ਕਿਹਾ, ਆਮ ਆਦਮੀ ਪਾਰਟੀ ਕਦੇ ਵੀ ਕਿਸੇ ਡੇਰੇ ਤੋਂ ਹਮਾਇਤ ਨਹੀਂ ਲਵੇਗੀ
ਚੰਡੀਗੜ੍ਹ/ਬਿਊਰੋ ਨਿਊਜ਼
ਵਿਧਾਨ ਸਭਾ ਵਿਚ ‘ਆਪ’ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਡੇਰਾ ਸਿਆਸਤ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਡੇਰਾ ਸਿਰਸਾ ਸਮੇਤ ਕਦੇ ਵੀ ਕਿਸੇ ਡੇਰੇ ਦੀ ਹਮਾਇਤ ਨਹੀਂ ਲਵੇਗੀ। ਉਨ੍ਹਾਂ ਕਿਹਾ ਕਿ ਡੇਰਾ ਸਿਆਸਤ ਦਾ ਪੱਖ ਪੂਰਨ ਵਾਲੇ ਆਪਣੇ ਲੀਡਰਾਂ ਦਾ ਵੀ ਵਿਰੋਧ ਕੀਤਾ ਜਾਏਗਾ। ਖਹਿਰਾ ਨੇ ਕਿਹਾ, “ਮੈਂ ਕੇਜਰੀਵਾਲ ਨੂੰ ਵੀ ਕਹਾਂਗਾ ਕਿ ਅੱਗੇ ਤੋਂ ਵੋਟਾਂ ਵੇਲੇ ਪੰਜਾਬ ਵਿਚ ਕਿਸੇ ਡੇਰੇ ‘ਤੇ ਨਾ ਜਾਣ। ਹਾਲਾਂਕਿ ਉਹ ਪਹਿਲਾਂ ਵੀ ਵੋਟਾਂ ਲਈ ਕਦੇ ਨਹੀਂ ਗਏ। ਉਨ੍ਹਾਂ ਕਿਹਾ ਕਿ ਡੇਰੇ ਦੀ ਵੋਟ ਬੈਂਕ ਸਿਆਸਤ ਜਮਹੂਰੀਅਤ ਲਈ ਖਤਰਨਾਕ ਹੈ। ਨਾਲ ਹੀ” ਖਹਿਰਾ ਨੇ ਸਪਸ਼ਟ ਕੀਤਾ ਕਿ ਸਾਰੇ ਡੇਰੇ ਇੱਕੋ ਜਿਹੇ ਨਹੀਂ ਹੁੰਦੇ। ਕੁਝ ਡੇਰੇ ਚੰਗਾ ਕੰਮ ਵੀ ਕਰ ਰਹੇ ਹਨ ਪਰ ਡੇਰੇ ‘ਤੇ ਵੋਟਾਂ ਮੰਗਣ ਕਿਸੇ ਪਾਰਟੀ ਨੂੰ ਨਹੀਂ ਜਾਣਾ ਚਾਹੀਦਾ। ਖਹਿਰਾ ਨੇ ਕਿਹਾ ਕਿ ਡੇਰੇ ‘ਤੇ ਸ਼ਰਧਾ ਲਈ ਜਾਣਾ ਹੋਰ ਗੱਲ ਹੈ ਤੇ ਵੋਟਾਂ ਲਈ ਜਾਣਾ ਹੋਰ ਗੱਲ। ਸਾਰੀਆਂ ਪਾਰਟੀਆਂ ਨੂੰ ਡੇਰਾ ਸਿਆਸਤ ਬੰਦ ਕਰਨੀ ਚਾਹੀਦੀ ਹੈ।