Breaking News
Home / ਪੰਜਾਬ / ਵੀਆਈਪੀਜ਼ ਨਾਲ ਐਂਬੂਲੈਂਸਾਂ ਨਾ ਤਾਇਨਾਤ ਕਰਨ ਦੀ ਹਦਾਇਤ

ਵੀਆਈਪੀਜ਼ ਨਾਲ ਐਂਬੂਲੈਂਸਾਂ ਨਾ ਤਾਇਨਾਤ ਕਰਨ ਦੀ ਹਦਾਇਤ

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸਿਹਤ ਸੇਵਾਵਾਂ ਦੇਣ ਲਈ ਲਿਆ ਗਿਆ ਫੈਸਲਾ
ਰੂਪਨਗਰ/ਬਿਊਰੋ ਨਿਊਜ਼ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮਿਨੀ ਸਕੱਤਰੇਤ ਰੂਪਨਗਰ ਵਿੱਚ ਸੀਨੀਅਰ ਅਧਿਕਾਰੀਆਂ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਹੜ੍ਹਾਂ ਸਬੰਧੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਲਈ ਫੌਰੀ ਸਿਹਤ ਸੇਵਾਵਾਂ ਯਕੀਨੀ ਬਣਾਉਣ ਦੇ ਉਦੇਸ਼ ਹਿੱਤ ਸੂਬੇ ਦੇ ਸਮੂਹ ਸਿਵਲ ਸਰਜਨਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਮੁੱਖ ਮੰਤਰੀ ਪੰਜਾਬ ਤੋਂ ਇਲਾਵਾ ਮੰਤਰੀ ਜਾਂ ਵੀਆਈਪੀਜ਼ ਨਾਲ ਐਂਬੂਲੈਂਸਾਂ ਦੀ ਤਾਇਨਾਤੀ ਨਾ ਕੀਤੀ ਜਾਵੇ। ਸਿਹਤ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਲੋਕਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਰਕਾਰੀ ਤੇ ਗ਼ੈਰ ਸਰਕਾਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨਿਰੰਤਰ ਮੈਡੀਕਲ ਕੈਂਪ ਲਾ ਕੇ ਦਵਾਈਆਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੈ, ਉੱਥੇ ਕਿਸ਼ਤੀਆਂ ਰਾਹੀਂ ਅਤੇ ਜਿਥੇ ਪਾਣੀ ਘੱਟ ਰਿਹਾ ਹੈ, ਉਥੇ ਐਂਬੂਲੈਂਸਾਂ ਰਾਹੀਂ ਲੋੜਵੰਦਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ 550 ਹਾਊਸ ਸਰਜਨਾਂ ਦੀ ਭਰਤੀ ਕੀਤੀ ਗਈ ਹੈ, ਜਿਨ੍ਹਾਂ ‘ਚੋਂ 10 ਹਾਊਸ ਸਰਜਨ ਜ਼ਿਲ੍ਹਾ ਰੂਪਨਗਰ ਵਿੱਚ ਐਂਮਰਜੈਸੀ ਸੇਵਾਵਾਂ ਲਈ ਲਗਾਏ ਗਏ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਪ੍ਰਵਾਨਗੀ ਮਗਰੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ 2 ਹਜ਼ਾਰ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਪ੍ਰਕਿਰਿਆ ਵੀ ਛੇਤੀ ਹੀ ਆਰੰਭ ਦਿੱਤੀ ਜਾਵੇਗੀ।

Check Also

ਕੰਗਣਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦਾ ਡਟਵਾਂ ਵਿਰੋਧ

ਐਸਜੀਪੀਸੀ ਵਲੋਂ ਸਿਨੇਮਾ ਘਰਾਂ ਦੇ ਬਾਹਰ ਕੀਤੇ ਗਏ ਰੋਸ ਪ੍ਰਦਰਸ਼ਨ ਅੰਮਿ੍ਰਤਸਰ/ਬਿਊਰੋ ਨਿਊਜ਼ ਭਾਜਪਾ ਦੀ ਸੰਸਦ …