਈ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਤੇ ਇਨਸਾਫ਼ ਦਿੱਤਾ ਜਾਵੇ ਬੱਸ ਇਹੀ ਦਿਲੀ ਕਾਮਨਾ ਹੈ।

RELATED ARTICLES
POPULAR POSTS