ਅਸ਼ੀਸ਼ ਮਿਸ਼ਰਾ ਨੇ ਕਿਸਾਨਾਂ ’ਤੇ ਚੜ੍ਹਾ ਦਿੱਤੀ ਸੀ ਗੱਡੀ
ਲਖਨਊ/ਬਿਊਰੋ ਨਿਊਜ਼
ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲ ਗਈ ਹੈ। ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਇਹ ਜ਼ਮਾਨਤ ਦਿੱਤੀ ਹੈ। ਅਸ਼ੀਸ਼ ਮਿਸ਼ਰਾ ’ਤੇ ਕਿਸਾਨਾਂ ਨੂੰ ਜੀਪ ਹੇਠਾਂ ਕੁਚਲਣ ਦਾ ਆਰੋਪ ਹੈ ਅਤੇ ਉਸ ਨੂੰ 9 ਅਕਤੂਬਰ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਯੂਪੀ ਦੇ ਜ਼ਿਲ੍ਹਾ ਲਖੀਮਪੁਰ ਖੀਰੀ ਦੇ ਪਿੰਡ ਤਿਕੁਨੀਆ ਵਿਚ ਲੰਘੀ 3 ਅਕਤੂਬਰ ਨੂੰ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਸਨ ਅਤੇ ਇਸੇ ਦੌਰਾਨ ਤਿੰਨ ਗੱਡੀਆਂ ਕਿਸਾਨਾਂ ’ਤੇ ਜਾ ਚੜ੍ਹੀਆਂ ਸਨ। ਜਿਨ੍ਹਾਂ ਵਿਚ ਇਕ ਥਾਰ ਜੀਪ, ਇਕ ਫਾਰਚੂਨਰ ਅਤੇ ਇਕ ਸਕਾਰਪਿਓ ਗੱਡੀ ਸ਼ਾਮਲ ਸੀ। ਇਨ੍ਹਾਂ ਵਿਚੋਂ ਇਕ ਗੱਡੀ ਵਿਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਮੁੰਡਾ ਅਸ਼ੀਸ਼ ਮਿਸ਼ਰਾ ਵੀ ਬੈਠਾ ਹੋਇਆ ਸੀ। ਇਸ ਦੌਰਾਨ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਦੀ ਜਾਨ ਚਲੇ ਗਈ ਸੀ ਅਤੇ ਇਸ ਤੋਂ ਬਾਅਦ ਹੋਈ ਹਿੰਸਾ ਦੌਰਾਨ ਚਾਰ ਹੋਰ ਵਿਅਕਤੀਆਂ ਦੀ ਵੀ ਮੌਤ ਹੋ ਗਈ ਸੀ। ਧਿਆਨ ਰਹੇ ਕਿ ਲਖੀਮਪੁਰ ਵਿਚ ਹੋਈ ਘਟਨਾ ਨੂੰ ਐਸਆਈਟੀ ਨੇ ਸੋਚੀ ਸਮਝੀ ਸਾਜਿਸ਼ ਦੱਸਿਆ ਸੀ ਅਤੇ ਇਸ ਮਾਮਲੇ ਵਿਚ 13 ਹੋਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਸੀ।