ਫਰੀਦਕੋਟ/ਬਿਊਰੋ ਨਿਊਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਇੱਥੇ ਆਪਣੇ ਕੈਂਪ ਦਫਤਰ ਵਿਚ ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਉਦੋਂ ਦੇ ਐੱਸਡੀਐੱਮ ਹਰਜੀਤ ਸਿੰਘ ਅਤੇ ਡੀਐੱਸਪੀ ਬਲਜੀਤ ਸਿੰਘ ਸਿੱਧੂ ਦੇ ਬਿਆਨ ਕਲਮਬੰਦ ਕੀਤੇ। ਬਹਿਬਲ ਕਾਂਡ 14 ਅਕਤੂਬਰ 2015 ਨੂੰ ਵਾਪਰਿਆ ਸੀ। ਉਸ ਵੇਲੇ ਮਨਤਾਰ ਸਿੰਘ ਬਰਾੜ ਕੋਟਕਪੂਰਾ ਦੇ ਵਿਧਾਇਕ ਸਨ ਅਤੇ ਬਹਿਬਲ ਕਾਂਡ ਤੋਂ ਪਹਿਲੀ ਦੇਰ ਰਾਤ ਮਨਤਾਰ ਸਿੰਘ ਬਰਾੜ ਦੀ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜ਼ਿਲ੍ਹਾ ਪ੍ਰਸ਼ਾਸਨ ਅਤੇ ਡੀਜੀਪੀ ਨਾਲ ਮੋਬਾਈਲ ਫੋਨ ‘ਤੇ ਲੰਬੀ ਗੱਲਬਾਤ ਹੁੰਦੀ ਰਹੀ ਦੱਸੀ ਜਾ ਰਹੀ ਹੈ। ਜਾਂਚ ਟੀਮ ਸਾਹਮਣੇ ਪੇਸ਼ ਹੋਏ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜਾਂ ਕਿਸੇ ਵੀ ਅਕਾਲੀ ਆਗੂ ਨੇ ਸਿੱਖ ਸੰਗਤ ਉੱਪਰ ਗੋਲੀ ਚਲਾਉਣ ਦੇ ਆਦੇਸ਼ ਨਹੀਂ ਦਿੱਤੇ ਅਤੇ ਨਾ ਹੀ ਧਰਨੇ ਤੋਂ ਸੰਗਤ ਨੂੰ ਉਠਾਉਣ ਲਈ ਪੁਲਿਸ ਬਲ ਦੀ ਵਰਤੋਂ ਲਈ ਕਿਹਾ ਸੀ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਦੋ ਡੇਰਾ ਪ੍ਰੇਮੀ ਗ੍ਰਿਫ਼ਤਾਰ
ਬਠਿੰਡਾ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਪੁਲਿਸ ਨੇ ਭਗਤਾ ਭਾਈਕਾ ਦੇ ਦੋ ਹੋਰ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਫ਼ਰਾਰ ਚੱਲ ਰਹੇ ਇਕ ਡੇਰਾ ਪ੍ਰੇਮੀ ਨੇ ਪੁਲਿਸ ਕੋਲ ਆਤਮ ਸਮਰਪਣ ਕਰ ਦਿੱਤਾ ਹੈ। ਪੁਲਿਸ ਨੇ 18 ਜੂਨ, 2016 ਨੂੰ ਭਗਤਾ ਭਾਈਕਾ ਦੇ ਗੁਰਦੁਆਰਾ ਮਹਿਲ ਸਾਹਿਬ ਨੇੜੇ ਪੰਜ ਗ੍ਰੰਥੀ ਦੀ ਕੀਤੀ ਗਈ ਬੇਅਦਬੀ ਦਾ ਮਾਮਲਾ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਡੇਰਾ ਪ੍ਰੇਮੀ ਅਮਰਜੀਤ ਸਿੰਘ ਬੇਲਦਾਰ ਤੇ ਸਾਧੂ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਕਤ ਦੋਵਾਂ ਡੇਰਾ ਪ੍ਰੇਮੀਆਂ ਨੇ ਪੰਜ ਗ੍ਰੰਥੀ ਦੇ ਅੰਗ ਖੰਡਿਤ ਕਰਕੇ ਗੁਰਦੁਆਰਾ ਸਾਹਿਬ ਦੇ ਨੇੜੇ ਖਿਲਾਰ ਦਿੱਤੇ ਸਨ। ਘਟਨਾ ਦਾ ਪਤਾ 18 ਜੂਨ, 2016 ਨੂੰ ਸਵੇਰੇ ਸਾਢੇ ਅੱਠ ਵਜੇ ਲੱਗਾ ਸੀ ਜਦੋਂ ਭਗਤਾ ਭਾਈਕਾ ਦੇ ਮਿਸਤਰੀ ਰਾਜਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਨੇ ਗੁਰੂ ਘਰ ਦੇ ਛੋਟੇ ਦਰਵਾਜ਼ੇ ਵਾਲੇ ਪਾਸੇ ਗੁੱਟਕਾ ਸਾਹਿਬ ਦੇ ਅੰਗ ਵੇਖੇ। ਇਸ ਦੀ ਸੂਚਨਾ ਗੁਰਦੁਆਰਾ ਕਮੇਟੀ ਨੇ ਪੁਲਿਸ ਦਿੱਤੀ ਤੇ ਪੁਲਿਸ ਨੇ ਥਾਣਾ ਦਿਆਲਪੁਰਾ ਵਿਚ ਮੁਕੱਦਮਾ ਦਰਜ ਕੀਤਾ ਸੀ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …