ਸਮੁੱਚੇ ਕਲਾਕਾਰ ਜਗਤ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮਾਣਮੱਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਜੋ ਪਿਛਲੇ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਦਾ ਦਿਹਾਂਤ ਉਨਾਂ ਦੇ ਪਿੰਡ ਉਦੋ ਵਾਲੀ ਵਿਖੇ ਵੀਰਵਾਰ ਨੂੰ ਬਾਅਦ ਦੁਪਹਿਰ ਹੋ ਗਿਆ। ਅਮਰਜੀਤ ਗੁਰਦਾਸਪੁਰੀ ਦੀ ਉਮਰ 92 ਸਾਲ ਦੱਸੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਪਦਮਸ੍ਰੀ ਡਾ ਸੁਰਜੀਤ ਪਾਤਰ ਹੋਰਾਂ ਗੁਰਦਾਸਪੁਰੀ ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ. ਸੁਰਜੀਤ ਪਾਤਰ ਹੋਰਾਂ ਨੇ ਗੁਰਦਾਸਪੁਰੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਕਲਾ ਪਰਿਸ਼ਦ ਨੇ ਪਿਛਲੇ ਦਿਨੀਂ ਹੀ ਉਨਾਂ ਨੂੰ ‘ਗੌਰਵ ਪੰਜਾਬ’ ਪੁਰਸਕਾਰ ਦੇ ਕੇ ਨਿਵਾਜਿਆ ਸੀ। ਚੇਤੇ ਰਹੇ ਕਿ ਅਮਰਜੀਤ ਗੁਰਦਾਸਪੁਰੀ ਨੇ ਲੋਕ ਪੱਖੀ ਮੰਚਾਂ ਤੇ ਰੇਡੀਓ ਉਤੇ ਪੰਜਾਹ ਸਾਲ ਤੋਂ ਵਧੇਰੇ ਸਮਾਂ ਗਾਇਆ। ਅਮਰਜੀਤ ਗੁਰਦਾਸਪੁਰੀ ਦੇ ਦਿਹਾਂਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।