ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸਤਾਨਾ ਮੈਚ ਖੇਡਣ ਦੇ ਦੋਸ਼
ਬਰਗਾੜੀ/ਬਿਊਰੋ ਨਿਊਜ਼ : ਬਰਗਾੜੀ ਇਨਸਾਫ਼ ਮੋਰਚੇ ਦੇ ਮੁਖੀ ਅਤੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਨ੍ਹਾਂ ਦਾ ਮੂਲ ਮੰਤਰ ਸ਼ਾਂਤੀ ਹੈ ਅਤੇ ਸ਼ਾਂਤਮਈ ਢੰਗ ਨਾਲ ਇਨਸਾਫ਼ ਲਿਆ ਜਾਵੇਗਾ। ਉਨ੍ਹਾਂ ਕਿਹਾ, ”ਸ਼ਾਂਤੀ ਦੇ ਦਬਾਅ ਕਾਰਨ ਹੀ ਦੋਸ਼ੀ ਫੜੇ ਜਾ ਰਹੇ ਹਨ। ਮੈਂ ਪੰਜਾਬ ਦਾ ਇਕ ਵੀ ਨੌਜਵਾਨ ਨਹੀਂ ਮਰਨ ਦੇਣਾ ਕਿਉਂਕਿ ਪਹਿਲਾਂ ਹੀ ਬਹੁਤ ਜ਼ਿਆਦਾ ਮਾਰੇ ਗਏ ਹਨ। ਸ਼ਾਂਤਮਈ ਰਹਿ ਕੇ ਹੀ ਸਫ਼ਲਤਾ ਹਾਸਲ ਕੀਤੀ ਜਾਵੇਗੀ ਤੇ ਇਹ ਹੀ ਮੇਰਾ ਪ੍ਰੋਗਰਾਮ ਹੈ।” ਉਨ੍ਹਾਂ ਦਾ ਇਸ਼ਾਰਾ ਡੇਢ ਦਹਾਕੇ ਤਕ ਸੂਬੇ ਦੇ ਕਾਲੇ ਦੌਰ ਵੱਲ ਸੀ।
ਉਨ੍ਹਾਂ ਵੱਖ-ਵੱਖ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਕਰਵਾਉਣ ਵਾਸਤੇ ਇਹ ਮੋਰਚਾ ਲਾਇਆ ਗਿਆ ਹੈ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਰਬੱਤ ਦੀ ਬੇਅਦਬੀ ਤੇ ਸਾਰੇ ਧਰਮਾਂ ਦੀ ਬੇਅਦਬੀ ਹੈ ਤੇ ਸਰਬੱਤ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣੀਆਂ ਹਨ।’ ਇਨਸਾਫ਼ ਮੋਰਚਾ 165ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ ਅਤੇ ਇਨਸਾਫ਼ ਦੀ ਪ੍ਰਾਪਤੀ ਤੱਕ ਉਨ੍ਹਾਂ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਹੈ। ‘ਅਸੀਂ ਸਰਕਾਰ ਕੋਲੋਂ ਇਨਸਾਫ਼ ਚਾਹੁੰਦੇ ਹਾਂ ਤੇ ਸਰਕਾਰ ਇਨਸਾਫ਼ ਭਾਵੇਂ ਸੀਬੀਆਈ ਜਾਂ ਸੀਆਈਡੀ ਰਾਹੀਂ ਦੇਵੇ, ਸਾਨੂੰ ਤਾਂ ਇਨਸਾਫ਼ ਚਾਹੀਦਾ ਹੈ। ਇਹ ਪੁੱਛੇ ਜਾਣ ‘ਤੇ ਕਿ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕਰਕੇ ਵੱਡੀ ਮੰਗ ਮੰਨ ਲਈ ਹੈ ਤਾਂ ਉਨ੍ਹਾਂ ਕਿਹਾ, ”ਸਾਨੂੰ ਤਾਂ ਇਨਸਾਫ਼ ਚਾਹੀਦਾ ਹੈ ਤੇ ਸ਼ਾਂਤਮਈ ਮੋਰਚਾ ਹੋਣ ਕਰਕੇ ਹੀ ਲੋਕ ਵੱਡੀ ਗਿਣਤੀ ਵਿਚ ਬਰਗਾੜੀ ਆ ਰਹੇ ਹਨ। ਮੋਰਚੇ ਦਾ ਇਹ ਬਹੁਤ ਵਧੀਆ ਰੂਪ ਹੈ ਤੇ ਕੋਈ ਸਰਬੱਤ ਖਾਲਸਾ ਬੁਲਾਉਣ ਦੀ ਲੋੜ ਨਹੀਂ ਹੈ।” ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ 25 ਨਵੰਬਰ ਨੂੰ ਇਥੇ ਬਹੁਤ ਵੱਡਾ ਇਕੱਠ ਹੋਵੇਗਾ ਅਤੇ ਮੋਰਚੇ ਵੱਲੋਂ ਸੰਗਤ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਇਕੱਠ ਵਿਚ ਵੱਡੀ ਗਿਣਤੀ ਸੰਗਤ ਪਹੁੰਚਣ ਦੀ ਆਸ ਹੈ। ਇਨਸਾਫ਼ ਮੋਰਚੇ ਦੇ ਆਗੂਆਂ ਵਿਚਕਾਰ ਮੱਤਭੇਦਾਂ ਤੋਂ ਇਨਕਾਰ ਕਰਦਿਆਂ ਜਥੇਦਾਰ ਮੰਡ ਨੇ ਕਿਹਾ ਕਿ ਸਾਰੇ ਉਨ੍ਹਾਂ ਦੀ ਕਮਾਂਡ ਹੇਠ ਕੰਮ ਕਰ ਰਹੇ ਹਨ। ‘ਇਸ ਥਾਂ ‘ਤੇ ਉਹੀ ਫ਼ੈਸਲਾ ਲਾਗੂ ਕੀਤਾ ਜਾਂਦਾ ਹੈ ਜਿਹੜਾ ਪੰਥ ਨੂੰ ਮਨਜ਼ੂਰ ਹੁੰਦਾ ਹੈ।’ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਲੇ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਦੋਵੇਂ ਆਗੂ ਦੋਸਤਾਨਾ ਮੈਚ ਖੇਡ ਰਹੇ ਹਨ ਅਤੇ ਵੱਖ ਵੱਖ ਮੌਕਿਆਂ ‘ਤੇ ਦੋਵੇਂ ਇਕ-ਦੂਜੇ ਨੂੰ ਬਚਾਉਂਦੇ ਹਨ। ਉਨ੍ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਮਿਸਾਲ ਦਿੱਤੀ ਅਤੇ ਕਿਹਾ ਕਿ ਜੇਕਰ ਫਰੈਂਡਲੀ ਮੈਚ ਨਾ ਹੁੰਦਾ ਤਾਂ ਹੁਣ ਤਕ ਬੇਅਦਬੀ ਦੇ ਮਾਮਲਿਆਂ ਵਿਚ ਬਾਦਲ ਜੇਲ੍ਹ ਵਿਚ ਬੰਦ ਹੋਣੇ ਸਨ। ਮੁਤਵਾਜ਼ੀ ਜਥੇਦਾਰ ਨੇ ਕਿਹਾ ਕਿ ਬੇਅਦਬੀ ਕਾਰਨ ਸੂਬੇ ਦੇ ਲੋਕਾਂ ਨੇ ਬਾਦਲਾਂ ਨੂੰ ਸਿਆਸਤ ਵਿਚੋਂ ਬਾਹਰ ਕਰ ਦਿੱਤਾ ਹੈ ਅਤੇ ਜਿਹੜੀ ਨੀਤੀ ਕੈਪਟਨ ਅਪਣਾ ਰਿਹਾ ਹੈ, ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਵੀ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …